ਜਾਣੋ ਹੋਰ ਦੇਸ਼ਾਂ ਦਾ ਹਾਲ
ਵਾਸ਼ਿੰਗਟਨ : ਕੋਰੋਨਾ ਵਾਇਰਸ ਨੇ ਦੁਨੀਆ ਭਰ ਵਿਚ ਤਬਾਹੀ ਮਚਾਈ ਹੋਈ ਹੈ। ਕੋਵਿਡ-19 ਕਾਰਨ ਵਿਸ਼ਵ ਭਰ ਵਿਚ ਹੁਣ ਤੱਕ 64 ਹਜ਼ਾਰ ਤੋਂ ਜ਼ਿਆਦਾ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਅਤੇ 12 ਲੱਖ ਤੋਂ ਵੱਧ ਲੋਕ ਇਸ ਖਤਰਨਾਕ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ। ਇਟਲੀ ਵਿਚ ਕੋਰੋਨਾ ਵਾਇਰਸ ਦੇ ਨਵੇਂ ਗੰਭੀਰ ਮਾਮਲਿਆਂ ਵਿਚ ਥੋੜ੍ਹਾ ਮੋੜ ਪੈਣ ਲੱਗਾ ਹੈ ਪਰ ਮੌਤਾਂ ਦਾ ਸਿਲਸਿਲਾ ਹਾਲੇ ਜਾਰੀ ਹੈ। ਓਧਰ ਅਮਰੀਕਾ ਵਿਚ ਕੋਰੋਨਾ ਕਾਰਨ ਇਕ ਦਿਨ ਵਿਚ ਰਿਕਾਰਡ ਮੌਤਾਂ ਹੋਈਆਂ ਹਨ। ਅਮਰੀਕਾ ਵਿਚ ਬੀਤੇ 24 ਘੰਟਿਆਂ ਵਿਚ 1,500 ਲੋਕਾਂ ਦੀ ਮੌਤ ਹੋਈ ਹੈ। ਇੱਥੇ ਮ੍ਰਿਤਕਾਂ ਦੀ ਕੁੱਲ ਗਿਣਤੀ 8,476 ਹੋ ਗਈ ਹੈ ਅਤੇ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 3,08,850 ‘ਤੇ ਪੁੱਜ ਗਈ ਹੈ।
ਇਟਲੀ, ਸਪੇਨ
ਇਟਲੀ ਵਿਚ ਬੀਤੇ ਦਿਨ ਪਹਿਲੀ ਵਾਰ ਕੋਰੋਨਾ ਕਾਰਨ ਮੌਤਾਂ ਦੀ ਗਿਣਤੀ ਪਹਿਲਾਂ ਨਾਲੋਂ ਕੁਝ ਘੱਟ ਰਹੀ। ਸਿਵਲ ਪ੍ਰੋਟੈਕਸ਼ਨ ਸਰਵਿਸ ਦੇ ਮੁਖੀ ਮੁਤਾਬਕ 26 ਮਾਰਚ ਤੋਂ ਬਾਅਦ ਇਹ ਪਹਿਲਾ ਮੌਕਾ ਹੈ। ਉੱਥੇ ਹੀ, ਕੋਰੋਨਾ ਦੇ ਗੰਭੀਰ ਮਰੀਜ਼ਾਂ ਦੀ ਗਿਣਤੀ ਹੇਠਾਂ ਆਈ ਹੈ। ਸ਼ਨੀਵਾਰ ਨੂੰ 3,994 ਲੋਕ ਗੰਭੀਰ ਦੇਖਭਾਲ ਵਿਚ ਦਾਖਲ ਕੀਤੇ ਗਏ ਸਨ, ਜਦੋਂ ਕਿ ਇਸ ਤੋਂ ਪਿਛਲੇ ਦਿਨ 4,068 ਮਰੀਜ਼ ਗੰਭੀਰ ਦੇਖਭਾਲ ਵਿਚ ਦਾਖਲ ਹੋਏ ਸਨ। ਇਸ ਨਾਲ ਹਸਪਤਾਲਾਂ ਨੂੰ ਕੁਝ ਰਾਹਤ ਮਿਲੀ ਹੈ। ਇੱਥੇ ਹੁਣ ਤੱਕ ਕੁੱਲ ਮਿਲਾ ਕੇ 15,362 ਲੋਕਾਂ ਦੀ ਮੌਤ ਹੋ ਚੁੱਕੀ ਹੈ, ਬੀਤੇ 24 ਘੰਟਿਆਂ ਦੌਰਾਨ 681 ਲੋਕਾਂ ਦੀ ਮੌਤ ਹੋਈ ਹੈ ਅਤੇ ਹੁਣ 1,24,632 ਲੋਕ ਇਨਫੈਕਟਡ ਹਨ। ਸਪੇਨ ਵਿਚ ਇਟਲੀ ਤੋਂ ਥੋੜ੍ਹੇ ਵੱਧ ਮਾਮਲੇ ਦਰਜ ਕੀਤੇ ਗਏ ਹਨ। ਸਪੇਨ ਵਿਚ 1,26,168 ਲੋਕ ਇਨਫੈਕਟਡ ਹਨ ਅਤੇ ਇੱਥੇ 11,947 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਚੀਨ, ਜਰਮਨੀ, ਪਾਕਿਸਤਾਨ
