ਹੁਣੇ ਆਈ ਤਾਜਾ ਵੱਡੀ ਖਬਰ
ਰੋਮ, (ਦਲਵੀਰ ਕੈਂਥ) : ਇਟਲੀ ਵਿਚ ਇੰਨੀ ਤਬਾਹੀ ਹੋ ਜਾਣ ਦੇ ਬਾਵਜੂਦ ਲੋਕ ਸਰਕਾਰੀ ਹੁਕਮਾਂ ਨੂੰ ਦਰਕਿਨਾਰ ਕਰਦੇ ਹੋਏ ਘਰਾਂ ਤੋਂ ਬਾਹਰ ਨਿਕਲ ਰਹੇ ਹਨ, ਜਿਸ ਦੇ ਚੱਲਦਿਆਂ ਇਕ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਪੁਲਸ ਪ੍ਰਸ਼ਾਸ਼ਨ ਨੇ ਜੁਰਮਾਨੇ ਵੀ ਕੀਤੇ ਹਨ ਅਤੇ ਲਗਾਤਾਰ ਸਰਕਾਰੀ ਹੁਕਮਾਂ ਦੀ ਕੁਤਾਹੀ ਕਰਨ ਵਾਲਿਆਂ ਨੂੰ ਪੁਲਸ ਵੱਲੋਂ ਭਾਰੀ ਜੁਰਮਾਨਿਆਂ ਨਾਲ ਨਿਵਾਜਿਆ ਵੀ ਜਾ ਰਿਹਾ ਹੈ। ਪ੍ਰਸ਼ਾਸ਼ਨ ਹਰ ਦਿਨ ਨਵੇਂ ਕਾਨੂੰਨ ਲਾਗੂ ਕਰ ਰਿਹਾ ਹੈ ਤਾਂ ਜੋ ਇਟਲੀ ਵਿਚ ਕੋਰੋਨਾ ਵਾਇਰਸ ਕਾਰਨ ਰੋਜ਼ਾਨਾ ਬੁੱਝ ਰਹੇ ਸੈਂਕੜੇ ਘਰਾਂ ਦੇ ਚਿਰਾਗਾਂ ਨੂੰ ਬਚਾਇਆ ਜਾ ਸਕੇ ।
3 ਅਪ੍ਰੈਲ ਤੱਕ ਰੈੱਡ ਅਲਰਟ
ਇਟਲੀ ਵਿਚ 3 ਅਪ੍ਰੈਲ ਤੱਕ ਰੈੱਡ ਅਲਰਟ ਹੈ ਤੇ ਪ੍ਰਸ਼ਾਸ਼ਨ ਹੁਣ ਉਨ੍ਹਾਂ ਲੋਕਾਂ ਨੂੰ ਵੀ 400 ਯੂਰੋ ਤੋਂ 4000 ਯੂਰੋ ਤੱਕ ਜੁਰਮਾਨਾ ਕਰ ਰਿਹਾ ਹੈ ਜਿਹੜੇ ਬਿਨ੍ਹਾਂ ਵਜ੍ਹਾ ਪੈਦਲ ਹੀ ਸੜਕਾਂ ਉਪਰ ਘੁੰਮ ਰਹੇ ਹਨ। ਉੱਥੇ ਹੀ, ਜਿਹੜੇ ਲੋਕ ਕਾਰ ਵਿਚ ਬਿਨ੍ਹਾਂ ਵਜ੍ਹਾ ਆਪਣੇ ਪਿੰਡ ਤੋਂ ਬਾਹਰ ਦੂਜੇ ਪਿੰਡ ਵਿਚ ਫੜ੍ਹੇ ਜਾਣਗੇ, ਉਨ੍ਹਾਂ ਨੂੰ ਇਹ ਜੁਰਮਾਨਾ 3 ਗੁਣਾ ਹੋ ਸਕਦਾ ਹੈ। ਜੇਕਰ ਕੋਈ ਕੋਰੋਨਾ ਵਾਇਰਸ ਦਾ ਮਰੀਜ਼ ਜਿਸ ਨੂੰ ਪ੍ਰਸ਼ਾਸ਼ਨ ਨੇ ਸਿਰਫ਼ ਘਰ ਵਿਚ ਹੀ ਰਹਿਣ ਦੀ ਹਦਾਇਤ ਕੀਤੀ ਹੈ ਅਜਿਹਾ ਮਰੀਜ਼ ਘਰੋਂ ਬਾਹਰ ਘੁੰਮਦਾ ਫੜ੍ਹਿਆ ਜਾਂਦਾ ਹੈ ਤਾਂ ਉਸ ਨੂੰ 3 ਮਹੀਨੇ ਤੋਂ 18 ਮਹੀਨਿਆਂ ਤੱਕ ਜੇਲ ਜਾਣਾ ਪੈ ਸਕਦਾ ਹੈ। ਪੁਲਸ ਲੋਕਾਂ ਨੂੰ ਘਰੋਂ ਬਾਹਰ ਘੁੰਮਣੋਂ ਰੋਕਣ ਲਈ ਡਰੋਨ ਨਾਲ ਵੀ ਚੈੱਕ ਕਰ ਸਕਦੀ ਹੈ।
