ਧੁਲੇ- ਸਾਲ 2016 ਵਿਚ ਗਲਤੀ ਨਾਲ ਪਕਿਸਤਾਨ ਦੀ ਸੀਮਾ ਪਾਰ ਕਰਨ ਵਾਲੇ ਨੌਜਵਾਨ ਚੰਦੂ ਨੇ ਸੈਨਾ ਵੱਲੋਂ ਲਗਾਤਾਰ ਪਰੇਸ਼ਾਨ ਕਰਨ ਦਾ ਆਰੋਪ ਲਗਾਉਂਦੇ ਹੋਏ ਕਿਹਾ ਕਿ ਉਹ ਸੈਨਾ ਤੋਂ ਅਸਤੀਫ਼ਾ ਦੇ ਦੇਵੇਗਾ। ਉਹਨਾਂ ਕਿਹਾ ਕਿ ਜਦੋਂ ਤੋਂ ਉਹ ਪਾਕਿਸਤਾਨ ਤੋਂ ਵਾਪਸ ਆਇਆ ਹੈ ਸੈਨਾ ਵੱਲੋਂ ਲਗਾਤਾਰ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਚੰਦੂ ਨੇ ਕਿਹਾ ਕਿ ਉਸ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਿਆ ਜਾ ਰਿਹਾ ਹੈ ਇਸ ਲਈ ਉਹ ਸੈਨਾ ਤੋਂ ਅਸਤੀਫ਼ਾ ਦੇ ਦੇਵੇਗਾ।
ਚੰਦੂ ਦੇ ਨਜ਼ਦੀਕੀ ਸੂਤਰਾਂ ਨੇ ਦੱਸਿਆ ਕਿ ਚੰਦੂ ਨੇ ਆਪਣਾ ਅਸਤੀਫ਼ਾ ਪੱਤਰ ਅਹਮਨਗਰ-ਅਧਾਰਤ ਸੈਨਾ ਟੁਕੜੀ ਦੇ ਕਮਾਂਡਰ ਨੂੰ ਭੇਜਿਆ ਹੈ। ਚੰਦੂ ਨੂੰ ਪਾਕਿਸਤਾਨੀ ਰੇਂਜਰਾਂ ਨੇ ਤਕਰੀਬਨ ਚਾਰ ਮਹੀਨਿਆਂ ਤੱਕ ਆਪਣੇ ਕਾਬੂ ਵਿਚ ਰੱਖਿਆ ਅਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ, ਤਸੀਹੇ ਦਿੱਤੇ ਅਤੇ ਮਰਨ ਦੀ ਸਥਿਤੀ ਵਿਚ ਭਾਰਤ ਦੇ ਹਵਾਲੇ ਕਰ ਦਿੱਤਾ। ਪਿਛਲੇ ਮਹੀਨੇ, ਚੰਦੂ ਇੱਕ ਸੜਕ ਹਾਦਸੇ ਵਿਚ ਜ਼ਖਮੀ ਹੋਏ ਸਨ। ਉਸਦੇ ਚਿਹਰੇ ਅਤੇ ਖੋਪੜੀ ‘ਤੇ ਗੰਭੀਰ ਸੱਟਾਂ ਲੱਗੀਆਂ ਸਨ। ਚਾਰ ਦੰਦ ਵੀ ਟੁੱਟੇ ਗਏ ਸਨ।
ਉਸ ਦੀਆਂ ਬਾਂਹਾਂ, ਬੁੱਲ੍ਹਾਂ ‘ਤੇ ਵੀ ਸੱਟਾਂ ਲੱਗੀਆਂ ਸਨ ਅਤੇ ਅਜੇ ਵੀ ਹਸਪਤਾਲ ਦਾਖਲ ਹੈ। ਇਹ ਹਾਦਸਾ ਸੜਕ ਉੱਤੇ ਟੋਏ ਕਾਰਨ ਵਾਪਰਿਆ ਜਦੋਂ ਉਹ ਮੋਟਰਸਾਈਕਲ ਰਾਹੀਂ ਆਪਣੇ ਜੱਦੀ ਸ਼ਹਿਰ ਬੋਹੜਵੀਰ ਜਾ ਰਿਹਾ ਸੀ। ਹੈਲਮੇਟ ਨਾ ਪਹਿਨਣ ਨਾਲ ਜ਼ਿਆਦਾ ਸੱਟਾਂ ਲੱਗੀਆਂ। ਉੱਥੇ ਹੀ ਚੰਦੂ ਵੱਲੋਂ ਪਰੇਸ਼ਾਨ ਕਰਨ ਦੇ ਲਗਾਏ ਆਰੋਪਾਂ ‘ਤੇ ਭਾਰਤੀ ਸੈਨਾ ਦੇ ਸੂਤਰਾਂ ਦਾ ਕਹਿਣਾ ਹੈ ਕਿ ਉਹ ਲਗਾਤਾਰ ਗਲਤੀਆਂ ਕਰ ਰਿਹਾ ਹੈ।
ਉਸ ਦੇ ਖਿਲਾਫ਼ ਅਨੁਸ਼ਾਸ਼ਨਹੀਣਤਾ ਦੇ 5 ਮਾਮਲਿਆਂ ਦੀ ਜਾਂਚ ਵੀ ਚੱਲ ਰਹੀ ਹੈ। ਇਸ ਤੋਂ ਪਹਿਲਾਂ ਵੀ ਉਸ ਨੂੰ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਬਿਨ੍ਹਾਂ ਦੱਸੇ ਚੌਕੀ ਤੋਂ ਜਾਣ ਲਈ ਸਜ਼ਾ ਦਿੱਤੀ ਗਈ ਸੀ। ਇਸ ਤੋਂ ਬਾਅਦ ਉਸ ਨੂੰ ਮਹਾਰਾਸ਼ਟਰ ਦੇ ਅਹਿਮਦਨਗਰ ਦੇ ਸ਼ਸ਼ਤਰ ਕੋਰ ਵਿਚ ਟ੍ਰਾਂਸਫਰ ਕਰ ਦਿੱਤਾ ਗਿਆ ਸੀ। ਚੰਦੂ ਬਾਰੇ ਸੈਨਾ ਦਾ ਕਹਿਣਾ ਹੈ ਕਿ ਚੰਦੂ ਦਾ ਅਨੁਸ਼ਾਸ਼ਨਹੀਣਤਾ ਵਾਲਾ ਵਰਤਾਅ ਸੈਨਾ ਬਰਦਾਸ਼ਤ ਨਹੀਂ ਕਰ ਸਕਦੀ।
ਤਾਜਾ ਜਾਣਕਾਰੀ