ਫਿਰੋਜ਼ਪੁਰ (ਗੁਰਮਿੰਦਰ ਸਿੰਘ) : ਵਿਧਾਨ ਸਭਾ ਚੋਣਾਂ ਤੋਂ ਬਾਅਦ ਹਾਸ਼ੀਏ ‘ਤੇ ਚੱਲ ਰਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਮੁੜ ਲੀਹ ‘ਤੇ ਲਿਆਉਣ ਲਈ ਖੁਦ ਮੈਦਾਨ ‘ਚ ਆਏ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਮੁੱਖ ਵਿਰੋਧੀ ਅਤੇ ਪੁਰਾਣੇ ਸਾਥੀ ਸ਼ੇਰ ਸਿੰਘ ਘੁਬਾਇਆ ਨੂੰ ਵੱਡੇ ਫਰਕ ਨਾਲ ਮਾਤ ਦਿੱਤੀ ਹੈ।
ਇਥੇ ਹੀ ਬਸ ਨਹੀਂ ਹੁਣ ਤਕ ਦੇ ਰੁਝਾਨਾਂ ਮੁਤਾਬਕ ਸੁਖਬੀਰ ਸਿੰਘ ਬਾਦਲ ਨੇ 198136 (ਲਗਭਗ ਦੋ ਲੱਖ) ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਫਿਰੋਜ਼ੁਪਰ ਦਾ ਕਿਲ੍ਹਾ ਫਤਿਹ ਕਰ ਲਿਆ ਹੈ।
ਸੁਖਬੀਰ ਬਾਦਲ ਦੀ ਇਹ ਜਿੱਤ ਪੰਜਾਬ ਭਰ ਵਿਚ ਲੋਕ ਸਭਾ ਚੋਣਾਂ ‘ਚ ਸਭ ਤੋਂ ਵੱਡੀ ਜਿੱਤ ਹੈ।
ਸ਼ੇਰ ਸਿੰਘ ਘੁਬਾਇਆ ਦਾ ਟੁੱਟਿਆ ਹੈਟ੍ਰਿਕ ਦਾ ਸੁਪਨਾ
ਸ਼ੇਰ ਸਿੰਘ ਘੁਬਾਇਆ ਲਗਾਤਾਰ ਦੋ ਵਾਰ ਅਕਾਲੀ ਦਲ ਟਿਕਟ ‘ਤੇ ਫਿਰੋਜ਼ਪੁਰ ਲੋਕ ਸਭਾ ਸੀਟ ਜਿੱਤਦੇ ਆ ਰਹੇ ਸਨ। ਘੁਬਾਇਆ ਇਸ ਵਾਰ ਹੈਟ੍ਰਿਕ ਕਰਨ ਦੇ ਇਰਾਦੇ ਨਾਲ ਕਾਂਗਰਸ ਦੀ ਟਿਕਟ ‘ਤੇ ਮੈਦਾਨ ‘ਚ ਉਤਰੇ ਸਨ ਅਤੇ ਉਨ੍ਹਾਂ ਬਕਾਇਦਾ ਸੁਖਬੀਰ ਨੂੰ ਚੈਲੇਂਜ ਕਰਕੇ ਉਨ੍ਹਾਂ ਖਿਲਾਫ ਚੋਣ ਲੜਨ ਦੀ ਚੁਣੌਤੀ ਦਿੱਤੀ ਸੀ।
ਘੁਬਾਇਆ 2009 ਵਿਚ ਕਾਂਗਰਸ ਦੇ ਜਗਮੀਤ ਸਿੰਘ ਬਰਾੜ ਨੂੰ 21071 ਵੋਟਾਂ ਦੇ ਫਰਕ ਨਾਲ ਹਰਾ ਕੇ ਪਹਿਲੀ ਵਾਰ ਪਾਰਲੀਮੈਂਟ ਪਹੁੰਚੇ ਸਨ। ਇਸ ਤੋਂ ਬਾਅਦ ਅਕਾਲੀ ਦਲ ਵਲੋਂ ਘੁਬਾਇਆ ਨੂੰ ਮੁੜ 2014 ਦੀਆਂ ਲੋਕ ਸਭਾ ਚੋਣਾਂ ਵਿਚ ਉਤਾਰਿਆ ਗਿਆ ਜਿਸ ਵਿਚ ਉਨ੍ਹਾਂ ਕਾਂਗਰਸ ਦੇ ਚੋਟੀ ਦੇ ਲੀਡਰ ਸੁਨੀਲ ਜਾਖੜ ਨੂੰ 31420 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ।
2019 ਦੀਆਂ ਲੋਕ ਸਭਾ ਚੋਣਾਂ ਵਿਚ ਘੁਬਾਇਆ ਕਾਂਗਰਸ ਦੀ ਟਿਕਟ ‘ਤੇ ਲਗਾਤਾਰ ਤੀਜੀ ਵਾਰ ਫਿਰੋਜ਼ਪੁਰ ਤੋਂ ਮੈਦਾਨ ਵਿਚ ਸਨ ਪਰ ਇਸ ਵਾਰ ਫਿਰੋਜ਼ਪੁਰ ਦੀ ਜਨਤਾ ਨੇ ਘੁਬਾਇਆ ‘ਤੇ ਭਰੋਸਾ ਨਾ ਪ੍ਰਗਟਾਉਂਦੇ ਹੋਏ ਸੁਖਬੀਰ ਨੂੰ ਚੁਣਿਆ ਅਤੇ ਘੁਬਾਇਆ ਨੂੰ ਦੋ ਲੱਖ ਵੋਟਾਂ ਦੇ ਫਰਕ ਨਾਲ ਹਾਰ ਦਾ ਮੂੰਹ ਦੇਖਣਾ ਪਿਆ।
ਤਾਜਾ ਜਾਣਕਾਰੀ