ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਲੁਧਿਆਣਾ: ਸ਼ਹਿਰ ਦੇ ਪ੍ਰਾਈਵੇਟ ਸਕੂਲ ਨੇ ਆਪਣੇ ਸਕੂਲ ਵਿੱਚ ਪੜ੍ਹਦੇ ਵਿਦਿਆਰਥੀ ਦੇ ਮਾਪਿਆਂ ਤੋਂ ਫੀਸ ਵਸੂਲਣ ਤੇ ਜ਼ਲੀਲ ਕਰਨ ਦਾ ਨਵਾਂ ਤਰੀਕਾ ਲੱਭ ਲਿਆ ਹੈ। ਸਕੂਲ ਪ੍ਰਬੰਧਕਾਂ ਨੇ ਬੱਚੇ ਦੀ ਬਾਂਹ ‘ਤੇ ਫੀਸ ਭਰਵਾਉਣ ਸਬੰਧੀ ਮੋਹਰ ਲਾ ਦਿੱਤੀ। ਜਿੱਥੇ ਮਾਪੇ ਸਕੂਲ ਦੇ ਇਸ ਕਾਰੇ ਤੋਂ ਰੋਹ ਵਿੱਚ ਹਨ, ਉੱਥੇ ਹੀ ਸਕੂਲ ਇਹ ਤਰਕ ਦੇ ਰਿਹਾ ਹੈ ਕਿ ਬੱਚੇ ਕੋਲ ਕਾਪੀ ਨਹੀਂ ਸੀ, ਇਸ ਲਈ ਬਾਂਹ ‘ਤੇ ਮੋਹਰ ਲਾਈ ਗਈ ਹੈ।
ਹਾਸਲ ਜਾਣਕਾਰੀ ਅਨੁਸਾਰ ਮੁੰਡੀਆਂ ਕਲਾਂ ਦੇ ਐਸਡੀਐਨ ਸਕੂਲ ਵਿੱਚ 7ਵੀਂ ਜਮਾਤ ਦੇ ਵਿਦਿਆਰਥੀ ਦੀ ਅਪਰੈਲ ਤੇ ਮਈ ਮਹੀਨੇ ਦੀ ਫੀਸ ਜਮ੍ਹਾਂ ਨਹੀਂ ਕਰਵਾਈ ਗਈ ਸੀ। ਇਸ ਸਬੰਧੀ ਭਾਵੇਂ ਸਕੂਲ ਪ੍ਰਬੰਧਕਾਂ ਵੱਲੋਂ ਵਾਰ ਵਾਰ ਮਾਪਿਆਂ ਨੂੰ ਸੂਚਿਤ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਫੀਸ ਬਕਾਏ ਸਬੰਧੀ ਬੀਤੇ ਸ਼ੁੱਕਰਵਾਰ ਬੱਚੇ ਦੀ ਬਾਂਹ ’ਤੇ ਮੋਹਰ ਲਗਾ ਦਿੱਤੀ ਗਈ। ਬੱਚੇ ਦੇ ਵੱਡੇ ਭਰਾ ਯੁਵਰਾਜ ਨੇ ਦੱਸਿਆ ਕਿ ਉਸ ਦਾ ਪਿਤਾ ਆਟੋ ਚਲਾਉਂਦਾ ਹੈ, ਮਾਂ ਫੈਕਟਰੀ ’ਚ ਨੌਕਰੀ ਕਰਦੀ ਹੈ ਜਦਕਿ ਉਹ ਇੱਕ ਜੁੱਤੀਆਂ ਦੀ ਦੁਕਾਨ ’ਤੇ ਕੰਮ ਕਰਦਾ ਹੈ। ਗਰੀਬੀ ਕਰਕੇ ਉਹ ਛੋਟੇ ਭਰਾ ਦੀ ਮਹੀਨੇ ਦੀ ਫੀਸ ਜਮ੍ਹਾਂ ਨਹੀਂ ਕਰਵਾ ਸਕੇ।
ਉਨ੍ਹਾਂ ਕਿਹਾ ਕਿ ਅਸੀਂ ਸਕੂਲ ਪ੍ਰਬੰਧਕਾਂ ਨੂੰ ਭਰੋਸਾ ਦਿੱਤਾ ਸੀ ਕਿ 25 ਮਈ ਨੂੰ ਫੀਸ ਜਮ੍ਹਾਂ ਕਰਵਾ ਦੇਣਗੇ ਕਿਉਂਕਿ ਉਸ ਦਿਨ ਉਸ ਦੀ ਮਾਂ ਨੂੰ ਫੈਕਟਰੀ ਵਿੱਚੋਂ ਤਨਖਾਹ ਮਿਲਦੀ ਹੈ। ਪਰ ਸਕੂਲ ਵਾਲਿਆਂ ਨੇ ਬੱਚੇ ਦੀ ਬਾਂਹ ’ਤੇ ਫੀਸ ਬਕਾਇਆ ਵਾਲੀ ਮੋਹਰ ਲਾ ਦਿੱਤੀ ਅਤੇ ਸਕੂਲ ਪ੍ਰਬੰਧਕਾਂ ਨੇ ਬੱਚੇ ਦੇ ਮਾਪਿਆਂ ਵੱਲੋਂ ਅਧਿਆਪਕਾਂ ਨਾਲ ਦੁਰਵਿਹਾਰ ਕਰਨ ਦੀ ਸ਼ਿਕਾਇਤ ਪੁਲਿਸ ਨੂੰ ਵੀ ਕਰ ਦਿੱਤੀ ਹੈ।
ਸਕੂਲ ਦੇ ਚੇਅਰਮੈਨ ਐਸਕੇ ਦੁੱਗਲ ਨੇ ਕਿਹਾ ਕਿ ਮਾਪਿਆਂ ਨੇ ਹੁਣ ਤਕ ਬੱਚੇ ਦਾ ਨਾਂ ਤਕ ਦਰਜ ਨਹੀਂ ਕਰਵਾਇਆ ਪਰ ਫਿਰ ਵੀ ਉਹ ਬੱਚੇ ਦੇ ਪੇਪਰ ਲੈ ਰਹੇ ਹਨ। ਬੱਚੇ ਦੀ ਭੈਣ ਤੇ ਦੂਜਾ ਭਰਾ ਵੀ ਇੱਥੋਂ ਪੜ੍ਹੇ ਸਨ ਤੇ ਗਰੀਬੀ ਕਰਕੇ ਉਨ੍ਹਾਂ ਦੀ ਵੀ ਸਮੇਂ-ਸਮੇਂ ’ਤੇ ਮਦਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬੱਚੇ ਦੀ ਵੱਡੀ ਭੈਣ ਨੇ ਇਸ ਸਕੂਲ ਤੋਂ ਹੀ ਦਸਵੀਂ ਕੀਤੀ ਸੀ ਤੇ ਉਸ ਦੀ ਵੀ 6,000 ਰੁਪਏ ਫੀਸ ਬਕਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਮਾਪਿਆਂ ਨੇ ਸਕੂਲ ਵਿੱਚ ਆ ਕੇ ਪ੍ਰਿੰਸੀਪਲ ਤੇ ਹੋਰ ਅਧਿਆਪਕਾਂ ਨਾਲ ਦੁਰਵਿਹਾਰ ਕੀਤਾ ਹੈ।
ਤਾਜਾ ਜਾਣਕਾਰੀ