ਜਹਾਜ ਚ ਸਫ਼ਰ ਕਰਨ ਵਾਲਿਆਂ ਲਈ ਜਾਰੀ ਹੋਇਆ ਇਹ ਨਵਾਂ ਵੱਡਾ ਫੁਰਮਾਨ
ਕੋਰੋਨਾ ਦਾ ਕਰਕੇ ਸਾਰੇ ਸੰਸਾਰ ਵਿਚ ਤਰਾਂ ਤਰਾਂ ਦੀ ਪਾਬੰਦੀਆਂ ਲਗਾਈਆਂ ਗਈਆਂ ਹਨ। ਇਹਨਾਂ ਪਾਬੰਦੀਆਂ ਵਿਚ ਹਵਾਈ ਯਾਤਰਾ ਤੇ ਪਾਬੰਦੀ ਸ਼ਾਮਲ ਸੀ ਪਰ ਹੁਣ ਹੋਲੀ ਹੋਲੀ ਇਸ ਵਿਚ ਛੋਟ ਦਿੱਤੀ ਜਾ ਰਹੀ ਹੈ। ਪਰ ਨਾਲ ਹੀ ਸਮੇਂ ਦੇ ਅਨੁਸਾਰ ਕੁਝ ਪਾਬੰਦੀਆਂ ਵੀ ਲਗਾਈਆਂ ਜਾ ਰਹੀਆਂ ਹਨ। ਕੋਰੋਨਾ ਕਾਲ ‘ਚ ਦੇਸ਼ ‘ਚ ਹਵਾਈ ਸਫ਼ਰ ਕੁਝ ਸਖ਼ਤ ਨਿਯਮਾਂ ਨਾਲ ਹੀ ਆਮ ਬਣਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਹਵਾਬਾਜ਼ੀ ਰੈਗੂਲੇਟਰੀ ਡੀਜੀਸੀਏ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ, ਹਵਾਈ ਯਾਤਰਾ ਦੌਰਾਨ ਜਿਹੜਾ ਵੀ ਯਾਤਰੀ ਮਾਸਕ ਪਾਉਣ ਤੋਂ ਇਨਕਾਰ ਕਰੇਗਾ, ਉਸ ਨੂੰ ਏਅਰਲਾਈਨਾਂ ਦੀ ‘ਨੋ ਫਲਾਈ ਲਿਸਟ’ ਵਿਚ ਪਾ ਦਿੱਤਾ ਜਾਵੇਗਾ। ਸਰਕਾਰ ਨੇ ਇਕ ਅਧਿਕਾਰਤ ਆਦੇਸ਼ ਤਹਿਤ ਘਰੇਲੂ ਉਡਾਣਾਂ ‘ਤੇ ਜਹਾਜ਼ ਯਾਤਰੀਆਂ ਨੂੰ ਪੈਕ ਕੀਤਾ ਨਾਸ਼ਤਾ, ਭੋਜਨ ਅਤੇ ਕੋਲਡ ਡਰਿੰਕਸ ਪਰੋਸਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸੇ ਤਰ੍ਹਾਂ ਕੌਮਾਂਤਰੀ ਉਡਾਣਾਂ ‘ਤੇ ਗਰਮ ਖਾਣਾ ਦਿੱਤਾ ਜਾਵੇਗਾ।
ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜੇਕਰ ਕੋਈ ਯਾਤਰੀ ਜਹਾਜ਼ ਵਿਚ ਮਾਸਕ ਨਹੀਂ ਪਾਏਗਾ ਤਾਂ ਉਸ ਨੂੰ ਏਅਰਲਾਈਨਾਂ ਦੀ ‘ਨੋ ਫਲਾਈ ਲਿਸਟ’ ਵਿਚ ਪਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਕੋਈ ਨਵਾਂ ਆਦੇਸ ਨਹੀਂ ਦਿੱਤਾ ਗਿਆ ਹੈ ਕਿਉਂਕਿ ਡੀਜੀਸੀਏ ਨਿਯਮਾਂ ਤਹਿਤ ਏਅਰਲਾਈਨ ਅਤੇ ਕੈਬਿਨ ਕ੍ਰੂ ਕੋਈ ਵੀ ਸਖ਼ਤ ਕਾਰਵਾਈ ਕਰਨ ਵਿਚ ਸਮਰੱਥ ਹਨ।
