ਮਾਸਟਰ ਜਸਵੰਤ ਸਿੰਘ ਜਦੋਂ ਵੀ ਪਿੰਡ ਵਿੱਚ ਸਿਆਲ ਰੁੱਤੇ ਵਿਦੇਸ਼ਾ ਤੋਂ ਆਏ ਲੋਕਾਂ ਦੀਆਂ ਗੱਲਾਂ ਸੁਣਦਾ ਤੇ ਉਹਨਾਂ ਦੇ ਛੋਟੇ – ਛੋਟੇ ਬੱਚੇ ਗਿੱਟ-ਬਿੱਟ ਅੰਗਰੇਜ਼ੀ ਬੋਲਦੇ ਦੇਖਦਾ ਤਾਂ ਉਸਦਾ ਮਨ ਕਾਹਲਾ ਪੈਣ ਲੱਗਦਾ,ਤੇ ਸੋਚਦਾ ਕਿ ਕਦੋਂ ਉਹ ਵਖਤ ਆਵੇ ਤੇ ਉਹ ਇਹਨਾਂ ਸਵਰਗ ਚੋਂ ਆਏ ਲੋਕਾਂ ਦੀ ਦੁਨੀਆਂ ਚ ਜਾ ਬੈਠੇ ! ਮਾਸਟਰ ਦੇ ਆਪਣੇ ਤਿੰਨ ਬੱਚੇ ਸਨ | ਇੱਕ ਲੜਕੀ ਹਰਦੀਪ ਤੇ ਜਗਪਰੀਤ ਤੇ ਮਨਪਰੀਤ ਦੋ ਲੜਕੇ | ਆਪਣੇ ਨਿਆਣਿਆਂ ਦੇ ਸੋਹਣੇ ਨੈਣ ਨਕਸ਼ਾ ਨੂੰ ਤੱਕਦਾ ਤਾਂ ਮਾਸਟਰ ਨੂੰ ਉਸ ਸਵਰਗ ਦਾ ਪੈਂਡਾ ਬਹੁਤ ਘੱਟ ਲੱਗਦਾ | ਤਿੰਨੇ ਬੱਚਿਆਂ ਵਿੱਚੋ ਵੱਡੀ ਤੇ ਬੇਹੱਦ ਸੋਹਣੀ ਆਪਣੀ ਧੀ, ਮਾਸਟਰ ਨੂੰ ਪੂਰੇ ਪਰਿਵਾਰ ਲਈ ਸਵਰਗ ਦਾ ਟਿਕਟ ਦਿਖਾਈ ਦਿੰਦੀ | ਹਰਦੀਪ, ਲਾਇਲਪੁਰ ਖਾਲਸਾ ਕਾਲਿਜ ਜਲੰਧਰ ਚ ਹਾਲੇ ਬੀ ਕਾਮ ਦੇ ਸੈਕੰਡ ਈਅਰ ਚ ਹੀ ਸੀ ਜਦੋਂ ਮਾਸਟਰ ਨੇ ਹਰਦੀਪ ਦਾ ਰਿਸ਼ਤਾ ਕੈਨੇਡਾ ਤੋ ਆਏ ਲੜਕੇ ਨਾਲ ਪੱਕਾ ਕਰ ਦਿੱਤਾ, ਕਿਸੇ ਨੇ ਉਸਦੀ ਪਸੰਦ ਨਾਂ ਪਸੰਦ ਬਾਰੇ ਇੱਕ ਨਾ ਸੁਣੀ |ਕੁਝ ਹੀ ਦਿਨਾਂ ਵਿੱਚ ਵਿਆਹ ਕਰ ਹਰਦੀਪ ਨੂੰ ਕੇਨੇਡਾ ਵਾਲੀ ਬਣਾ ਦਿੱਤਾ ਗਿਆ ਤੇ ਕੁਝ ਕੁ ਮਹੀਨਿਆਂ ਦੇ ਵਕਫੇ ਬਾਅਦ ਹਰਦੀਪ ਕੈਨੇਡਾ ਪਹੁੰਚ ਗਈ |
