ਜੁਗਾੜੀ ਪੰਜਾਬਣ ਕਿਦਾਂ ਜੁਗਾੜ ਲਗਾਉਣ ਲਗੀ ਸੀ
ਪਟਿਆਲਾ ਪੁਲਸ ਨੇ ਥਾਣਾ ਜੁਲਕਾਂ ਅਧੀਨ ਪੈਂਦੇ ਪਿੰਡ ਸ਼ੇਖੂਪੁਰਾ ਤੋਂ 12 ਸਾਲ ਦੇ ਅਗਵਾ ਹੋਏ ਬੱਚੇ ਦੀ ਗੁੱਥੀ ਨੂੰ 24 ਘੰਟਿਆਂ ਵਿਚ ਸੁਲਝਾ ਲਿਆ ਹੈ। ਪੁਲਸ ਅਨੁਸਾਰ ਬੱਚਾ ਅਗਵਾ ਨਹੀਂ ਸੀ ਹੋਇਆ ਸਗੋਂ ਬੱਚੇ ਦੇ ਅਗਵਾ ਦੀ ਝੂਠੀ ਕਹਾਣੀ ਉਸ ਦੀ ਮਾਂ ਅਤੇ ਬੱਚੇ ਦੇ ਵੱਡੇ ਭਰਾ ਨੇ ਮਿਲ ਕੇ ਘੜੀ। ਪੁਲਸ ਨੇ ਇਸ ਮਾਮਲੇ ਵਿਚ ਬੰਟੀ ਗਿਰ ਦੀ ਮਾਤਾ ਅਮਰਜੀਤ ਕੌਰ ਅਤੇ ਭਰਾ ਬਲਵਿੰਦਰ ਸਿੰਘ ਨੂੰ ਇਸ ਵਿਚ ਨਾਮਜ਼ਦ ਕਰ ਲਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਡੀ. ਐੱਸ. ਪੀ. ਕ੍ਰਿਸ਼ਨ ਕੁਮਾਰ ਪੈਂਥੇ ਨੇ ਦੱਸਿਆ ਕਿ ਬੱਚੇ ਦੀ ਮਾਤਾ ਅਮਰਜੀਤ ਕੌਰ ਪਤਨੀ ਹੰਸ ਰਾਜ ਵਾਸੀ ਪਿੰਡ ਸ਼ੇਖੂਪੁਰਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਇਆ ਸੀ ਕਿ ਉਸ ਦਾ ਪਤੀ ਕੰਬਾਈਨ ‘ਤੇ ਕੰਮ ਕਰਨ ਲਈ ਮੱਧ ਪ੍ਰਦੇਸ਼ ਗਿਆ ਹੋਇਆ ਹੈ।
ਉਸ ਦਾ ਵੱਡਾ ਲੜਕਾ ਬਲਵਿੰਦਰ ਗਿਰ ਅਤੇ ਛੋਟਾ ਲੜਕਾ ਬੰਟੀ ਗਿਰ ਦੋਵੇਂ ਮੋਟਰਸਾਈਕਲ ‘ਤੇ ਰਾਤ ਨੂੰ 7.30 ਵਜੇ ਘਰੋਂ ਗਏ। ਆਪਣੇ ਪਿੰਡ ਦੇ ਮੰਗਤ ਭਾਰਤੀ ਦੇ ਲੜਕੇ ਨੇਕ ਭਾਰਤੀ ਦੇ ਘਰ ਗਏ ਸਨ। ਅੱਧੇ ਘੰਟੇ ਬਾਅਦ ਵੱਡਾ ਲੜਕਾ ਬਲਵਿੰਦਰ ਗਿਰ ਇਕੱਲਾ ਮੋਟਰਸਾਈਕਲ ‘ਤੇ ਘਰ ਆਇਆ। ਉਸ ਨੇ ਦੱਸਿਆ ਕਿ ਪਿੰਡ ਵਿਚ ਉਨ੍ਹਾਂ ਨੂੰ ਮੇਜਰ ਗਿਰ ਪੁੱਤਰ ਰਾਜ ਗਿਰ ਵਾਸੀ ਸ਼ੇਖੂਪੁਰ ਨੇ ਤੇਜ਼ ਮੋਟਰਸਾਈਕਲ ਚਲਾਉਣ ਕਾਰਣ ਘੂਰਿਆ। ਮੋਟਰਸਾਈਕਲ ਰੋਕ ਲਿਆ। ਉਸ ਦਾ ਛੋਟਾ ਭਰਾ ਬੰਟੀ ਉਥੇ ਹੀ ਰਹਿ ਗਿਆ। ਉਹ ਮੋਟਰਸਾਈਕਲ ਭਜਾ ਕੇ ਲੈ ਆਇਆ। ਕਾਫੀ ਸਮੇਂ ਬਾਅਦ ਜਦੋਂ ਉਸ ਦਾ ਲੜਕਾ ਬੰਟੀ ਗਿਰ ਨਾ ਆਇਆ ਤਾਂ ਪਿੰਡ ਵਿਚ ਉਸ ਦੀ ਭਾਲ ਕੀਤੀ ਗਈ ਪਰ ਉਹ ਨਹੀਂ ਲੱਭਾ। ਫਿਰ ਮੇਜਰ ਸਿੰਘ ਦੇ ਘਰ ਗਏ ਜਿਥੇ ਮੇਜਰ ਸਿੰਘ ਤੇ ਉਸ ਦੀ ਮਾਤਾ ਨੇ ਉਨ੍ਹਾਂ ਨੂੰ ਝਿੜਕਿਆ। ਇਸ ਤੋਂ ਬਾਅਦ ਅਮਰਜੀਤ ਕੌਰ ਨੇ 181 ਤੇ 112 ਨੰਬਰ ‘ਤੇ ਸ਼ਿਕਾਇਤ ਦਰਜ ਕਰਵਾਈ ਅਤੇ ਪੁਲਸ ਨੇ ਇਸ ਵਿਚ ਦਰਜ ਕਰ ਲਿਆ।
ਡੀ. ਐੱਸ. ਪੀ. ਪੈਂਥੇ ਨੇ ਦੱਸਿਆ ਕਿ ਬੱਚੇ ਨੂੰ ਲੱਭਣ ਲਈ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਐੱਸ. ਪੀ. ਸਿਟੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਡੀ. ਐੱਸ. ਪੀ. ਆਰ. ਅਜੇਪਾਲ ਸਿੰਘ ਤੇ ਡੀ. ਐੱਸ. ਪੀ. ਇਨਵੈਸਟੀਗੇਸ਼ਨ ਕ੍ਰਿਸ਼ਨ ਕੁਮਾਰ ਪੈਂਥੇ ਅਤੇ ਐੱਸ. ਐੱਚ. ਓ. ਜੁਲਕਾਂ ਦੀ ਅਗਵਾਈ ਹੇਠ ਇਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ। ਪੁਲਸ ਨੇ ਵੱਖ-ਵੱਖ ਟੀਮਾਂ ਬਣਾ ਕੇ ਮੰਦਰ, ਗੁਰਦੁਆਰਿਆਂ ਅਤੇ ਹੋਰ ਲੁਕਣ ਵਾਲੀਆਂ ਥਾਵਾਂ ‘ਤੇ ਸਰਚ ਮੁਹਿੰਮ ਚਲਾਈ। ਇਸ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਕਿ ਜਿਸ ਬੰਟੀ ਦੀ ਪੁਲਸ ਭਾਲ ਕਰ ਰਹੀ ਹੈ, ਉਸ ਨੂੰ ਬੰਟੀ ਦੀ ਮਾਂ ਤੇ ਭਰਾ ਘੜਾਮ ਮੀਰਾ ਜੀ ਮੰਦਰ ਛੱਡ ਆਏ ਹਨ। ਪੁਲਸ ਪਾਰਟੀ ਜਦੋਂ ਘੜਾਮ ਮੰਦਰ ਪਹੁੰਚੀ ਤਾਂ 12-13 ਸਾਲ ਦਾ ਬੱਚਾ ਮਿਲਿਆ। ਉਥੇ ਹਾਜ਼ਰ ਵਿਅਕਤੀਆਂ ਦੇ ਸਾਹਮਣੇ ਉਸ ਦਾ ਨਾਂ ਅਤੇ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਬੰਟੀ ਦੱਸਿਆ।
ਬੱਚੇ ਨੇ ਦੱਸਿਆ ਕਿ ਮੇਜਰ ਗਿਰ ਦੇ ਧਮਕਾਉਣ ਤੋਂ ਬਾਅਦ ਉਹ ਡਰ ਗਿਆ ਸੀ। ਖੇਤਾਂ ਵਿਚ ਲੁਕ ਗਿਆ ਸੀ। ਉਹ ਜਦੋਂ ਦੇਰ ਰਾਤ ਘਰ ਵਾਪਸ ਚਲਾ ਗਿਆ ਤਾਂ ਉਸ ਦੀ ਮਾਤਾ ਅਤੇ ਭਰਾ ਉਸ ਨੂੰ ਮੀਰਾ ਜੀ ਮੰਦਰ ਘੜਾਮ ਵਿਖੇ ਇਹ ਕਹਿ ਕੇ ਛੱਡ ਗਏ ਕਿ ਅਸੀਂ ਸ਼ਾਮ ਨੂੰ ਲੈ ਜਾਵਾਂਗੇ। ਜੇਕਰ ਤੈਨੂੰ ਕੋਈ ਪੁੱਛੇ ਤਾਂ ਇਹ ਕਹਿਣਾ ਹੈ ਕਿ ਮੇਜਰ ਗਿਰ ਅਗਵਾ ਕਰ ਕੇ ਉਸ ਨੂੰ ਇਥੇ ਛੱਡ ਗਿਆ ਹੈ। ਇਸ ਤੋਂ ਬਾਅਦ ਬੰਟੀ ਗਿਰ ਦੀ ਮਾਂ ਅਮਰਜੀਤ ਕੌਰ ਨੂੰ ਬੁਲਾ ਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਉਸ ਦਾ ਲੜਕਾ ਦੇਰ ਰਾਤ ਘਰ ਆ ਗਿਆ ਸੀ। ਉਹ ਪੁਲਸ ਨੂੰ ਕੇਸ ਦਰਜ ਕਰਵਾ ਚੁੱਕੀ ਸੀ। ਇਸੇ ਆੜ ਵਿਚ ਉਹ ਮੇਜਰ ਗਿਰ ਨੂੰ ਕੇਸ ਵਿਚ ਫਸਾ ਕੇ ਉਸ ਤੋਂ ਪੈਸੇ ਲੈਣਾ ਚਾਹੁੰਦੀ ਸੀ। ਉਸ ਨੇ ਇਹ ਮਨਘੜਤ ਕਹਾਣੀ ਬਣਾਈ। ਪੁਲਸ ਨੇ ਇਸ ਵਿਚ ਜੁਰਮ ਦਾ ਵਾਧਾ ਕਰ ਕੇ ਅਮਰਜੀਤ ਕੌਰ ਤੇ ਉਸ ਦੇ ਲੜਕੇ ਬਲਵਿੰਦਰ ਗਿਰ ਨੂੰ ਨਾਮਜ਼ਦ ਕਰ ਲਿਆ ਹੈ। ਇਸ ਮੌਕੇ ਡੀ. ਐੱਸ. ਪੀ. ਦਿਹਾਤੀ ਅਜੇਪਾਲ ਸਿੰਘ, ਥਾਣਾ ਜੁਲਕਾਂ ਅਤੇ ਐੱਸ. ਐੱਚ. ਓ. ਗੁਰਪ੍ਰੀਤ ਭਿੰਡਰ ਅਤੇ ਇੰਸ. ਸਵਰਨਜੀਤ ਸਿੰਘ ਵੀ ਹਾਜ਼ਰ ਸਨ।
ਤਾਜਾ ਜਾਣਕਾਰੀ