ਵੱਡੀ ਵਾਰਦਾਤ ਦੇਖੋ
ਭੁਲੱਥ — ਥਾਣਾ ਭੁਲੱਥ ਅਧੀਂਨ ਪੈਂਦੇ ਪਿੰਡ ਟਾਂਡੀ ਔਲਖ ਦੇ ਨੇੜੇ ਖੇਤਾਂ ‘ਚ ਬਣੇ ਇਕ ਡੇਰੇ ‘ਤੇ ਨਕਾਬਪੋਸ਼ ਅਣਪਛਾਤੇ ਵਿਅਕਤੀਆਂ ਵੱਲੋਂ ਪਿਓ-ਪੁੱਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਬਜ਼ੁਰਗ ਔਰਤ ਨੂੰ ਗੰਭੀਰ ਰੂਪ ‘ਚ ਜ਼ਖਮੀ ਕਰ ਦਿੱਤਾ ਗਿਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸੰਤੋਖ ਸਿੰਘ ਪੁੱਤਰ ਜੋਗਿੰਦਰ ਸਿੰਘ ਆਪਣੀ ਪਤਨੀ ਬਲਵੀਰ ਕੌਰ ਅਤੇ ਪੁੱਤਰ ਕ੍ਰਿਪਾਲ ਸਿੰਘ ਨਾਲ ਪਿੰਡ ਟਾਂਡੀ ਔਲਖ ਵਿਖੇ ਖੇਤਾਂ ‘ਚ ਡੇਰੇ ‘ਤੇ ਰਹਿੰਦਾ ਸੀ। ਸੰਤੋਖ ਸਿੰਘ ਦੀ ਲੜਕੀ ਸਰਬਜੀਤ ਕੌਰ ਨੇੜਲੇ ਪਿੰਡ ਕਰਨੈਲਗੰਜ ਵਿਆਹੀ ਹੋਈ ਹੈ।
ਬੀਤੇ ਦਿਨ ਤੋਂ ਸਰਬਜੀਤ ਕੌਰ ਨੇ ਆਪਣੇ ਪੇਕੇ ਪਰਿਵਾਰ ਨੂੰ ਵਾਰ-ਵਾਰ ਫੋਨ ਕੀਤਾ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ। ਜਿਸ ਕਾਰਨ ਸਰਬਜੀਤ ਕੌਰ ਆਪਣੀ ਮਾਤਾ-ਪਿਤਾ ਅਤੇ ਭਰਾ ਨੂੰ ਮਿਲਣ ਲਈ ਅੱਜ ਸਵੇਰੇ ਸਕੂਟਰੀ ‘ਤੇ ਡੇਰੇ ‘ਤੇ ਪਹੁੰਚ ਗਈ। ਇਥੇ ਪਹੁੰਚਦੇ ਸਰਬਜੀਤ ਨੇ ਦੇਖਿਆ ਕਿ ਡੇਰੇ ਦਾ ਗੇਟ ਖੁੱਲਾ ਸੀ ਅਤੇ ਵਿਹੜੇ ‘ਚ ਇਕ ਪਾਸੇ ਉਸ ਦੇ ਭਰਾ ਕ੍ਰਿਪਾਲ ਸਿੰਘ (40) ਦੀ ਲਾਸ਼ ਪਈ ਸੀ। ਜਦਕਿ ਘਰ ਦੇ ਅੰਦਰ ਬਰਾਂਡੇ ‘ਚ ਉਸ ਦੇ ਪਿਤਾ ਸੰਤੋਖ ਸਿੰਘ (65) ਦੀ ਖੂਨ ਨਾਲ ਲਥਪਥ ਲਾਸ਼ ਪਈ ਸੀ। ਸਰਬਜੀਤ ਇਹ ਸਾਰੀ ਘਟਨਾ ਦੇਖ ਹੀ ਰਹੀ ਸੀ ਕਿ ਉਸ ਨੂੰ ਪਾਣੀ-ਪਾਣੀ ਦੀ ਆਵਾਜ਼ ਸੁਣੀ। ਜਿਸ ਉਪਰੰਤ ਉਸ ਨੇ ਦੇਖਿਆ ਕਿ ਘਰ ਦੀ ਰਸੋਈ ‘ਚ ਉਸ ਦੀ ਮਾਤਾ ਬਲਵੀਰ ਕੌਰ ਗੰਭੀਰ ਜ਼ਖਮੀ ਹਾਲਤ ‘ਚ ਪਈ ਸੀ, ਜਿਸ ਨੂੰ ਬੰਨ੍ਹਿਆ ਹੋਇਆ ਸੀ।
ਇਸੇ ਦਰਮਿਆਨ ਸਰਬਜੀਤ ਕੌਰ ਨੇ ਸਾਰੀ ਘਟਨਾ ਦੇਖ ਕੇ ਆਪਣੇ ਸਹੁਰਾ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ। ਜਿਸ ਉਪਰੰਤ ਜ਼ਖਮੀ ਬਲਵੀਰ ਕੌਰ ਨੂੰ ਭੁਲੱਥ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਇਥੋਂ ਰੈਫਰ ਕਰ ਦਿੱਤਾ ਗਿਆ। ਇਸ ਸੰਬੰਧੀ ਗੱਲਬਾਤ ਕਰਨ ‘ਤੇ ਸਰਬਜੀਤ ਕੌਰ ਨੇ ਦਸਿਆ ਕਿ ਮੇਰੀ ਮਾਂ ਬਲਵੀਰ ਕੌਰ ਨੇ ਮੈਨੂੰ ਦਸਿਆ ਹੈ ਕਿ ਬੀਤੇ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਸਾਡੇ ਡੇਰੇ ‘ਤੇ 4 ਵਿਅਕਤੀ ਆਏ, ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ ਅਤੇ ਹੱਥ ‘ਚ ਤੇਜ਼ਧਾਰ ਹਥਿਆਰ ਫੜੇ ਸਨ। ਆਉਂਦੇ ਸਾਰ ਹੀ ਇਨ੍ਹਾਂ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪਰਿਵਾਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਦੂਜੇ ਪਾਸੇ ਘਟਨਾ ਦਾ ਪਤਾ ਲੱਗਣ ‘ਤੇ ਮੌਕੇ ‘ਤੇ ਐੱਸ. ਐੱਸ. ਪੀ. ਕਪੂਰਥਲਾ ਸਤਿੰਦਰ ਸਿੰਘ, ਐੱਸ. ਪੀ. (ਡੀ) ਹਰਪ੍ਰੀਤ ਸਿੰਘ ਮੰਡੇਰ, ਡੀ. ਐੱਸ. ਪੀ. ਭੁਲੱਥ ਡਾ. ਸਿਮਰਤ ਕੌਰ ਅਤੇ ਐੱਸ. ਐੱਚ. ਓ. ਭੁਲੱਥ ਕਰਨੈਲ ਸਿੰਘ ਵੱਡੀ ਗਿਣਤੀ ਵਿਚ ਪੁਲਸ ਫੋਰਸ ਸਮੇਤ ਮੌਕੇ ‘ਤੇ ਪੁੱਜੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਦਸਿਆ ਕਿ ਇਸ ਵਾਰਦਾਤ ਸੰਬੰਧੀ ਕੇਸ ਦਰਜ ਕਰ ਦਿੱਤਾ ਗਿਆ ਅਤੇ ਤਫਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਐੱਫ. ਐੱਸ. ਐੱਲ. ਟੀਮ ਵੀ ਜਾਂਚ ‘ਚ ਜੁੱਟੀ ਹੋਈ ਹੈ ਅਤੇ ਡਾਗ ਸੁਕਐੱਡ ਵੀ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਸ ਜਲਦੀ ਹੀ ਇਸ ਮਾਮਲੇ ਦੀ ਤਹਿ ਤੱਕ ਪਹੁੰਚ ਜਾਵੇਗੀ।
ਤਾਜਾ ਜਾਣਕਾਰੀ