ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੀ ਸੰਗਤ ਨੂੰ ਹਾਲੇ ਤੱਕ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਪਾਕਿਸਤਾਨ ਜਾਣ ਲਈ 20 ਡਾਲਰ ਦੀ ਫੀਸ ਕਿਵੇਂ ਅਤੇ ਕਿੱਥੇ ਅਦਾ ਕਰਨੀ ਹੈ ? ਪਾਸਪੋਰਟ ਲਾਜ਼ਮੀਂ ਹੈ ਜਾਂ ਨਹੀਂ?, ਪੈਨ ਕਾਰਨ ਦੀ ਲੋੜ ਪਵੇਗੀ ਜਾਂ ਨਹੀਂ ਅਤੇ ਕਰਤਾਰਪੁਰ ਸਾਹਿਬ ਜਾਣ ਦਾ ਪਰਮਿਟ ਜਾਂ ਵੀਜ਼ਾ ਕਿਸ ਤਰ੍ਹਾਂ ਦਾ ਹੋਵੇਗਾ
ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਪਾਕਿਸਤਾਨ ਜਾਣ ਲਈ ਕਿਹੜੇ ਦਸਤਾਵੇਜ਼ ਚਾਹੀਦੇ ਹਨ ਅਤੇ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ। ਸਭ ਤੋਂ ਪਹਿਲਾਂ ਤਾਂ ਤੁਹਾਡੇ ਕੋਲ ਆਪਣਾ ਪਾਸਪੋਰਟ ਹੋਣਾ ਲਾਜ਼ਮੀਂ ਹੈ। ਜੇਕਰ ਤੁਸੀਂ ਭਾਰਤੀ ਮੂਲ ਦੇ ਵਿਦੇਸ਼ੀ ਨਾਗਰਿਕ ਹੋ ਤਾਂ ਵੀ ਤੁਹਾਡੇ ਕੋਲ ਉਸ ਮੁਲਕ ਦਾ ਵਿਦੇਸ਼ੀ ਪਾਸਪੋਰਟ ਅਤੇ ਓ. ਸੀ. ਆਈ ਹੋਣੀ ਜ਼ਰੂਰੀ ਹੈ। ਸ੍ਰੀ ਕਰਤਾਰਪੁਰ ਸਾਹਿਬ ਜਾਣ ਲਈ ਆਨਲਾਈਨ ਵੀਜ਼ਾ ਅਪਲਾਈ ਕਰਨ ਤੋਂ ਬਾਅਦ ਤੁਹਾਨੂੰ ਬਿਊਰੋ ਆਫ ਇਮੀਗ੍ਰੇਸ਼ਨ ਭਾਰਤ ਵੱਲੋਂ ਈ. ਟੀ. ਏ. ਯਾਨਿ ਕਿ ਇਲੈਕਟ੍ਰੋਨਿਕ ਟਰੈਵਲ ਆਥੋਰਾਈਜ਼ੇਸ਼ਨ ਦਿੱਤੀ ਜਾਵੇਗੀ। ਤੁਸੀਂ ਆਪਣੀ ਈਮੇਲ ਦੇ ਰਾਹੀਂ ਇਸਨੂੰ ਹਾਸਲ ਕਰੋਗੇ, ਜੋ ਤੁਸੀਂ ਫਾਰਮ ਭਰਨ ਸਮੇਂ ਦਰਜ ਕੀਤੀ ਹੈ।
ਇਸ ਉੱਪਰ ਬਕਾਇਦਾ ਤੁਹਾਡੀ ਤਸਵੀਰ ਸਮੇਤ ਤੁਹਾਡਾ ਨਾਮ, ਪਾਸਪੋਰਟ ਨੰਬਰ, ਕਰਤਾਰਪੁਰ ਸਾਹਿਬ ਜਾਣ ਦੀ ਤਾਰੀਖ ਅਤੇ ਆਈ ਡੀ ਨੰਬਰ ਵੀ ਹੋਵੇਗਾ। ਇਸਦੇ ਹੇਠਲੇ ਪਾਸੇ ਸੰਗਤਾਂ ਲਈ ਪਾਕਿਸਤਾਨ ਸਰਕਾਰ ਦੀਆਂ ਹਦਾਇਤਾਂ ਲਿਖੀਆਂ ਗਈਆਂ ਹਨ, ਜਿੰਨਾਂ ਨੂੰ ਜਾਣ ਤੋਂ ਪਹਿਲਾਂ ਧਿਆਨ ਨਾਲ ਪੜਨਾ ਲਾਜ਼ਮੀਂ ਹੈ। ਈਟੀਏ ਨੂੰ ਤੁਸੀਂ ਪ੍ਰਿੰਟ ਕਰਨਾ ਹੈ ਤੇ ਕਾਗਜ਼ ਦੇ ਰੂਪ ‘ਚ ਡੇਰਾ ਬਾਬਾ ਨਾਨਕ ਜਾਂਦੇ ਸਮੇਂ ਨਾਲ ਲੈ ਕੇ ਜਾਣਾ ਹੈ। ਉੇੱੇਥੇ ਬਣੇ ਟਰਮੀਨਲ ‘ਤੇ ਤੁਹਾਡੀ ਐਂਟਰੀ ਤਾਂ ਹੀ ਹੋ ਸਕੇਗੀ ਜੇਕਰ ਤੁਹਾਡੇ ਕੋਲ ਪਾਸਪੋਰਟ ਅਤੇ ਪ੍ਰਿੰਟ ਕੀਤਾ ਹੋਇਆ ਇਲੈਕਟ੍ਰੋਨਿਕ ਟਰੈਵਲ ਆਥੋਰਾਈਜ਼ੇਸ਼ਨ ਵਾਲਾ ਕਾਗਜ਼ ਹੋਵੇਗਾ। ਕਿਉਂਕ ਇਸ ਦੇ ਸੱਜੇ ਹੱਥ ਉੱਪਰ ਵਾਲੇ ਹਿੱਸੇ ‘ਤੇ ਇੱਕ ਬਾਰ ਕੋਡ ਹੋਵੇਗਾ,
ਜੋ ਸਕੈਨ ਹੋਣ ਤੋਂ ਬਾਅਦ ਹੀ ਤੁਸੀਂ ਭਾਰਤ ਵਾਲੇ ਪਾਸਿਉਂ ਟਰਮੀਨਲ ਅੰਦਰ ਦਾਖਲ ਹੋ ਸਕੋਗੇ। 20 ਡਾਲਰ ਦੀ ਫੀਸ ਤੁਸੀਂ ਪਾਕਿਸਤਾਨ ਵਾਲੇ ਪਾਸੇ ਦੇ ਟਰਮੀਨਲ ‘ਤੇ ਜਾ ਕੇ ਦੇਣੀ ਹੈ। ਕੋਸ਼ਿਸ ਕਰੋ ਕਿ ਭਾਰਤੀ ਕਰੰਸੀ ਨੂੰ ਡਾਲਰਾਂ ‘ਚ ਬਦਲਵਾ ਕੇ ਇੱਧਰ ਵਾਲੇ ਪਾਸੇ ਤੋਂ ਹੀ ਨਾਲ ਲੈ ਕੇ ਜਾਵੋ, ਕਿਉਂਕਿ ਹਾਲੇ ਤੱਕ ਇਹ ਸਾਫ ਨਹੀਂ ਹੈ ਕਿ ਪਾਕਿਸਤਾਨ ਭਾਰਤੀ ਕਰੰਸੀ ਨੂੰ ਸਵੀਕਾਰ ਕਰੇਗਾ ਜਾਂ ਨਹੀਂ ਜਾਂ ਫਿਰ ਪਾਕਿਸਤਾਨ ਵਾਲੇ ਟਰਮੀਨਲ ਤੇ ਕਰੰਸੀ ਬਦਲਵਾਉਣ ਦੀ ਸਹੂਲਤ ਹੈ ਜਾਂ ਨਹੀਂ। ਪਰ ਤੁਸੀਂ ਭਾਰਤੀ ਕਰੰਸੀ ਨੂੰ ਡੇਰਾ ਬਾਬਾ ਨਾਨਕ ‘ਚ ਬਣੇ ਟਰਮੀਨਲ ਤੋਂ ਵੀ ਬਦਲਵਾ ਸਕਦੇ ਹੋ, ਕਿਉਂਕਿ ਉੱਥੇ ਕੁਝ ਪ੍ਰਾਈਵੇਟ ਬੈਂਕਾਂ ਨੇ ਆਰ ਬੀ ਆਈ ਤੋਂ ਮਨਜ਼ੂਰੀ ਲੈ ਕੇ ਕਾਂਉਟਰ ਖੋਲ੍ਹੇ ਹਨ। ਯਾਦ ਰਹੇ ਕਿ ਕਰੰਸੀ ਬਦਲਾਉਣ ਦੇ ਲਈ ਆਰ ਬੀ ਆਈ ਦੀਆਂ ਹਦਾਇਤਾਂ ਮੁਤਾਬਕ ਤੁਹਾਡੇ ਕੋਲ ਪਾਸਪੋਰਟ ਸਮੇਤ ਪੈਨ ਕਾਰਡ ਦਾ ਹੋਣਾ ਵੀ ਲਾਜ਼ਮੀਂ ਹੈ।
