ਦੁਕਾਨਦਾਰ ਬਿਨਾਂ ਇਸ ਤਰਾਂ ਕੀਤੀਆਂ ਕੋਈ ਚੀਜ਼ ਨਹੀਂ ਸਕੇਗਾ ਵੇਚ
ਸ੍ਰੀ ਰਾਮਵੀਰ ਆਈ.ਏ.ਐਸ. ਜ਼ਿਲਾ ਮੈਜਿਸਟਰੇਟ ਪਠਾਨਕੋਟ ਨੇ ਇੱਕ ਹੁਕਮ ਜਾਰੀ ਕੀਤਾ ਹੈ ਕਿ ਜ਼ਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ ਕੋਈ ਵੀ ਵਪਾਰੀ, ਡੀਲਰ, ਟਰੇਡਰ, ਖਾਦ, ਕੀੜੇ ਮਾਰ ਦਵਾਈਆਂ, ਪੈਸਟੀਸਾਈਡ, ਬੀਜ ਅਤੇ ਖੇਤੀਬਾੜੀ ਨਾਲ ਸਬੰਧਤ ਹੋਰ ਖਾਦ ਵਸਤੂਆਂ ਆਦਿ ਜਿਸ ਦੀ ਕੀਮਤ 100/-ਰੁਪਏ ਜਾਂ ਇਸ ਤੋਂ ਵੱਧ ਹੋਵੇ ਬਿਨਾਂ ਸਹੀ ਬਿਲ ਜਾਰੀ ਕਰਨ ਦੇ ਗਾਹਕ ਨੂੰ ਨਹੀਂ ਵੇਚਣਗੇ, ਭਾਵੇਂ ਗਾਹਕ/ਖਪਤਕਾਰ ਇਸ ਬਿੱਲ ਦੀ ਮੰਗ ਕਰੇ ਜਾਂ ਨਾ ਕਰੇ। ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਨੇ ਇੱਕ ਹੋਰ ਹੁਕਮ ਰਾਹੀਂ ਜ਼ਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ ਜਨਤਕ ਥਾਵਾਂ ‘ਤੇ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ,
ਜਨਤਕ ਥਾਵਾਂ ਤੇ ਨਾਹਰੇ ਲਾਉਣ, ਜਲਸੇ ਜਲੂਸ ਅਤੇ ਰੋਸ ਮੁਜਾਹਰੇ ਕਰਨ ਅਤੇ ਜਨਤਕ ਥਾਵਾਂ ‘ਤੇ ਮੀਟਿੰਗਾਂ ਕਰਨ ਸਬੰਧੀ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ। ਉਨਾਂ ਹੁਕਮ ਵਿੱਚ ਸਪੱਸਟ ਕੀਤਾ ਹੈ ਕਿ ਵਿਸ਼ੇਸ਼ ਹਾਲਤਾਂ ਜਾਂ ਮੌਕਿਆਂ ਸਮੇਂ ਪ੍ਰਬੰਧਕਾਂ ਵੱਲੋਂ ਲਿਖਤੀ ਦਰਖਾਸਤ ਰਾਹੀਂ ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸੋਂ ਲਿਖਤੀ ਪ੍ਰਵਾਨਗੀ ਲੈ ਕੇ ਪਬਲਿਕ ਮੀਟਿੰਗਾਂ ਕਰਨ ਅਤੇ ਧਾਰਮਿਕ ਜਲੂਸ ਵਗੈਰਾ ਪ੍ਰਵਾਨਗੀ ਦੀਆਂ ਸ਼ਰਤਾਂ ਅਨੁਸਾਰ ਕੱਢੇ ਜਾ ਸਕਦੇ ਹਨ। ਇਹ ਹੁਕਮ ਸਰਕਾਰੀ ਡਿਊਟੀ ਕਰ ਰਹੇ ਪੁਲਿਸ, ਹੋਮਗਾਰਡਜ਼, ਸੈਨਿਕ/ ਅਰਧ ਸੈਨਿਕਾਂ ਬਲਾਂ ਅਤੇ ਵਿਆਹ ਸ਼ਾਦੀਆਂ ਤੇ ਸ਼ਾਂਤਮਈ ਢੰਗ ਨਾਲ ਕੀਤੇ ਜਾ ਰਹੇ ਜਲੂਸ ‘ਤੇ ਲਾਗੂ ਨਹੀਂ ਹੋਣਗੇ।
ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਨੇ ਇੱਕ ਹੋਰ ਹੁਕਮ ਰਾਹੀਂ ਕਰੱਸ਼ਰ ਇੰਡਸਟਰੀ ਨਾਲ ਸਬੰਧਤ ਅਤੇ ਹੈਵੀ ਵਹੀਕਲ/ ਟਰਾਲਿਆਂ ਨੂੰ ਸਵੇਰੇ 8 ਵਜੇ ਤੋਂ ਸਵੇਰੇ 09:30 ਵਜੇ ਤੱਕ ਅਤੇ ਬਾਅਦ ਦੁਪਹਿਰ 01:30 ਵਜੇ ਤੋਂ 03:30 ਵਜੇ ਤੱਕ ਦੀਨਾਨਗਰ-ਤਾਰਾਗੜ-ਨਰੋਟ ਜੈਮਲ ਸਿੰਘ-ਫਤਿਹਪੁਰ-ਨਗਰੀ ਕਠੂਆ ਰੋਡ ਉੱਤੇ ਆਉਣ-ਜਾਣ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਬਾਅਦ ਦੁਪਹਿਰ 03:30 ਵਜੇ ਤੋਂ ਸ਼ਾਮ 07:00 ਵਜੇ ਤੱਕ ਕੇਵਲ ਕਰੱਸ਼ਰ ਨਾਲ ਸਬੰਧਤ ਭਰੀਆਂ ਹੋਈਆਂ ਗੱਡੀਆਂ ਦੇ ਚੱਲਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਸਾਰੇ ਹੁਕਮ ਤੁੰਰਤ ਲਾਗੂ ਹੋ ਕੇ 6 ਜਨਵਰੀ, 2020 ਤੱਕ ਲਾਗੂ ਰਹਿਣਗੇ।
ਤਾਜਾ ਜਾਣਕਾਰੀ