ਧੀ ਦੇ ਕੈਨੇਡਾ ਪਹੁੰਚਣ ਤੇ ਮਾਸਟਰ ਨੂੰ ਪੂਰੇ ਪਰਿਵਾਰ ਦੀ ਕੈਨੇਡਾ ਦੀ ਟਿਕਟ ਆਪਣੇ ਹੱਥ ਚ ਫੜੀ ਨਜ਼ਰ ਆਉਣ ਲੱਗੀ | ਪਰ ਦੂਜੇ ਪਾਸੇ ਹਰਦੀਪ ਆਪਣੇ ਆਪ ਨੂੰ ਆਪਣੇ ਪਿਉ ਦੀ ਕੈਨੇਡਾ ਦੀ ਲਾਲਸਾ ਚ ਬਣੀ ਬਲੀ ਦਾ ਬਕਰਾ ਦਿਨ ਰਾਤ ਮਹਿਸੂਸ ਕਰਦੀ, ਸੋਚਦੀ ਕਿ ਇਸ ਲਿੱਪੀ ਪੋਚੀ ਜ਼ਿੰਦਗੀ ਤੇ ਡਾਲਰਾਂ ਦੀ ਦੌੜ ਵਿੱਚ ਗੁਆਚੀ ਲੋਕਾਈ ਵਿੱਚੋਂ ਆਪਣੇ ਰੂਹ ਦਾ ਹਾਣੀ ਕਿਵੇਂ ਲੱਭੇ ! ਕਿੱਥੋਂ ਲੱਭੇ ਉਹ ਦਿਲ ਦਾ ਸਾਂਝੀ, ਜਿਸਦੇ ਮੋਢੇ ਤੇ ਆਪਣਾ ਸਿਰ ਰੱਖ ਕੇ ਰੋ ਸਕੇ ਤੇ ਦਿਨ ਰਾਤ ਜ਼ਿਬਾਹ ਹੁੰਦੀ ਆਪਣੀ ਰੂਹ ਦਾ ਕੁਰਲਾਪ ਸੁਣਾ ਸਕੇ ! ਦਿਨ ਮਹੀਨੇ ਸਾਲ ਬੀਤੇ ਤਾਂ ਮਾਸਟਰ ਜਸਵੰਤ ਵੀ ਪੂਰੇ ਪਰਿਵਾਰ ਨਾਲ ਧੀ ਵੱਲੋਂ ਦੁਆਈ ਕੈਨੇਡਾ ਦੀ ਇੰਮੀਂਗਰੇਸ਼ਨ ਲੈ, ਆਪਣੀ ਧੀ ਹਰਦੀਪ ਪਾਸ ਵੈਨਕੂਵਰ ਆ ਪਹੁੰਚਿਆਂ | ਮਾਸਟਰ ਜਸਵੰਤ ਨੇ ਸਕਿਉਰਿਟੀ ਗਾਰਡ ਤੇ ਮੁੰਡਿਆਂ ਨੇ ਘਰਾਂ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ |
ਮਾਸਟਰਨੀ ਦੀ ਸੇਹਤ ਜਿਆਦਾ ਠੀਕ ਨਾ ਰਹਿੰਦੀ ਪਰ ਫਿਰ ਵੀ ਉਹ ਗਰਮੀਆਂ ਦੀ ਰੁੱਤ ਫਾਰਮਾਂ ਚ ਬੇਰੀਆਂ ਤੋੜਨ ਜਾਂਦੀ ਹਾਲੇ ਸਾਲ ਕੁ ਲੰਘਿਆ ਸੀ ਕਿ ਮਾਸਟਰ ਨੇ ਦੋਨਾਂ ਮੁੰਡਿਆਂ ਦਾ ਵਿਆਹ ਇੰਡੀਆ ਕਰ ਆਉਣ ਬਾਰੇ ਸੋਚਿਆ, ਇਕੋ ਘਰੋਂ ਦੋ ਸਕੀਆਂ ਭੈਣਾ ਦਾ ਰਿਸ਼ਤਾ ਲੈ ਮਾਸਟਰ ਨੇ ਦੋਵੇਂ ਮੁੰਡੇ ਵਿਆਹ ਦਿੱਤੇ | ਮਾਸਟਰ ਨੇ ਕੈਨੇਡਾ ਚ ਰਿਸ਼ਤਿਆਂ ਵਿਚਲੀਆਂ ਤਰੇੜਾ ਨੂੰ ਭਾਂਪਦੇ ਹੋ ਸੋਚਿਆਂ ਕਿ ਨੂੰਹਾਂ ਦੇ ਸਕੀਆਂ ਭੈਣਾਂ ਹੋਣ ਨਾਲ ਪਰਿਵਾਰ ਦਾ ਆਪਸੀ ਪਿਆਰ ਤੇ ਏਕਾ ਬਣਿਆ ਰਹੇਗਾ| ਦੋਨੋਂ ਨੂੰਹਾਂ (ਦਿਲਜੀਤ ਤੇ ਸੁੱਖਜੀਤ) ਕੁਝ ਕੁ ਮਹੀਨਿਆਂ ਚ ਹੀ ਇੰਮੀਗਰੇਸ਼ਨ ਲੈ ਕੈਨੇਡਾ ਦੀ ਧਰਤੀ ਤੇ ਆ ਉਤਰੀਆਂ, ਮੁੰਡਿਆਂ ਨੇ ਨਵਾਂ ਘਰ ਲਿਆ ਤਾਂ ਮਾਸਟਰ ਤੋਂ ਮਨ ਹੀ ਮਨ ਆਪਣੀ ਖੁਸ਼ੀ ਚੁੱਕੀ ਨਹੀਂ ਜਾ ਰਹੀ ਸੀ ਪਰ ਦੂਜੇ ਪਾਸੇ ਮਨ ਅੰਦਰ ਇਹ ਦੇਖ ਡਰ ਪੈਦਾ ਹੋ ਰਿਹਾ ਸੀ ਕਿ ਦੋਵੇਂ ਮੁੰਡੇ ਦਿਨੋਂ ਦਿਨ ਬਹੂਆਂ ਦੇ ਗੁਲਾਮ ਬਣਦੇ ਜਾ ਰਹੇ ਸਨ ਜਿਆਦਾ ਦਿਨ ਨਹੀਂ ਪਏ ਕਿ ਮਾਸਟਰ ਦਾ ਡਰ ਸੱਚ ਚ ਬਦਲਣਾ ਸ਼ੁਰੂ ਹੋ ਗਿਆ, ਬਹੂਆਂ ਲਈ ਸੱਸ ਸੋਹਰੇ ਦਾ ਰੋਟੀ -ਟੁੱਕ ਬਣਾਉਣਾ ਵੀ ਭਾਰੀ ਹੋ ਗਿਆ ਤੇ ਮੁੰਡਿਆਂ ਲਈ ਮਾਂ-ਬਾਪ ਲਈ ਗਰੋਸਰੀਂ ਖਰੀਦਣਾ ਮਹਿੰਗਾ ਹੋ ਗਿਆ|
ਮਾਸਟਰ ਨੇ ਆਪਣਾ ਮਨ ਸਮਝਾ , ਆਪਣੇ ਤੇ ਪਤਨੀ ਲਈ ਆਪ ਗਰੋਸਰੀ ਖਰੀਦਣੀ ਸ਼ੁਰੂ ਕਰ ਦਿੱਤੀ | ਦੋਨੋਂ ਜੀਅ ਉਡੀਕ ਕਰਦੇ ਕਿ ਕਦੋਂ ਚੁੱਲਾ ਵੇਹਲਾ ਹੋਵੇ ਤੇ ਉਹ ਆਪਣਾ ਰੋਟੀ ਪਾਣੀ ਬਣਾਉਣ | ਦਿਨ ਬੀਤ ਦੇ ਗਏ ..