ਕੈਨੇਡਾ ਜਾਣ ਦਾ ਸੁਪਨਾ ਦੇਖ ਰਹੇ ਵਿਦਿਆਰਥੀਆਂ ਲਈ ਨਵੀਂ ਖੁਸ਼ਖਬਰੀ ਹੈ, ਪੰਜਾਬੀ ਨੌਜਵਾਨਾਂ ਦੇ ਕੈਨੇਡਾ ਜਾਣ ਦੀ ਰੀਝ ਪੂਰੀ ਕਰਨ ਲਈ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇ ਬਿ੍ਟਿਸ਼ ਕੋਲੰਬੀਆ ਦੀ ਵਕਾਰੀ ਸੰਸਥਾ ਓਕਨਾਆਗਨ ਕਾਲਜ ਨਾਲ ਅਹਿਮ ਗੱਠਜੋੜ ਕੀਤਾ ਹੈ |
ਓਕਨਾਆਗਨ ਵੈਲੀ ਦੇ ਬੇਹੱਦ ਖ਼ੂਬਸੂਰਤ ਸ਼ਹਿਰ ਕਲੋਨਾਂ ‘ਚ ਸਥਾਪਿਤ ਇਸ ਵਕਾਰੀ ਸੰਸਥਾ ਨਾਲ ਹੋਏ ਸਮਝੌਤੇ ਤਹਿਤ ਚੰਡੀਗੜ੍ਹ ਯੂਨੀਵਰਸਿਟੀ ਵਿਚ ਦੋ ਸਾਲ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਵਿਦਿਆਰਥੀ ਬਾਕੀ ਦੋ ਸਾਲ ਦੀ ਪੜ੍ਹਾਈ ਕੈਨੇਡਾ ਵਿਖੇ ਇਸ ਸੰਸਥਾ ਤੋਂ ਪੂਰੀ ਕਰਨਗੇ |
ਇਸ ਪ੍ਰੋਗਰਾਮ ਤਹਿਤ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਕੈਨੇਡੀਅਨ ਡਿਗਰੀ ਹਾਸਲ ਹੋਵੇਗੀ ਅਤੇ ਉੱਥੋਂ ਦੇ ਨਿਯਮਾਂ ਮੁਤਾਬਿਕ ਵਰਕ ਪਰਮਿਟ ਵੀ ਮਿਲੇਗਾ | ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਰਜਿੰਦਰ ਸਿੰਘ ਬਾਵਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਪੰਜਾਬ ਦੇ ਵਿਦਿਆਰਥੀ ਬਹੁਤ ਘੱਟ ਪੈਸੇ ਖ਼ਰਚ ਕੇ ਕੈਨੇਡਾ ਦੀ ਡਿਗਰੀ ਹਾਸਲ ਕਰ ਸਕਣਗੇ |
ਵਿਦਿਆਰਥੀ ਚੰਡੀਗੜ੍ਹ ਯੂਨੀਵਰਸਿਟੀ ਵਿਚ ਦੋ ਸਾਲ ਦੀ ਪੜ੍ਹਾਈ ਦੌਰਾਨ ਲੋਕਲ ਫ਼ੀਸ ਦੇ ਕੇ ਕੈਨੇਡੀਅਨ ਸੰਸਥਾ ਦੇ ਵੀ ਕਰੈਡਿਟਸ ਪੂਰੇ ਕਰ ਲੈਣਗੇ ਅਤੇ ਕੈਨੇਡਾ ਜਾ ਕੇ ਕੇਵਲ ਦੋ ਸਾਲ ਹੀ ਉਨ੍ਹਾਂ ਨੂੰ ਕੈਨੇਡੀਅਨ ਸੰਸਥਾ ਦੀ ਫ਼ੀਸ ਡਾਲਰਾਂ ‘ਚ ਦੇਣੀ ਪਵੇਗੀ |
ਡਾ: ਬਾਵਾ ਨੇ ਦੱਸਿਆ ਕਿ ਇਸ ਦੌਰਾਨ ਪੜ੍ਹਾਈ ਦੇ ਨਾਲ-ਨਾਲ ਉੱਥੇ ਦੇ ਨਿਯਮਾਂ ਅਨੁਸਾਰ ਪਾਰਟ ਟਾਈਮ ਕੰਮ ਕਰਕੇ ਵਿਦਿਆਰਥੀ ਆਪਣੀ ਫ਼ੀਸ ਖ਼ੁਦ ਕਮਾ ਸਕਦੇ ਹਨ | ਇਸੇ ਦੌਰਾਨ ਕੈਨੇਡੀਅਨ ਸੰਸਥਾ ਤੋਂ ਵਿਦਿਆਰਥੀਆਂ ਦੀ ਚੋਣ ਕਰਨ ਲਈ ਪੁੱਜੇ ਪ੍ਰੋਫੈਸਰ ਜੇਡ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਪੰਜਾਬ ਦੇ ਨੌਜਵਾਨਾਂ ਲਈ ਕੈਨੇਡਾ ਜਾਣ ਦਾ ਨਵਾਂ ਰਸਤਾ ਖੁੱਲਿ੍ਹਆ ਹੈ |
ਉਨ੍ਹਾਂ ਦੱਸਿਆ ਕਿ ਓਕਨਾਆਗਨ ਕਾਲਜ ਕੈਨੇਡਾ ਦੀ ਇਕ ਸਰਕਾਰੀ ਸੰਸਥਾ ਹੈ, ਜਿਸ ਨੇ ਪਹਿਲੀ ਵਾਰ ਪੰਜਾਬ ਵਿਚ ਚੰਡੀਗੜ੍ਹ ਯੂਨੀਵਰਸਿਟੀ ਦੇ ਉੱਚ ਪੱਧਰੀ ਵਿੱਦਿਅਕ ਮਿਆਰ ਨੂੰ ਦੇਖਦੇ ਹੋਏ ਅਜਿਹਾ ਅਹਿਮ ਗੱਠਜੋੜ ਕੀਤਾ ਹੈ |
ਤਾਜਾ ਜਾਣਕਾਰੀ