ਪੈਨ ਕਾਰਡ ਤੋਂ ਬਿਨਾਂ ਤੁਸੀਂ ਕਰੰਸੀ ਨਹੀਂ ਬਦਲਵਾ ਸਕੋਗੇ। ਸੋ ਕੋਸ਼ਿਸ਼ ਕਰੋ ਕਿ ਸ੍ਰੀ ਕਰਤਾਰਪੁਰ ਸਾਹਿਬ ਜਾਣ ਤੋਂ ਪਹਿਲਾਂ ਤੁਸੀਂ ਆਪਣੇ ਸ਼ਹਿਰ ਤੋਂ ਹੀ ਕਰੰਸੀ ਬਦਲਵਾ ਕੇ ਨਾਲ ਲਿਜਾਉ। ਯਾਦ ਰਹੇ ਕਿ ਪਾਕਿਸਤਾਨ ,ਸਰਕਾਰ ਸ਼ਰਧਾਲੂਆਂ ਲਈ ਨਿੱਤ ਨਵਾਂ ਫੈਸਲਾ ਸੁਣਾ ਰਹੀ ਹੈ ਇਸ ਲਈ ਤੁਹਾਨੂੰ ਹਰ ਪਾਸੇ ਤੋਂ ਪਹਿਲਾਂ ਹੀ ਤਿਆਰ ਰਹਿਣ ਦੀ ਲੋੜ ਹੈ। ਜਾਣੋ ਹੋਰ ਕੀ ਹਨ ਸ਼ਰਤਾਂ : ਸ਼ਰਧਾਲੂ ਆਪਣੇ ਨਾਲ ਵੱਧ ਤੋਂ ਵੱਧ 11 ਹਜ਼ਾਰ ਦੀ ਨਗਦੀ ਅਤੇ ਸੱਤ ਕਿੱਲੋ ਵਜ਼ਨੀ ਬੈਗ ਹੀ ਲਿਜਾ ਸਕਣਗੇ। ਇਸ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਵੀਜ਼ੇ ਦੀ ਲੋੜ ਨਹੀਂ ਹੋਵੇਗੀ ਪਰ ਪਛਾਣ ਲਈ ਪਾਸਪੋਰਟ ਲਾਜ਼ਮੀ ਹੋਵੇਗਾ, ਹਾਲਾਂਕ ਇਸ ‘ਤੇ ਕੋਈ (ਵੀਜ਼ੇ ਦੀ) ਮੋਹਰ ਨਹੀਂ ਲੱਗੇਗੀ।
13 ਸਾਲ ਤੋਂ ਘੱਟ ਉਮਰ ਦੇ ਬੱਚੇ ਤੇ 75 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗ ਗਰੁੱਪਾਂ ਵਿਚ ਹੀ ਯਾਤਰਾ ਕਰ ਸਕਣਗੇ। ਯਾਤਰਾ ਮੌਕੇ ਵਾਤਾਵਰਨ ਪੱਖੀ ਸਮੱਗਰੀ ਜਿਵੇਂ ਕੱਪੜੇ ਦੇ ਬੈਗ ਨੂੰ ਹੀ ਤਰਜੀਹ ਦੇਣ ਦੀ ਹਦਾਇਤ ਹੈ। ਤੇਜ਼ ਆਵਾਜ਼ ‘ਚ ਸੰਗੀਤ ਚਲਾਉਣ ਤੇ ਹੋਰ ਤਸਵੀਰਾਂ ਖਿੱਚਣ ਦੀ ਨਹੀਂ ਹੋਵੇਗੀ ਇਜਾਜ਼ਤ। ਯਾਤਰੂਆਂ ਨੂੰ ਇਕੱਲੇ ਜਾਂ ਗਰੁੱਪ ਵਿਚ ਅਤੇ ਤੁਰ ਕੇ ਜਾਣ ਦੀ ਖੁੱਲ੍ਹ ਹੋਵੇਗੀ। ਲਾਂਘਾ ਰੋਜ਼ ਸਵੇਰੇ ਖੁੱਲ੍ਹੇਗਾ ਤਾਂ ਸ਼ਰਧਾਲੂਆਂ ਨੂੰ ਸ਼ਾਮ ਤਕ ਹਰ ਹਾਲ ਵਿਚ ਵਾਪਸ ਆਉਣਾ ਹੋਵੇਗਾ। ਯਾਤਰੂਆਂ ਲਈ ਲੰਗਰ ਤੇ ਪ੍ਰਸਾਦ ਦਾ ਪ੍ਰਬੰਧ ਪਾਕਿਸਤਾਨ ਹੀ ਕਰੇਗਾਤਜਵੀਜ਼ਤ ਯਾਤਰਾ ਤੋਂ ਦਸ ਦਿਨ ਪਹਿਲਾਂ ਭਾਰਤ ਸਬੰਧਤ ਸ਼ਰਧਾਲੂਆਂ ਬਾਰੇ ਜਾਣਕਾਰੀ ਸਾਂਝੀ ਕਰੇਗਾ। ਸ਼ਰਧਾਲੂਆਂ ਨੂੰ 4 ਦਿਨ ਪਹਿਲਾਂ ਹੀ ਯਾਤਰਾ ਸੰਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਤੀਰਥ ਯਾਤਰਾ ਲਈ ਸ਼ਰਧਾਲੂ ਨੂੰ 20 ਡਾਲਰ ਫੀਸ ਅਦਾ ਕਰਨੀ ਪਵੇਗੀ।
ਤਾਜਾ ਜਾਣਕਾਰੀ