ਸਿਆਲਾ ਦੇ ਦਿਨ ਸਨ , ਮਾਸਟਰਨੀ (ਸੁਰਜੀਤ ਕੌਰ) ਦੀ ਸੇਹਤ ਠੀਕ ਨਹੀਂ ਸੀ ਪਰ ਫਿਰ ਵੀ ਕੁਝ ਕੰਮ ਸਨ ਜੋ ਕਰੇ ਬਿਨਾਂ ਨਹੀਂ ਸੀ ਸਰਦਾ, ਕਪੜੇ ਚੁੱਕ, ਕੱਪੜੇ ਧੋਣ ਵਾਲੀ ਮਸ਼ੀਨ ਚ ਉਸ ਨੇ ਪਾਏ ਹੀ ਸਨ ਕਿ ਛੋਟੀ ਬਹੂ ਨੇ ਆ ਝਗੜਾ ਸ਼ੁਰੂ ਕਰ ਦਿੱਤਾ ਕਿ ਪਹਿਲਾਂ ਕੱਪੜੇ ਉਸਨੇ ਧੋਣੇ ਸਨ, ਸੁਰਜੀਤ ਕੁਰ ਨੇ ਬਥੇਰਾ ਕਿਹਾ ਪੁੱਤ ਮੇਰੇ ਤੋਂ ਗਲਤੀ ਹੋ ਗਈ,ਮੈਂ ਤੈਨੂੰ ਪੁੱਛਣਾ ਭੁੱਲ ਗਈ | ਮੈਂ ਕੱਢ ਲੈਂਦੀ ਹਾਂ |ਪਰ ਬਹੂ ਤਾਂ ਉਸਦੀ ਇਕ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ, ਉਹ ਤੇ ਜਿਵੇਂ ਪੂਰੀ ਲੜਾਈ ਦੀ ਤਿਆਰੀ ਕਰ ਕੇ ਆਈ ਸੀ |
ਐਨੇ ਨੂੰ ਰੌਲਾ ਸੁਣ ਵੱਡੀ ਬਹੂ ਵੀ ਆ ਗਈ, ਆਉਦੀ ਹੀ ਬੋਲੀ ਕਿ ਕੀ ਬੋਲਦੀ ਆ ਇਹ ਕੁੱਤੀ ਬੁੜੀ…. ਸੁਰਜੀਤ ਕੁਰ ਕੇ ਬਥੇਰਾ ਕਿਹਾ ਕਿ ਮੈਂ ਤਾਂ ਪੁੱਤ ਕੁੱਝ ਨਹੀਂ ਕਿਹਾ , ਪਰ ਵੱਡੀ ਬਹੂ ਨੇ ਸੱਸ ਦੇ ਤਿੰਨ -ਚਾਰ ਚੁਪੇੜਾਂ ਜੜ ਦਿੱਤੀਆਂ ਛੋਟੀ ਬਹੂ ਨੇ ਸੁਰਜੀਤ ਕੁਰ ਨੂੰ ਧੱਕਾ ਮਾਰ ਦਿੱਤਾ ਤਾਂ ਸੁਰਜੀਤ ਕੁਰ ਦੀਆਂ ਫਰਸ਼ ਤੇ ਡਿੱਗਦੀ ਸਾਰ ਹੀ ਚੀਕਾਂ ਨਿਕਲ ਗਈਆਂ , ਸਰੀਰ ਦਾ ਪੂਰਾ ਭਾਰ ਸੱਜੀ ਬਾਂਹ ਉੱਪਰ ਆ ਜਾਣ ਕਾਰਣ ਸੱਜੀ ਬਾਂਹ ਕੂਹਣੀ ਕੋਲੋਂ ਟੁੱਟ ਗਈ | ਬਹੂਆਂ ਉਸ ਨੂੰ ਓਥੇ ਹੀ ਪਈ ਚੀਕਾਂ ਮਾਰਦੀ ਨੂੰ ਫਰਸ਼ ਤੇ ਛੱਡ ਕਮਰਿਆਂ ਚ ਜਾ ਵੜੀਆਂ |
