ਸੰਗਰੂਰ/ਸੁਨਾਮ: ਬੋਰਵੈੱਲ ‘ਚ ਡਿੱਗਣ ਤੋਂ ਬਾਅਦ ਮੌਤ ਦੇ ਮੂੰਹ ‘ਚ ਗਏ ਫਤਿਹਵੀਰ ਸਿੰਘ ਦੀ ਮ੍ਰਿਤਕ ਦੇਹ ਪੋਸਟਮਾਰਟਮ ਤੋਂ ਬਾਅਦ ਪਿੰਡ ਭਗਵਾਨਪੁਰਾ ਪਹੁੰਚ ਚੁੱਕੀ ਹੈ ਅਤੇ ਫਤਿਹਵੀਰ ਦੀ ਅੰਤਿਮ ਯਾਤਰਾ ਸ਼ੁਰੂ ਕਰ ਦਿੱਤੀ ਗਈ ਹੈ।
ਸੂਤਰਾਂ ਮੁਤਾਬਕ ਪਿੰਡ ਸ਼ੇਰੋ ਦੇ ਸ਼ਮਸ਼ਾਨਘਾਟ ਵਿਖੇ ਫਤਿਹਵੀਰ ਸਿੰਘ ਦੀਆਂ ਆਖਰੀ ਰਸਮਾਂ ਪੂਰੀਆਂ ਕੀਤੀਆਂ ਗਈਆਂ ਅਤੇ ਨਮ ਅੱਖਾਂ ਨਾਲ ਫਤਿਹਵੀਰ ਨੂੰ ਪਿਤਾ ਵਲੋਂ ਅਗਨੀ ਭੇਟ ਕੀਤੀ ਗਈ। ਚੌਪਰ ਰਾਹੀਂ ਚੰਡੀਗੜ੍ਹ ਤੋਂ ਭਗਵਾਨਪੁਰਾ ਪਹੁੰਚਣ ‘ਤੇ ਆਪਣੇ ਇਕਲੌਤੇ ਪੁੱਤ ਨੂੰ ਦੇਖ ਕੇ ਪਰਿਵਾਰ ਦੀਆਂ ਧਾਹਾਂ ਨਿਕਲ ਗਈਆਂ।
ਸੂਤਰਾਂ ਮੁਤਾਬਕ ਕੁਝ ਦੇਰ ਬਾਅਦ ਹੀ ਫਤਿਹ ਦੀ ਮ੍ਰਿਤਕ ਦੇਹ ਨੂੰ ਰੀਤਾ ਅਨੁਸਾਰ ਸੰਭਾਲ ਦਿੱਤਾ ਜਾਵੇਗਾ। ਡਾਕਟਰਾਂ ਮੁਤਾਬਕ ਦੋ ਸਾਲਾ ਫਤਿਹਵੀਰ ਸਿੰਘ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਉਸ ਦਾ ਸਰੀਰ ਗਲ ਚੁੱਕਾ ਸੀ।
ਦੂਜੇ ਪਾਸੇ ਵੱਡੀ ਗਿਣਤੀ ਵਿਚ ਲੋਕ ਪਿੰਡ ਭਗਵਾਨਪੁਰਾ ਪਹੁੰਚ ਰਹੇ ਹਨ ਅਤੇ ਫਤਿਹ ਦੀ ਮੌਤ ਤੋਂ ਬਾਅਦ ਸਰਕਾਰ ਖਿਲਾਫ ਲਗਾਤਾਰ ਪ੍ਰਦਰਸ਼ਨ ਵੀ ਹੋ ਰਹੇ ਹਨ। ਇਸ ਦਰਮਿਆਨ ਫਤਿਹ ਦੇ ਪਰਿਵਾਰ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਪਰਿਵਾਰ ਦਾ ਕਹਿਣਾ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਨੇ ਫਤਿਹਵੀਰ ਸਿੰਘ ਨੂੰ ਬਚਾਉਣ ਲਈ ਪੂਰੀ ਵਾਹ ਲਗਾਈ ਪਰ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਿਆ, ਇਸ ਲਈ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਪ੍ਰਦਰਸ਼ਨ ਕਰਕੇ ਦੂਜਿਆਂ ਨੂੰ ਤੰਗ ਨਾ ਕੀਤਾ ਜਾਵੇ।
ਤਾਜਾ ਜਾਣਕਾਰੀ