ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਦੌਰਾਨ ਇਹ ਵਾਇਰਸ ਦੇਸ਼ ਵਿਚ ਨਾ ਫੈਲੇ ਇਸ ਲਈ 21 ਦਿਨਾਂ ਦਾ ਲਾਕਡਾਊਨ ਲਾਗੂ ਕਰ ਦਿੱਤਾ ਗਿਆ ਹੈ। ਲਗਾਤਾਰ ਇਹ ਚਰਚਾ ਚਲ ਰਹੀ ਹੈ ਕਿ ਸਰਕਾਰ ਲਾਕਡਾਊਨ ਦੀ ਤਰੀਕ ਅੱਗੇ ਵਧਾ ਸਕਦੀ ਹੈ। ਜਿਸ ਤੇ ਹੁਣ ਸਫ਼ਾਈ ਸਾਹਮਣੇ ਆਈ ਹੈ। ਕੈਬਨਿਟ ਸੈਕਰੈਟਰੀ ਰਾਜੀਵ ਗੌਬਾ ਨੇ ਬਿਆਨ ਦਿੱਤਾ ਹੈ ਕਿ ਸਰਕਾਰ ਦੀ ਲਾਕਡਾਊਨ ਵਧਾਉਣ ਦਾ ਕੋਈ ਇਰਾਦਾ ਨਹੀਂ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ 24 ਮਾਰਚ ਤੋਂ 21 ਦਿਨਾਂ ਦਾ ਲਾਕਡਾਊਨ ਦਾ ਐਲਾਨ ਕੀਤਾ ਸੀ। ਇਹ ਲਾਕਡਾਊਨ 14 ਅਪ੍ਰੈਲ ਤਕ ਜਾਰੀ ਰਹੇਗਾ। ਇਸ ਦੌਰਾਨ ਕੋਰੋਨਾ ਦੇ ਸੰਕਟ ਨੂੰ ਦੇਖਦੇ ਹੋਏ ਲਗਾਤਾਰ ਇਸ ਤਰ੍ਹਾਂ ਦੀ ਚਰਚਾ ਹੋ ਰਹੀ ਸੀ ਕਿ ਸਰਕਾਰ 14 ਅਪ੍ਰੈਲ ਤੋਂ ਬਾਅਦ ਲਾਕਡਾਊਨ ਦੀ ਤਰੀਕ ਵਧਾ ਸਕਦੀ ਹੈ।
ਪਰ ਹੁਣ ਇਹਨਾਂ ਸਾਰੀਆਂ ਖ਼ਬਰਾਂ ਤੇ ਕੈਬਨਿਟ ਸੈਕਰੈਟਰੀ ਨੇ ਰੋਕ ਲਗਾ ਦਿੱਤੀ ਹੈ ਅਤੇ ਕਿਹਾ ਹੈ ਕਿ ਉਹ ਇਸ ਤਰ੍ਹਾਂ ਦੀਆਂ ਰਿਪੋਰਟਾਂ ਦੇਖ ਕੇ ਹੈਰਾਨ ਹਨ ਅਤੇ ਸਰਕਾਰ ਦਾ ਅਜਿਹਾ ਕੋਈ ਇਰਾਦਾ ਨਹੀਂ ਹੈ। ਕੋਰੋਨਾ ਵਾਇਰਸ ਦੇ ਖਤਰੇ ਦੇ ਚਲਦੇ ਲਾਕਡਾਊਨ ਦਾ ਐਲਾਨ ਕੀਤਾ ਗਿਆ, ਇਸ ਕਰ ਕੇ ਦੇਸ਼ ਵਿਚ ਮੈਟਰੋ, ਟ੍ਰੇਨ, ਜਹਾਜ਼ ਸਮੇਤ ਸਾਰੀਆਂ ਸੁਵਿਧਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ।
ਹਰ ਕਿਸੇ ਨੂੰ ਅਪਣੇ ਘਰ ਵਿਚ ਰਹਿਣ ਲਈ ਕਿਹਾ ਗਿਆ ਹੈ ਅਤੇ ਜ਼ਰੂਰੀ ਕੰਮ ਲਈ ਹੀ ਘਰੋਂ ਬਾਹਰ ਨਿਕਲਣ ਲਈ ਕਿਹਾ ਗਿਆ ਹੈ। ਕਈ ਰਾਜ ਸਰਕਾਰਾਂ ਨੇ ਹੋਮ ਡਿਲਵਰੀ ਦੀ ਵਿਵਸਥਾ ਵੀ ਕੀਤੀ ਹੈ ਤਾਂ ਕਿ ਲੋਕ ਘਰ ਵਿਚ ਹੀ ਰਹਿਣ। 21 ਦਿਨਾਂ ਦੇ ਲਾਕਡਾਊਨ ਕਾਰਨ ਕਰੋੜਾਂ ਲੋਕਾਂ ਤੇ ਕੰਮਕਾਜ ਦਾ ਸੰਕਟ ਆ ਗਿਆ, ਖਾਸ ਤੌਰ ਤੇ ਗਰੀਬਾਂ ਨੂੰ ਜ਼ਰੂਰਤ ਅਤੇ ਖਾਣ-ਪੀਣ ਦੇ ਸਮਾਨ ਨੂੰ ਲੈ ਕੇ ਸੰਕਟ ਦਾ ਸਾਹਮਣਾ ਕਰਨ ਪਿਆ ਹੈ।
ਇਸ ਦੌਰਾਨ ਵਿੱਤੀ ਵਿਭਾਗ ਨੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਲਾਕਡਾਊਨ ਦੌਰਾਨ ਸਰਕਾਰ ਵੱਲੋਂ ਜਿੰਨੇ ਵੀ ਪੈਕੇਜ ਦਾ ਐਲਾਨ ਕੀਤਾ ਗਿਆ ਹੈ ਉਹ ਸਾਰੇ ਤਿੰਨ ਮਹੀਨਿਆਂ ਲਈ ਸਨ। ਫਿਰ ਚਾਹੇ ਉਹ ਕੇਂਦਰ ਸਰਕਾਰ ਹੋਵੇ ਜਾਂ ਫਿਰ ਰਾਜ ਸਰਕਾਰ। ਇਸ ਦੇ ਚਲਦੇ ਹੀ ਚਰਚਾਵਾਂ ਸ਼ੁਰੂ ਹੋ ਗਈਆਂ ਸਨ ਕਿ ਸਰਕਾਰ ਲਾਕਡਾਊਨ ਵਧਾ ਸਕਦੀ ਹੈ।
ਗੌਰਤਲਬ ਹੈ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇਸ਼ ਵਿਚ ਲਗਾਤਾਰ ਪੈਰ ਪਸਾਰ ਰਹੀ ਹੈ। ਸੋਮਵਾਰ ਸਵੇਰੇ ਤਕ ਦੇਸ਼ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ 1139 ਪਹੁੰਚ ਗਈ ਹੈ। ਜਦਕਿ ਇਸ ਵਾਇਰਸ ਨਾਲ 30 ਲੋਕ ਅਪਣੀ ਜਾਨ ਗੁਆ ਚੁੱਕੇ ਹਨ। ਹੁਣ ਤਕ ਕਰੀਬ 98 ਲੋਕ ਇਸ ਬਿਮਾਰੀ ਨਾਲ ਠੀਕ ਹੋ ਕੇ ਡਿਸਚਾਰਜ ਕੀਤੇ ਜਾ ਚੁੱਕੇ ਹਨ।