ਭਾਈ ਨਿਰਮਲ ਸਿੰਘ ਖਾਲਸਾ ਦਾ ਇਹ ਸੱਚ
ਸਿੱਖ ਕੌਮ ਦੇ ਮਹਾਨ ਕੀਰਤਨੀਏ ਭਾਈ ਨਿਰਮਲ ਸਿੰਘ ਜੀ ਖ਼ਾਲਸਾ ਅੱਜ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦਾ ਸਿੱਖੀ ਦੇ ਪ੍ਰਚਾਰ ਵਿੱਚ ਵੱਡਾ ਯੋਗਦਾਨ ਰਿਹਾ ਹੈ। ਗੁਰਬਾਣੀ ਦੇ ਸੁਰਾਂ ਰਾਹੀਂ ਉਚਾਰਣ ਵਿੱਚ ਉਨ੍ਹਾਂ ਦਾ ਕੋਈ ਸਾਨੀ ਨਹੀਂ ਸੀ। ਇਸ ਲਈ ਹੀ ਉਨ੍ਹਾਂ ਦਾ ਧਾਰਮਿਕ ਜਗਤ ਦੇ ਨਾਲ-ਨਾਲ ਸੰਗੀਤ ਜਗਤ ਵਿੱਚ ਵੀ ਵੱਡਾ ਸਨਮਾਨ ਸੀ। ਉਨ੍ਹਾਂ ਨੂੰ ਦੇਸ਼ ਦੇ ਵੱਕਾਰੀ ਐਵਾਰਡ ਪਦਮ ਸ੍ਰੀ ਨਾਲ ਨਵਾਜਿਆ ਗਿਆ ਸੀ।
ਭਾਈ ਨਿਰਮਲ ਸਿੰਘ ਖਾਲਸਾ ਨੂੰ ਤਾਂ ਸਭ ਜਾਣਦੇ ਸਨ ਪਰ ਉਨ੍ਹਾਂ ਦੇ ਮੁੱਢਲੇ ਜੀਵਨ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਉਹ ਅੱਤ ਦੀ ਗਰੀਬੀ ਵਿੱਚੋਂ ਉੱਠ ਕੇ ਪਦਮਸ੍ਰੀ ਤੱਕ ਪਹੁੰਚੇ ਸੀ। 1952 ਵਿੱਚ ਜਨਮੇ ਭਾਈ ਨਿਰਮਲ ਸਿੰਘ ਦਾ ਪਰਿਵਾਰ ਪਾਕਿਸਤਾਨ ਤੋਂ ਭਾਰਤ ਆਇਆ ਸੀ। ਇੱਥੇ ਰੁਜਗਾਰ ਦਾ ਕੋਈ ਸਾਧਨ ਨਾ ਹੋਣ ਕਾਰਨ ਆਪ ਨੂੰ ਜੋ ਜ਼ਮੀਨ ਅਲਾਟ ਹੋਈ, ਉੱਥੇ ਪਿਤਾ ਨੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਬਹੁਤ ਲੰਮਾ ਸਮਾਂ ਆਪ ਨੇ ਪਿਤਾ ਨਾਲ ਖੇਤੀਬਾੜੀ ਵਿੱਚ ਹੱਥ ਵੰਡਾਇਆ।
ਉਨੀ ਦਿਨੀਂ ਰੇਡੀਓ ਦਾ ਜ਼ਮਾਨਾ ਸੀ ਤੇ ਆਪ ਰੋਜ ਸ਼ਾਮ ਪਾਕਿਸਤਾਨ ਦੇ ਸਟੇਸ਼ਨ ਤੋਂ ਸੰਗੀਤ ਸੁਣਦੇ। ਉਨ੍ਹਾਂ ਦੀ ਇੱਛਾ ਸੀ ਕਿ ਇਸ ਖੇਤਰ ਵਿੱਚ ਅੱਗੇ ਵੱਧਿਆ ਜਾਵੇ। ਘਰ ਦੇ ਹਾਲਾਤ ਬਹੁਤੇ ਚੰਗੇ ਨਾ ਹੋਣ ਕਰਕੇ ਕਿਸੇ ਨੇ ਹਾਮੀ ਨਾ ਭਰੀ। ਜ਼ਿਆਦਾ ਜਿੱਦ ਕਰਨ ‘ਤੇ ਆਪ ਜੀ ਦੀ ਮਾਤਾ ਨੇ ਆਪਣੀ ਮੁੰਦਰੀ ਆਪ ਨੂੰ ਦਿੱਤੀ ਜੋ ਉਨ੍ਹਾਂ ਵੇਲਿਆਂ ‘ਚ 30 ਰੁਪਏ ਦੀ ਵਿਕੀ। ਇਸ ਮਗਰੋਂ ਆਪ ਅੰਮ੍ਰਿਤਸਰ ਸਾਹਿਬ ਵਿਖੇ ਆ ਗਏ ਜਿੱਥੇ ਆਪ ਨੇ ਸੰਗੀਤ ਦੀ ਤਾਲੀਮ ਲੈਣ ਲਈ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿੱਚ ਅਪਲਾਈ ਕੀਤਾ।
ਬੇਸ਼ੱਕ ਉਸ ਵੇਲੇ ਸੰਗੀਤ ਦਾ ਉਨ੍ਹਾਂ ਨੂੰ ਕੋਈ ਬਹੁਤਾ ਗਿਆਨ ਨਹੀਂ ਸੀ ਪਰ ਸ਼੍ਰੋਮਣੀ ਕਮੇਟੀ ਦੇ ਮਰਹੂਮ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਦੀ ਸਿਫਾਰਸ਼ ਨਾਲ ਆਪ ਦੀ ਚੋਣ ਹੋ ਗਈ। ਉਨ੍ਹਾਂ ਉੱਤੇ ਰਹਿ ਕੇ ਸਭ ਤੋਂ ਪਹਿਲਾਂ ਸੰਗੀਤ ਦੀ ਤਾਲੀਮ ਲਈ। ਇਸ ਤੋਂ ਇਲਾਵਾ ਪ੍ਰਸਿੱਧ ਗਜ਼ਲ ਗਾਇਕ ਗੁਲਾਮ ਅਲੀ ਖਾਨ ਸਾਹਿਬ ਦੇ ਵੀ ਆਪ ਸ਼ਗਿਰਦ ਰਹੇ। ਉਨ੍ਹਾਂ ਕੋਲੋਂ ਵੀ ਸੰਗੀਤ ਦੀ ਸਿੱਖਿਆ ਲਈ। ਮਹਾਨ ਕੀਰਤਨੀਏ ਭਾਈ ਗੁਰਮੇਜ ਸਿੰਘ ਨਾਲ ਆਪ ਨੇ ਲੰਮਾ ਸਮਾਂ ਸਹਾਇਕ ਰਾਗੀ ਵਜੋਂ ਸੇਵਾ ਨਿਭਾਈ।
1984 ਦੇ ਘਲੂਘਾਰੇ ਸਮੇਂ ਆਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੌਜੂਦ ਸਨ। ਇਸ ਪਿੱਛੋਂ ਆਪ ਨੇ ਲੰਮਾ ਸਮਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਜ਼ੂਰੀ ਰਾਗੀ ਸੇਵਾ ਨਿਭਾਈ। ਦੁਨੀਆਂ ਦਾ ਐਸਾ ਕੋਈ ਦੇਸ ਨਹੀਂ ਹੋਵਾਗਾ ਜਿੱਥੇ ਆਪ ਨੇ ਆਪਣੀ ਸੰਗੀਤ ਦੀ ਮਹਿਕ ਨਾ ਖਿਲਾਰੀ ਹੋਵੇ। ਇਨ੍ਹਾਂ ਮਹਾਨ ਸੇਵਾਵਾ ਦੀ ਬਦੌਲਤ ਆਪ ਨੂੰ ਭਾਰਤ ਸਰਕਾਰ ਵੱਲੋਂ 2009 ਵਿੱਚ ਪਦਮਸ੍ਰੀ ਐਵਾਰਡ ਨਾਲ ਸਨਮਾਨਿਆ ਗਿਆ। ਇਸ ਸੰਗੀਤ ਦੇ ਸਫਰ ਦੇ ਦੌਰਾਨ ਆਪ ਦੇ ਨਾਲ ਭਾਈ ਦਰਸ਼ਨ ਸਿੰਘ ਸਹਾਇਕ ਰਾਗੀ ਤੇ ਭਾਈ ਕਰਤਾਰ ਸਿੰਘ ਗੁਰੂ ਕੀ ਵਡਾਲੀ ਅਹਿਮ ਯੋਗਦਾਨ ਪਾਇਆ।