ਇਟਲੀ ਸਰਕਾਰ ਵੱਲੋਂ ਇੰਨੀ ਸਖ਼ਤੀ ਦੇ ਬਾਵਜੂਦ ਕੋਰੋਨਾ ਵਾਇਰਸ ਨੇ 97 ਹਜ਼ਾਰ ਤੋਂ ਵੱਧ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਹੈ, ਜਦੋਂ ਕਿ 10 ਹਜ਼ਾਰ ਤੋਂ ਵੱਧ ਲੋਕਾਂ ਨੂੰ ਜਮਦੂਤ ਬਣ ਦਰਦਨਾਕ ਮੌਤ ਦੇ ਚੁੱਕਾ ਹੈ।
ਇਟਲੀ ਦੇ ਕੁਝ ਲਾਪ੍ਰਵਾਹ ਲੋਕਾਂ ਦੀ ਅਣਗਹਿਲੀ ਕਾਰਨ ਕੋਰੋਨਾ ਵਾਇਰਸ ਹਰ ਰੋਜ਼ 5,000 ਤੋਂ ਵੱਧ ਲੋਕਾਂ ਨੂੰ ਰੋਗੀ ਬਣਾ ਰਿਹਾ ਹੈ। ਦੂਜੇ ਪਾਸੇ ਇਟਲੀ ਦਾ ਸਿਹਤ ਵਿਭਾਗ ਤੇ ਪੁਲਸ ਪ੍ਰਸ਼ਾਸ਼ਾਨ ਦਿਨ-ਰਾਤ ਕੋਰੋਨਾ ਵਾਇਰਸ ਵਿਰੁੱਧ ਲੜਾਈ ਲੜਦਾ ਹੋਇਆ ਲੋਕਾਂ ਦੀ ਜਿੰਦਗੀ ਬਚਾਉਣ ਲਈ ਆਪਣੀ ਜਿੰਦਗੀ ਦੀ ਪ੍ਰਵਾਹ ਕੀਤੇ ਬਿਨ੍ਹਾਂ ਸੇਵਾ ਕਰ ਰਿਹਾ ਹੈ।
ਜ਼ਰਾ ਕੁ ਲਾਪ੍ਰਵਾਹੀ ਕਾਰਨ ਮਿੱਟੀ ਹੋ ਸਕਦੈ ਪੱਕੇ ਹੋਣ ਦਾ ਸੁਪਨਾ
ਇਸ ਦੁੱਖ ਦੀ ਘੜ੍ਹੀ ਵਿੱਚ ਇਟਲੀ ਰਹਿਣ ਬਸੇਰਾ ਕਰਦੇ ਵੱਖ-ਵੱਖ ਦੇਸ਼ਾਂ ਦੇ ਪ੍ਰਵਾਸੀਆਂ ਵੱਲੋਂ ਆਰਥਿਕ ਮਦਦ ਵੀ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿਚ ਭਾਰਤੀ ਭਾਈਚਾਰਾ ਕਾਫ਼ੀ ਦਰਿਆਦਿਲੀ ਦਿਖਾ ਰਿਹਾ ਹੈ। ਇਟਲੀ ਸਰਕਾਰ ਨੇ ਜਿਹੜਾ ਵੀ ਕਾਨੂੰਨ ਲਾਗੂ ਕੀਤਾ ਹੈ ਉਸ ਨੂੰ ਮੰਨਣ ਵਿਚ ਜਿਹੜਾ ਵੀ ਵਿਦੇਸ਼ੀ ਨਾਫਰਮਾਨੀ ਕਰਦਾ ਹੈ, ਉਸ ਨੂੰ ਇਟਲੀ ਦੀ ਨਾਗਰਿਕਤਾ ਲੈਣ ਵਿਚ ਖਮਿਆਜ਼ਾ ਭੁਗਣਾ ਪੈ ਸਕਦਾ ਹੈ। ਇਸ ਲਈ ਇਟਲੀ ਦਾ ਉਹ ਭਾਰਤੀ ਭਾਈਚਾਰਾ ਜਿਹੜਾ ਕਿ ਜਲਦ ਨਾਗਰਿਕਤਾ ਲੈਣ ਲਈ ਦਰਖਾਸਤ ਦੇਣ ਵਾਲਾ ਹੈ ਉਸ ਨੂੰ ਬਹੁਤ ਹੀ ਜ਼ਿਆਦਾ ਗੰਭੀਰਤਾ ਨਾਲ ਵਿਚਰਨ ਦੀ ਲੋੜ ਹੈ, ਕਿਤੇ ਅਜਿਹਾ ਨਾ ਹੋਵੇ ਕਿ ਸਾਲਾਂ ਬੱਧੀ ਕੀਤੀ ਮਿਹਨਤ ਅੱਜ ਜ਼ਰਾ ਕੁ ਲਾਪ੍ਰਵਾਹੀ ਕਾਰਨ ਮਿੱਟੀ ਹੋ ਜਾਵੇ।