ਚਵਰ – ਤਖ਼ਤ ਦੇ ਮਾਲਕ , ਹਾਜ਼ਰਾ – ਹਜ਼ੂਰ , ਸਰਬ ਕਲਾ ਭਰਪੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇਵਲ ਸਿੱਖ ਧਰਮ ਦੇ ਹੀ ਨਹੀਂ , ਸਗੋਂ ਸਮੁੱਚੀ ਮਾਨਵਤਾ ਦਾ ਕਲਿਆਣ ਕਰਨ ਵਾਲੇ ਪਾਵਨ ਧਰਮ ਗ੍ਰੰਥ ਹਨ । ਇਸ ਮਹਾਨ ਪਾਵਨ ਗ੍ਰੰਥ ਦੀ ਵਡਿਆਈ ਇਸ ਵਿਚ ਵੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਬ – ਸਾਂਝੇ ਅਤੇ ਕਲਿਆਣਕਾਰੀ ਉਪਦੇਸ਼ਾਂ ਤੋਂ ਸਰਬੱਤ ਦੇ ਭਲੇ ਦਾ ਪੈਗ਼ਾਮ ਸਮੁੱਚੀ ਮਨੁੱਖਤਾ ਨੂੰ ਨਸੀਬ ਹੁੰਦਾ ਹੈ ।
ਸਮੁੱਚੇ ਸੰਸਾਰ ਦੇ ਧਰਮ ਗ੍ਰੰਥਾਂ ਵਿੱਚੋਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਅਜਿਹਾ ਧਰਮ ਗ੍ਰੰਥ ਹੈ , ਜਿਸ ਨੂੰ ਗੁਰੂ ਸਾਹਿਬਾਨ ਨੇ ਆਪਣੇ ਕਰ – ਕਮਲਾਂ ਨਾਲ ਸੰਪਾਦਿਤ ਕੀਤਾ ਹੈ । ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਆਰੰਭਤਾ ਨਿਰੰਕਾਰ ਦੁਆਰਾ ਸ੍ਰੀ ਗੁਰੂ ਨਾਨਕ ਸਾਹਿਬ ਅਤੇ ਦੂਸਰੇ ਗੁਰੂ ਸਾਹਿਬਾਨ ਨੂੰ ਆਵੇਸ਼ ਹੋਈ ਬਾਣੀ ਨਾਲ ਹੁੰਦਾ ਹੈ । ਇਸ ਤੋਂ ਬਿਨਾਂ ਗੁਰੂ ਸਾਹਿਬਾਨ ਵੱਲੋਂ ਭਗਤਾਂ , ਭੱਟਾਂ ਅਤੇ ਹੋਰ ਬਾਣੀਕਾਰਾਂ ਦੇ ਬਚਨਾਂ ਨੂੰ ਜੋ ਪ੍ਰਭੂ ਦੀ ਯਾਦ ਦਿਵਾਉਂਦੇ ਹਨ , ਸਾਂਭ – ਸੰਭਾਲ ਲਿਆ ਗਿਆ । ਸ੍ਰੀ ਗੁਰੂ ਨਾਨਕ ਸਾਹਿਬ ਨੇ ਇਹ ਪਾਵਨ ਬਚਨ ‘ਪੋਥੀ’ ਰੂਪ ਵਿਚ ਲਿਖ ਦਿੱਤੇ ਸਨ ।
ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਗੁਰਗੱਦੀ ਉੱਤੇ ਬਿਰਾਜਮਾਨ ਹੋਏ ਤਾਂ ਇਸ ਪੋਥੀ ਦੀ ਸੌਂਪਣਾ ਵੀ ਉਨ੍ਹਾਂ ਨੂੰ ਕਰ ਦਿੱਤੀ । ਆਤਮ – ਤ੍ਰਿਪਤੀ ਤੇ ਨਿਰੰਕਾਰ ਦੇ ਦਰਸ਼ਨ ਕਰਾਉਣ ਵਾਲੇ ਇਨ੍ਹਾਂ ਅੰਮ੍ਰਿਤ ਬਚਨਾਂ ਦਾ ਪ੍ਰਵਾਹ ਸ੍ਰੀ ਗੁਰੂ ਅੰਗਦ ਸਾਹਿਬ , ਸ੍ਰੀ ਗੁਰੂ ਅਮਰਦਾਸ ਸਾਹਿਬ , ਸ੍ਰੀ ਗੁਰੂ ਰਾਮਦਾਸ ਸਾਹਿਬ ਅਤੇ ਸ੍ਰੀ ਗੁਰੂ ਅਰਜਨ ਸਾਹਿਬ ਤਕ ਨਿਰੰਤਰ ਚੱਲਦਾ ਰਿਹਾ । ਇਹ ਪਾਵਨ ਬਚਨ ਪੋਥੀ ਰੂਪ ਵਿਚ ਇਕ ਗੁਰੂ ਤੋਂ ਬਾਅਦ ਦੂਜੇ ਗੁਰੂ ਸਾਹਿਬਾਨ ਤੋਂ ਹੁੰਦੇ ਹੋਏ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਪ੍ਰਾਪਤ ਹੋਏ । ਸ਼ਾਂਤੀ ਦੇ ਪੁੰਜ , ਸ਼ਹੀਦਾਂ ਦੇ ਸਿਰਤਾਜ ਅਤੇ ਰਹਿਮਤਾਂ ਦੇ ਦਾਤੇ ਸਤਿਗੁਰੂ ਜੀ ਨੇ ਮਨੁੱਖਤਾ ਦਾ ਦੁੱਖ ਹਰਨ ਲਈ ਭਗਤਾਂ , ਭੱਟਾਂ ਅਤੇ ਗੁਰੂ – ਘਰ ਵੱਲੋਂ ਵਰੋਸਾਏ ਸਿੱਖਾਂ ਦੀ ਬਾਣੀ ਨੂੰ ਇਕੱਤਰ ਕਰਨ ਮਗਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ‘ਆਦਿ ਗ੍ਰੰਥ’ ਦਾ ਸੰਕਲਨ ਕੀਤਾ ।
ਭਾਈ ਗੁਰਦਾਸ ਜੀ , ਜੋ ਗੁਰਮਤਿ ਦੇ ਉੱਘੇ ਵਿਦਵਾਨ ਤੇ ਮੁਖੀ ਪ੍ਰਬੰਧਕਾਂ ਵਿੱਚੋਂ ਇਕ ਸਨ , ਨੇ ਰਾਮਸਰ ਸਰੋਵਰ ਦੇ ਰਮਣੀਕ ਕਿਨਾਰੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਅਗਵਾਈ ਹੇਠ ਪਾਵਨ ਬੀੜ ਨੂੰ ਲਿਖਣ ਦੀ ਸੇਵਾ ਨਿਭਾਈ ਗੁਰੂ ਸਾਹਿਬ ਨੇ ਸਮੁੱਚੀ ਬਾਣੀ ਨੂੰ ਰਾਗਾਂ ਵਿਚ ਤਰਤੀਬ ਅਨੁਸਾਰ ਲਿਖਵਾਇਆ । ਗੁਰੂ ਸਾਹਿਬ ਦੀ ਬਾਣੀ ਮਹਲਾ 1 , 2 , 3 , 4 , 5 ਆਦਿ ਕ੍ਰਮ ਅਨੁਸਾਰ ਦਰਜ ਕਰਨ ਪਿੱਛੋਂ ਭਗਤਾਂ ਦੀ ਬਾਣੀ ਨੂੰ ਦਰਜ ਕੀਤਾ ਗਿਆ ।
ਸੰਪਾਦਨਾ ਦਾ ਇਹ ਮਹਾਨ ਕਾਰਜ ਸੰਮਤ 1661 ਬਿਕ੍ਰਮੀ ( 1604 ਈ : ) ਨੂੰ ਸੰਪੰਨ ਹੋਇਆ । ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇਸੇ ਸਾਲ ਹੀ ਭਾਦਰੋਂ ਸੁਦੀ ਏਕਮ ਵਾਲੇ ਦਿਨ ਬਾਬਾ ਬੁੱਢਾ ਜੀ ਦੇ ਸੀਸ ਉੱਪਰ ਬਿਰਾਜਮਾਨ ਕਰ ਨਗਰ ਕੀਰਤਨ ਦੇ ਰੂਪ ਵਿਚ ਸੰਗਤਾਂ ਦੀ ਸ਼ਮੂਲੀਅਤ ਨਾਲ ਸਤਿਨਾਮੁ – ਵਾਹਿਗੁਰੂ ਦਾ ਜਾਪ ਕਰਦੀਆਂ , ਫੁੱਲਾਂ ਦੀ ਵਰਖਾ ਕਰਦੇ ਹੋਏ , ਪੂਰਨ ਸ਼ਰਧਾ , ਸਤਿਕਾਰ ਅਤੇ ਪਿਆਰ ਨਾਲ ਸੁੰਦਰ ਪੀੜ੍ਹੇ ’ਤੇ ਸੁਭਾਇਮਾਨ ਕੀਤਾ ਗਿਆ ।
ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹਾਜ਼ਰੀ ਵਿਚ ਸਮੂਹ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਬਿਰਾਜਮਾਨ ਹੋ ਗਈਆਂ । ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਥਾਪੇ ਗਏ । ਬਾਬਾ ਬੁੱਢਾ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਥਮ ਪ੍ਰਕਾਸ਼ ਕਰਕੇ ਉਪਰੰਤ ਹੁਕਮਨਾਮਾ ਲਿਆ , ਉਸ ਸਮੇਂ ਜੋ ਹੁਕਮਨਾਮਾ ਸੰਗਤਾਂ ਨੂੰ ਪ੍ਰਾਪਤ ਹੋਇਆ ਉਹ ਇਹ ਸੀ : ਸੰਤਾ ਕੇ ਕਾਰਜਿ ਆਪਿ ਖਲੋਇਆ… ਹਰਿ ਕੰਮੁ ਕਰਾਵਣਿ ਆਇਆ ਰਾਮ ॥ ( ਪੰਨਾ 783 )
ਵਾਇਰਲ