ਇੱਕ ਸਮਾਗਮ ਦੌਰਾਨ ਉਨ੍ਹਾਂ ਭਾਵੁਕ ਹੁੰਦਿਆਂ ਆਖਿਆ ਸੀ ਕਿ ਇਹ ਗੁਰੂ ਰਾਮਦਾਸ ਪਾਤਸ਼ਾਹ ਦੀ ਕ੍ਰਿਪਾ ਹੀ ਹੈ ਕਿ ਗਰੀਬ ਨਿਮਾਣਾ ਹੋਣ ਦੇ ਬਾਵਜੂਦ ਉਨ੍ਹਾਂ ਤੋਂ 25 ਤੋਂ ਜ਼ਿਆਦਾ ਵਿਦਿਆਰਥੀ ਪੀਐਚਡੀ ਕਰ ਚੁੱਕੇ ਹਨ ਤੇ ਆਪ ਜੀ ਦੀਆਂ ਲਿਖੀਆਂ ਦੋ ਪੁਸਤਕਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਹਿੱਸਾ ਹਨ। ਆਪ ਜੀ ਦੀ ਸੰਗੀਤਕ ਸ਼ੈਲੀ ਦੇ ਅੱਜ ਵੀ ਲੋਕ ਮੁਰੀਦ ਹਨ ਤੇ ਖਾਸ ਕਰਕੇ ਜਦੋਂ ਉਹ ਆਸਾ ਦੀ ਵਾਰ ਦਾ ਕੀਰਤਨ ਕਰਦੇ ਸਨ ਤਾਂ ਘੜੀ ਦੀ ਟਿੱਕ-ਟਿੱਕ ਵੀ ਰੁਕ ਜਾਂਦੀ ਸੀ।
ਕੌਮ ਦਾ ਇਹ ਮਹਾਨ ਹੀਰਾ ਕਰੀਬ 6 ਮਹੀਨੇ ਪਹਿਲਾਂ ਇੰਗਲੈਂਡ ਦੀ ਧਰਤੀ ਤੋਂ ਵਾਪਸ ਪਰਤਿਆ ਸੀ ਕਿ ਪਿਛਲੇ ਦਿਨੀਂ ਕਰੋਨਾ ਦੀ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਗਿਆ ਤੇ 2 ਅਪ੍ਰੈਲ ਨੂੰ ਅੰਮ੍ਰਿਤ ਵੇਲੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਭਾਈ ਨਿਰਮਲ ਸਿੰਘ ਖਾਲਸਾ ਨੇ ਸੰਗੀਤ ਜਗਤ ਵਿੱਚ ਜੋ ਯੋਗਦਾਨ ਪਾਇਆ ਉਸ ਨੂੰ ਸਿੱਖ ਕੌਮ ਹਮੇਸ਼ਾ ਯਾਦ ਰੱਖੇਗੀ।
Home ਤਾਜਾ ਜਾਣਕਾਰੀ ਮਾਂ ਦੀ ਮੁੰਦਰੀ ਵੇਚਣ ਤੋਂ ਪਦਮਸ੍ਰੀ ਤੱਕ ਦਾ ਸਫਰ, ਬਹੁਤੇ ਨਹੀਂ ਜਾਣਦੇ ਭਾਈ ਨਿਰਮਲ ਸਿੰਘ ਖਾਲਸਾ ਦਾ ਇਹ ਸੱਚ
ਤਾਜਾ ਜਾਣਕਾਰੀ