ਸੁਰਜੀਤ ਕੁਰ ਨੇ ਰੋਂਦੀ ਤੇ ਦਰਦ ਨਾਲ ਤੜਫਦੀ ਨੇ ਆਪਣਾ ਆਪ ਘੜੀਸ ਮਸੀਂ ਕਮਰੇ ਤੱਕ ਪਹੁੰਚੀ ਤੇ ਰੋਦੀ ਨੇ ਆਪਣੀ ਧੀ ਹਰਦੀਪ ਨੂੰ ਫੋਨ ਕੀਤਾ ਤਾਂ ਹਰਦੀਪ ਹਾਲੇ ਕੰਮ ਤੋਂ ਆ ਘਰ ਵੜੀ ਹੀ ਸੀ ਤਾਂ ਮਾਂ ਨੂੰ ਫੋਨ ਤੇ ਸੁਣਦੇ ਹੀ ਹਰਦੀਪ ਦੀਆਂ ਲੱਤਾਂ ਕੰਬਣ ਲੱਗੀਆਂ ਤੇ ਉਹਨੇ ਪੈਰੀਂ ਭੱਜੀ ਮਾਂ ਕੋਲ ਪਹੁੰਚੀ ਤਾਂ ਡੋਰ ਬੈੱਲ ਵਜਾਉਣ ਦੇ ਬਹੁਤ ਦੇਰ ਸੁਰਜੀਤ ਕੁਰ ਆ ਦਰਵਾਜ਼ਾ ਖੋਲਿਆ ਤਾਂ ਮਾਂ ਦੀਆਂ ਧੀ ਨੂੰ ਦੇਖਦੇ ਹੀ ਧਾਹਾਂ ਨਿਕਲ ਗਈਆਂ | ਮਾਂ ਦੀ ਹਾਲਤ ਦੇਖ ਹਰਦੀਪ ਦੇ ਪੈਰ ਸੁੰਨ ਹੋ ਗਏ | ਹਰਦੀਪ ਨੇ ਦੋਨਾਂ ਭਰਾਵਾਂ ਤੇ ਬਾਪ ਨੂੰ ਫੋਨ ਕਰ ਘਰ ਬੁਲਾਇਆ ਤਾਂ , ਮਾਸਟਰ ਜਸਵੰਤ …ਸੁਰਜੀਤ ਕੁਰ ਦੀ ਹਾਲਤ ਦੇਖ ਦੰਗ ਰਹਿ ਗਿਆ |
ਬਹੂਆਂ ਨੇ ਹੋਰ ਕਹਾਣੀ ਬਣਾ ਸਾਰਾ ਦੋਸ਼ ਸੱਸ ਦੇ ਮੱਥੇ ਮੜ ਦਿੱਤਾ ਤੇ ਦੋਵੇਂ ਮੁੰਡੇ ਬਹੂਆਂ ਦੇ ਪੈਰੋਕਾਰ ਬਣੇ ਖੜੇ ਸਨ | ਮਾਂ ਦੀ ਹਾਲਤ ਵੱਲ ਦੇਖ ਅੱਖਾਂ ਚੋਂ ਹੰਝੂ ਕੇਰਦੀ ਹੋਈ ਜਦੋਂ ਹਰਦੀਪ ਨੇ ਬਾਪ ਦੀਆਂ ਅੱਖਾਂ ਵਿੱਚ ਦੇਖਦੇ ਹੋਏ ਕਿਹਾ ” ਡੈਡੀ ਤੁਸੀਂ ਏਸੇ ਸਵਰਗ ਦੀ ਖਾਤਿਰ ਮੈਨੂੰ ਬਲੀ ਚੜਾਇਆ ਸੀ ” ਐਨਾਂ ਸੁਣਦੇ ਹੀ ਮਾਸਟਰ ਦੀਆਂ ਅੱਖਾਂ ਵਿੱਚੋ ਬੇ-ਅਥਾਹ ਹੰਝੂ ਬਹਿ ਤੁਰੇ…ਕਿਉਂ ਕਿ ਉਸ ਕੋਲ ਆਪਣੀ ਧੀ ਦੇ ਸਵਾਲ ਦਾ ਕੋਈ ਜਵਾਬ ਨਹੀਂ ਸੀ……..||
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