ਅਕਾਲੀ-ਭਾਜਪਾ ਸਰਕਾਰ ਮੌਕੇ ਪੰਜ ਸਾਲ ‘ਮਲਾਈਆਂ ਛਕਣ’ ਵਾਲੇ ਅਕਾਲੀ ਸਰਪੰਚ ਇਸ ਵਾਰ ਬਦਲੀ ਰਾਜਨੀਤਿਕ ਹਵਾ ਕਾਰਨ ਸਰਪੰਚੀ ਦੀ ਚੋਣ ਲੜਨ ਤੋਂ ਕੰਨੀ ਕਤਰਾਉਣ ਲੱਗ ਪਏ ਹਨ । ਬਹੁਤੇ ਸਾਬਕਾ ਅਕਾਲੀ ਸਰਪੰਚਾਂ ਨੇ ਕੋਰਾ ਜਵਾਬ ਦੇ ਦਿੱਤਾ ਹੈ ਅਤੇ ਕੁਝ ਨੇ ਆਪਣੇ ਪਿੰਡਾਂ ‘ਚ ਸਰਬਸੰਮਤੀ ਕਰਕੇ ਆਪਣਾ ਪੱਲਾ ਛੁਡਵਾ ਲਿਆ ਹੈ।
ਅਕਾਲੀ ਦਲ ਦੇ ਵੱੱਡੇ ਨੇਤਾਵਾਂ ਨਾਲ ਚੰਗਾ ਅਸਰ ਰਸੂਖ ਹੋਣ ਕਰਕੇ ਬਹੁਤੇ ਸਰਪੰਚਾਂ ਦੀ ਸਰਕਾਰੇ ਦਰਬਾਰੇ ਤੂਤੀ ਬੋਲਦੀ ਰਹੀ ਹੈ। ਦੱਸਣਾ ਬਣਦਾ ਹੈ ਕਿ ਪਿਛਲੇ ਪਲਾਨ ‘ਚ ਵੱਡੀ ਗਿਣਤੀ ਪਿੰਡਾਂ ਦੀਆਂ ਸਰਪੰਚੀਆਂ ਅਕਾਲੀ ਦਲ ਦੀ ਹਮਾਇਤ ਵਾਲੀਆਂ ਸਨ।
ਕੁਝ ਪਿੰਡਾਂ ਦੇ ਹੋਰਨਾਂ ਪਾਰਟੀਆਂ ਦੀ ਹਮਾਇਤ ਵਾਲੇ ਜੁਗਾੜੀ ਸਰਪੰਚਾਂ ਨੇ ਗਰਾਂਟਾਂ ਦਾ ਚੋਗਾ ਚੁਗਣ ਲਈ ਪੀਲੇ ਰੰਗ ਦੇ ਪਰਨੇ ਆਪਣੇ ਗਲਾਂ ‘ਚ ਪਾ ਲਏ ਸਨ ਅਤੇ ਕਈ ਸਾਲ ਅਕਾਲੀ ਦਲ ਦੀ ਬੋਲੀ ਬੋਲਦੇ ਰਹੇ। ਹੁਣ ਇਹ ਸਰਪੰਚ ਵੀ ਅਕਾਲੀ ਦਲ ਦਾ ਪੱਲਾ ਛੱਡ ਮੁੜ ਤੋਂ ਆਪਣੀਆਂ ਪਿੱਤਰੀ ਪਾਰਟੀਆਂ ਵੱਲ ਪਰਤ ਆਏ ਹਨ।
ਸੂਤਰਾਂ ਮੁਤਾਬਿਕ ਬੁਰਜ ਰਾਠੀ, ਕੋਟ ਲੱਲੂ,ਅਲੀਸ਼ੇਰ ਕਲਾਂ, ਖੋਖਰ ਕਲਾਂ ਅਤੇ ਖੋਖਰ ਖੁਰਦ,ਭੈਣੀ ਬਾਘਾ, ਸਮਾਓ ਅਤੇ ਮਲਕਪੁਰ ਸਮੇਤ ਦਰਜ਼ਨਾਂ ਪਿੰਡਾਂ ਵਿਚ ਅਕਾਲੀ ਦਲ ਦੀ ਸਰਪੰਚੀ ਰਹੀ ਹੈ ਪਰ ਹੁਣ ਉਮੀਦਵਾਰੀ ਦਾ ਐਲਾਨ ਪਛੜ ਰਿਹਾ ਹੈ।
ਜਦੋਂ ਇਸ ਸਬੰਧੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਗੁਰਮੇਲ ਸਿੰਘ ਫਫੜੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਅਸਲ ‘ਚ ਬਹੁਤੇ ਪਿੰਡਾਂ ‘ਚ ਰਾਖਵਾਂਕਰਨ ਹੋਣ ਕਾਰਨ ਉਮੀਦਵਾਰੀਆਂ ਹੀ ਬਦਲਣੀਆਂ ਪਈਆਂ ਹਨ।
ਉਨ੍ਹਾਂ ਕਿਹਾ ਸਰਕਾਰ ਨੇ ਨਿਯਮਾਂ ਨੂੰ ਛਿੱਕੇ ਟੰਗ ਛੇ ਮਹੀਨੇ ਪਹਿਲਾਂ ਹੀ ਪੰਚਾਇਤਾਂ ਭੰਗ ਕਰਕੇ ਆਪਣੇ ਸੰਭਾਵੀ ਉਮੀਦਵਾਰਾਂ ਨੂੰ ਦਬਕੇ ਵਾਲੀ ਸਰਪੰਚੀ ਕਰਨ ਦਾ ਮੌਕਾ ਦੇ ਦਿੱਤਾ ਸੀ । ਉਨ੍ਹਾਂ ਚੋਣ ਕਮਿਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਫ਼ੀਆ ਬਿਆਨ ਵਾਲਾ ਫੈਸਲਾ ਧੱਕੇ ਦੀ ਰਾਜਨੀਤੀ ਨੂੰ ਰੋਕੇਗਾ।
ਤਾਜਾ ਜਾਣਕਾਰੀ