ਕੋਰੋਨਾ ਵਾਇਰਸ ਪੀੜਤਾਂ ਦੇ ਮਾਮਲੇ ਵਿਚ ਜਰਮਨੀ ਨੇ ਚੀਨ ਨੂੰ ਪਛਾੜ ਦਿੱਤਾ ਹੈ। ਜਰਮਨੀ ਵਿਚ ਕੋਰੋਨਾ ਪੀੜਤਾਂ ਦੇ 96,092 ਮਾਮਲੇ ਹੋ ਗਏ ਹਨ। ਉੱਥੇ ਹੀ ਚੀਨ ਵਿਚ ਕੁੱਲ 82,543 ਮਾਮਲੇ ਸਾਹਮਣੇ ਆਏ ਹਨ। ਇਸ ਵਿਚਕਾਰ ਪਾਕਿਸਤਾਨ ਵਿਚ 2,800 ਮਾਮਲੇ ਹੋ ਗਏ ਹਨ, ਜਿਸ ਵਿਚੋਂ 1,133 ਕੋਰੋਨਾ ਵਾਇਰਸ ਮਾਮਲੇ ਸਿਰਫ ਪੰਜਾਬ ਦੇ ਹਨ। ਪਾਕਿਸਤਾਨ ਵਿਚ ਹੁਣ ਤੱਕ 44 ਲੋਕਾਂ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ।
ਰੂਸ
ਰੂਸ ਵਿਚ ਹੁਣ ਤੱਕ 4,731 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹੋ ਚੁੱਕੇ ਹਨ। ਇਸ ਦੇ ਨਾਲ ਹੀ ਹੁਣ ਤੱਕ 43 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰੂਸ ਨੇ ਅਮਰੀਕਾ ਅਤੇ ਯੂਰਪ ਵਾਂਗ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਲਾਕਡਾਊਨ ਕਰ ਦਿੱਤਾ ਹੈ ਪਰ ਫਿਰ ਵੀ ਕੋਰੋਨਾ ਪੀੜਤਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇੱਥੇ ਪਿਛਲੇ 24 ਘੰਟੇ ਵਿਚ 582 ਨਵੇਂ ਕੇਸ ਸਾਹਮਣੇ ਆਏ ਹਨ।
ਆਸਟ੍ਰੇਲੀਆ, ਕੈਨੇਡਾ
ਆਸਟ੍ਰੇਲੀਆ ਵਿਚ ਪੀੜਤਾਂ ਦੀ ਗਿਣਤੀ 5,300 ਨੂੰ ਪਾਰ ਕਰ ਗਈ ਹੈ ਅਤੇ 30 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੈਨੇਡਾ ਵਿਚ 234 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕੋਰੋਨਾ ਨਾਲ ਪੀੜਤ ਮਾਮਲਿਆਂ ਦੀ ਗਿਣਤੀ 13 ਹਜ਼ਾਰ ਤੋਂ ਪਾਰ ਹੋ ਗਈ ਹੈ। ਕੈਨੇਡਾ ਦੇ ਸੂਬੇ ਓਂਟਾਰੀਓ ਵਿਚ ਕੁੱਲ 94 ਮੌਤਾਂ ਹੋ ਚੁੱਕੀਆਂ ਹਨ। 75 ਕਿਊਬਿਕ ਵਿਚ ਅਤੇ 38 ਬੀ. ਸੀ. ਵਿਚ ਹੋਈਆਂ ਹਨ। ਅਲਬਰਟਾ ਵਿਚ 20 ਲੋਕਾਂ ਦੀ ਜਾਨ ਜਾ ਚੁੱਕੀ ਹੈ। ਆਸਟ੍ਰੇਲੀਆ ਵਿਚ ਸਭ ਤੋਂ ਵੱਧ ਮਾਮਲੇ ਨਿਊ ਸਾਊਥ ਵੇਲਜ਼ ਵਿਚ ਰਿਪੋਰਟ ਹੋਏ ਹਨ। ਨਿਊ ਸਾਊਥ ਵੇਲਜ਼ ਵਿਚ 12 ਲੋਕਾਂ ਦੀ ਮੌਤ ਹੋ ਚੁੱਕੀ ਹੈ।
Home ਤਾਜਾ ਜਾਣਕਾਰੀ USA ਵਿਚ 24 ਘੰਟੇ ਚ ਹੋ ਗਈਆਂ ਰਿਕਾਰਡ ਮੌਤਾਂ ਇਟਲੀ ‘ਚ ਪੈਣ ਲੱਗਾ ਮੋੜਾ-ਜਾਣੋ ਹੋਰ ਦੇਸ਼ਾਂ ਦਾ ਹਾਲ
ਤਾਜਾ ਜਾਣਕਾਰੀ