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਬੀਤੇ ਵੀਰਵਾਰ ਨੂੰ ਜਾਰੀ ਆਦੇਸ਼ ਵਿਚ ਕਿਹਾ ਗਿਆ ਹੈ ਕਿ ਘਰੇਲੂ ਉਡਾਣਾਂ ਦੀ ਮਿਆਦ ਨੂੰ ਦੇਖਦੇ ਹੋਏ ਹੁਣ ਜਹਾਜ਼ ਦੇ ਯਾਤਰੀਆਂ ਨੂੰ ਪਹਿਲਾਂ ਤੋਂ ਪੈਕ ਸਨੈਕ, ਭੋਜਨ ਅਤੇ ਕੋਲਡ ਡਰਿੰਕਸ ਦਿੱਤੇ ਜਾ ਸਕਦੇ ਹਨ। ਇਸੇ ਤਰ੍ਹਾਂ ਕੌਮਾਂਤਰੀ ਉਡਾਣਾਂ ਵਿਚ ਕੌਮਾਂਤਰੀ ਮਾਪਦੰਡਾਂ ਮੁਤਾਬਕ ਹੁਣ ਯਾਤਰੀਆਂ ਨੂੰ ਗਰਮ ਖਾਣਾ ਅਤੇ ਕੋਲਡ ਡਰਿੰਕਸ ਵੀ ਦਿੱਤੇ ਜਾ ਸਕਦੇ ਹਨ। ਮੰਤਰਾਲੇ ਨੇ ਇਹ ਵੀ ਕਿਹਾ ਕਿ ਖਾਣਾ ਪਰੋਸਣ ਲਈ ਸਾਰੇ ਭਾਂਡੇ ਡਿਸਪੋਜੇਬਲ ਅਤੇ ਵਨ ਟਾਈਮ ਯੂਜ਼ ਵਾਲੇ ਹੀ ਹੋਣੇ ਜ਼ਰੂਰੀ ਹਨ। ਚਾਲਕ ਦਲ ਦੇ ਮੈਂਬਰਾਂ ਨੂੰ ਵੀ ਭੋਜਨ ਅਤੇ ਕੋਲਡ ਡਰਿੰਕਸ ਪਰੋਸਣ ਤੋਂ ਪਹਿਲਾਂ ਹਰ ਵਾਰ ਦਸਤਾਨੇ ਬਦਲਣੇ ਹੋਣਗੇ।
ਦੱਸਣਯੋਗ ਹੈ ਕਿ ਕੋਰੋਨਾ ਇਨਫੈਕਸ਼ਨ ਕਾਰਨ 25 ਮਈ ਤੋਂ ਹਵਾਈ ਯਾਤਰਾਵਾਂ ਬਹਾਲ ਹੋਣ ਤੋਂ ਬਾਅਦ ਘਰੇਲੂ ਉਡਾਣਾਂ ਵਿਚ ਖਾਣਾ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਇਸੇ ਤਰ੍ਹਾਂ ਕੌਮਾਂਤਰੀ ਉਡਾਣਾਂ ਵਿਚ ਵੀ ਸਿਰਫ਼ ਪਹਿਲਾਂ ਤੋਂ ਪੈਕ ਕੀਤਾ ਹੋਇਆ ਠੰਢਾ ਖਾਣਾ ਹੀ ਦਿੱਤੇ ਜਾਣ ਦੀ ਇਜਾਜ਼ਤ ਸੀ। ਉਡਾਣ ਦੀ ਮਿਆਦ ਦੇ ਆਧਾਰ ‘ਤੇ ਹੀ ਸਨੈਕ ਜਾਂ ਭੋਜਨ ਮਿਲਦਾ ਸੀ। ਮੰਤਰਾਲੇ ਨੇ ਏਅਰਲਾਈਨ ਆਪ੍ਰਰੇਟਰਾਂ ਨੂੰ ਉਡਾਣ ਦੌਰਾਨ ਯਾਤਰੀਆਂ ਨੂੰ ਆਪਣੇ ਮਨੋਰੰਜਨ ਦੇ ਸਾਧਨਾਂ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਦੇਣ ਲਈ ਕਿਹਾ ਹੈ। ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਡਿਸਪੋਜੇਬਲ ਈਅਰਫੋਨ ਜਾਂ ਸੈਨੇਟਾਈਜ਼ ਕੀਤੇ ਹੋਏ ਹੈੱਡਫੋਨ ਦਿੱਤੇ ਜਾਣਗੇ।