ਬੱਚਿਆਂ ਦੀ ਬਹਾਦੁਰੀ ਦੇ ਮਾਮਲੇ ਅਕਸਰ ਦੇਖਣ-ਸੁਣਨ ਨੂੰ ਮਿਲਦੇ ਹਨ। ਅਜਿਹਾ ਹੀ ਇਕ ਮਾਮਲਾ ਕੈਨੇਡਾ ਦੇ ਸ਼ਹਿਰ ਸਾਸਕਾਟੂਨ ਦਾ ਸਾਹਮਣੇ ਆਇਆ ਹੈ। ਇੱਥੇ ਦੋ ਭਰਾਵਾਂ ਨੇ ਬਹਾਦੁਰੀ ਦਿਖਾਉਂਦੇ ਹੋਏ ਆਪਣੀ ਦਾਦੀ ਦੀ ਜਾਨ ਬਚਾ ਲਈ। ਇਸ ਲਈ ਦੋਹਾਂ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ। ਪੈਟੀ ਚਿਟਰਸਨ ਬੀਤੇ ਹਫਤੇ ਆਪਣੇ ਦੋ ਪੋਤਿਆਂ ਨਾਲ ਘਰ ਵਿਚ ਫਿਲਮ ਦੇਖ ਰਹੀ ਸੀ। ਫਿਲਮ ਸ਼ੁਰੂ ਹੋਣ ਦੇ ਕਰੀਬ 5 ਮਿੰਟ ਬਾਅਦ ਹੀ 62 ਸਾਲਾ ਪੈਟੀ ਨੂੰ ਦਿਲ ਦਾ ਦੌਰਾ ਪੈ ਗਿਆ। ਉਹ ਬੇਹੋਸ਼ ਹੋਣ ਲੱਗੀ। ਦੋਹਾਂ ਬੱਚਿਆਂ ਨੇ ਸੀ.ਪੀ.ਆਰ. (ਬਣਾਉਟੀ ਸਾਹ) ਦੇ ਕੇ ਉਸ ਦੀ ਜਾਨ ਬਚਾਈ।
ਚੈਟਰਸਨ ਨੂੰ ਦਿਲ ਦਾ ਦੌਰਾ ਪੈਣ ਦੇ ਬਾਅਦ 7 ਸਾਲਾ ਗ੍ਰੈਸਨ ਨੂੰ ਲੱਗਾ ਕਿ ਕੁਝ ਗੜਬੜ ਹੈ। ਉਸ ਨੇ ਦਾਦੀ ਦੀ ਨਬਜ਼ ਦੇਖੀ ਅਤੇ ਉਸ ਕੋਲੋਂ ਕੁਝ ਸਵਾਲ ਪੁੱਛਣੇ ਸ਼ੁਰੂ ਕੀਤੇ। ਜਦੋਂ ਪੈਟੀ ਨੇ ਕੋਈ ਜਵਾਬ ਨਾ ਦਿੱਤਾ ਉਸ ਨੇ ਸੀ.ਪੀ.ਆਰ. ਦੇਣੀ ਸ਼ੁਰੂ ਕੀਤੀ। ਇਸ ਦੌਰਾਨ ਦੋਵੇਂ ਭਰਾ ਜਰਾ ਜਿੰਨਾ ਵੀ ਨਹੀਂ ਘਬਰਾਏ। ਇਸ ਵਿਚਕਾਰ ਉਨ੍ਹਾਂ ਨੇ ,,,,,,ਆਪਣੇ ਮਾਤਾ-ਪਿਤਾ ਨੂੰ ਫੋਨ ਕੀਤਾ ਪਰ ਦੋਹਾਂ ਵਿਚੋਂ ਕਿਸੇ ਨੇ ਵੀ ਫੋਨ ਨਹੀਂ ਚੁੱਕਿਆ। ਗ੍ਰੈਸਨ ਦੇ ਵੱਡੇ ਭਰਾ ਕਿਯਾਨ (10) ਨੇ ਐਮਰਜੈਂਸੀ ਨੰਬਰ 911 ‘ਤੇ ਮਦਦ ਲਈ ਫੋਨ ਕੀਤਾ। ਜਦੋਂ ਤੱਕ ਐਮਰਜੈਂਸੀ ਅਧਿਕਾਰੀ ਪਹੁੰਚਦੇ ਦੋਵੇਂ ਭਰਾ ਆਪਣੀ ਦਾਦੀ ਦੀ ਜਾਨ ਬਚਾ ਚੁੱਕੇ ਸਨ। 4 ਦਿਨ ਬਾਅਦ ਜਦੋਂ ਪੈਟੀ ਦੀ ਅੱਖ ਖੁੱਲ੍ਹੀ ਤਾਂ ਉਹ ਹਸਪਤਾਲ ਵਿਚ ਲਾਈਫ ਸਪੋਰਟਸ ਸਿਸਟਮ ‘ਤੇ ਸੀ।
ਉਂਝ ਪੈਟੀ ਖੁਦ ਨਰਸ ਰਹਿ ਚੁੱਕੀ ਹੈ। ਉਸ ਨੇ ਦੱਸਿਆ,”ਅਚਾਨਕ ਮੈਨੂੰ ਦਿਲ ਦਾ ਦੌਰਾ ਪਿਆ ਅਤੇ ਮੇਰਾ ਸਿਰ ਪਿੱਛੇ ਵੱਲ ਝੁੱਕਣ ਲੱਗਾ। ਮੇਰਾ ਮੂੰਹ ਵੀ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ। ਮੈਨੂੰ ਅਚਾਨਕ ਅਜੀਬ ਅਵਾਜ਼ਾਂ ਸੁਣਨ ਲੱਗੀਆਂ ਅਤੇ ਮੈਂ ਬੇਹੋਸ਼ ਹੋਣ ਲੱਗੀ। ਇਸ ਮਗਰੋਂ ਕੀ ਹੋਇਆ ਮੈਨੂੰ ਯਾਦ ਨਹੀਂ।” ਪੈਟੀ ਆਪਣੇ ਪੋਤਿਆਂ ਬਾਰੇ ਦੱਸਦੀ ਹੈ,”ਦੋਹਾਂ ਬੱਚਿਆਂ ਨੇ ਹੈਰਾਨ ਕਰ ਦੇਣ ਵਾਲਾ ਕੰਮ ਕੀਤਾ ਹੈ। ਉਹ ਇਸ ਦੌਰਾਨ ਕਾਫੀ ਸ਼ਾਂਤ ਰਹੇ। ਮੇਰੀ ਬੇਟੀ ਮਤਲਬ ਬੱਚਿਆਂ ਦੀ ਮਾਂ ਵੀ ਨਰਸ ਹੈ। ਉਸ ਨੇ ਕੁਝ ਦਿਨ ਪਹਿਲਾਂ ਹੀ ਦੋਹਾਂ ਬੱਚਿਆਂ ਨੂੰ ਜਾਨ ਬਚਾਉਣ ਦੇ ਤਰੀਕੇ ਬਾਰੇ ਵਿਸਥਾਰ ਨਾਲ ਦੱਸਿਆ ਸੀ।”
ਭਾਵੇਂਕਿ ਪੈਟੀ ਹੁਣ ਹਸਪਤਾਲ ਤੋਂ ਘਰ ਆ ਚੁੱਕੀ ਹੈ ਅਤੇ ਕਾਫੀ ਬਿਹਤਰ ਮਹਿਸੂਸ ਕਰ ਰਹੀ ਹੈ। ਹੁਣ ਉਨ੍ਹਾਂ ਨਾਲ ਇਕ ਡਿਵਾਈਸ ਲਗਾਇਆ ਗਿਆ ਹੈ ਜੋ ਦਿਲ ਸਬੰਧੀ ਕੋਈ ਵੀ ਪਰੇਸ਼ਾਨੀ ਹੋਣ ਜਾਂ ਧੜਕਨ ਘੱਟ ਹੋਣ ‘ਤੇ ਚਿਤਾਵਨੀ ਦੇ ਦੇਵੇਗਾ। ਮੰਗਲਵਾਰ ਨੂੰ ਸਾਸਕਾਟੂਨ ਪੈਰਾ ਮੈਡੀਕਲ ਅਧਿਕਾਰੀਆਂ ਨੇ ਕਿਯਾਨ ਅਤੇ ਗ੍ਰੇਸਨ ਲਈ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ। ਇਸ ਸਮਾਗਮ ਵਿਚ ਦੋਹਾਂ ਨੂੰ ਉਨ੍ਹਾਂ ਦੀ ਬਹਾਦੁਰੀ ਲਈ ਸਨਮਾਨਿਤ ਕੀਤਾ ਗਿਆ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