ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਰਾਜਕੁਮਾਰ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਖ਼ਤੂਮ ਦੀ ਛੇਵੀਂ ਪਤਨੀ ਹਯਾ ਬਿੰਤ ਅਲ ਹੁਸੈਨ ਦੇ ਦੋ ਬੱਚਿਆਂ ਅਤੇ 31 ਮਿਲੀਅਨ ਪਾਊਂਡ (ਤਕਰੀਬਨ 270 ਅਰਬ ਰੁਪਏ) ਸਮੇਤ ਨਾਲ ਲਾਪਤਾ ਹੋਣ ਦੀ ਖ਼ਬਰ ਹੈ।
ਉਹ ਜੌਰਡਨ ਦੇ ਸ਼ਾਹ ਅਬਦੁੱਲਾ ਦੀ ਮਤਰੇਈ ਭੈਣ ਹੈ। ਸ਼ੇਖ ਮੁਹੰਮਦ ਦੁਬਈ ਦੇ ਸ਼ਾਸਕ ਯੂਏਈ ਦੇ ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਹਨ। ਉਹ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ‘ਚੋਂ ਇੱਕ ਹਨ। ਸੰਭਾਵਨਾ ਹੈ ਕਿ ਹਯਾ ਇਸ ਸਮੇਂ ਲੰਡਨ ‘ਚ ਕਿਤੇ ਮੌਜੂਦ ਹਨ।
ਦੱਸਿਆ ਗਿਆ ਹੈ ਕਿ ਹਯਾ ਆਪਣੇ ਪਤੀ ਸ਼ੇਖ ਮੁਹੰਮਦ ਤੋਂ ਤਲਾਕ ਚਾਹੁੰਦੀ ਹੈ। ਪਤਾ ਲੱਗਾ ਹੈ ਕਿ ਹਯਾ ਦੁਬਈ ਤੋਂ ਪਹਿਲਾਂ ਜਰਮਨੀ ਗਈ।
ਹਯਾ ਨਾਲ ਧੀ ਜ਼ਲੀਲਾ (11) ਤੇ ਪੁੱਤਰ ਜ਼ਾਇਦ (7) ਹਨ। ਉਹ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਆਪਣੇ ਨਾਲ ਕਾਫ਼ੀ ਮਾਤਰਾ ‘ਚ ਧਨ ਵੀ ਲਿਆਏ ਹਨ।
ਖ਼ਬਰਾਂ ਹਨ ਕਿ ਜਰਮਨੀ ‘ਚ ਉਨ੍ਹਾਂ ਸਰਕਾਰ ਤੋਂ ਸਿਆਸੀ ਸ਼ਰਨ ਮੰਗੀ ਹੈ। ਬ੍ਰਿਟੇਨ ਦੇ ਆਕਸਫੋਰਡ ਯੂਨੀਵਰਸਿਟੀ ਤੋਂ ਪੜ੍ਹੀ ਹਯਾ ਨੂੰ 20 ਮਈ ਤੋਂ ਬਾਅਦ ਨਾ ਜਨਤਕ ਤੌਰ ਅਤੇ ਨਾ ਹੀ ਸੋਸ਼ਲ ਮੀਡੀਆ ਅਕਾਊਂਟ ‘ਤੇ ਨਹੀਂ ਵੇਖਿਆ ਗਿਆ।
ਜਦਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਸਮਾਜਕ ਕੰਮਾਂ ਨਾਲ ਜੁੜੇ ਫੋਟੋ ਸੋਸ਼ਲ ਮੀਡੀਆ ਅਕਾਊਂਟ ‘ਚ ਭਰੇ ਰਹਿੰਦੇ ਸਨ।
ਅਰਬ ਮੀਡੀਆ ਨੇ ਗ਼ੈਰ ਭਰੋਸੇਯੋਗ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਹਯਾ ਨੂੰ ਦੁਬਈ ਤੋਂ ਨਿਕਲਣ ‘ਚ ਜਰਮਨੀ ਦੇ ਇੱਕ ਡਿਪਲੋਮੈਟ ਨੇ ਮਦਦ ਕੀਤੀ ਹੈ।
ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਜਰਮਨ ਅਧਿਕਾਰੀਆਂ ਨੇ ਹਯਾ ਦੀ ਵਾਪਸੀ ਲਈ ਸ਼ੇਖ ਮੁਹੰਮਦ ਬਿਨ ਰਾਸ਼ਿਦ ਦੀ ਬੇਨਤੀ ਨੂੰ ਠੁਕਰਾ ਦਿੱਤਾ ਹੈ।
ਇਸ ਕਾਰਨ ਦੋਵਾਂ ਦੇਸ਼ਾਂ ਵਿਚਕਾਰ ਕੂਟਨੀਤਕ ਸੰਕਟ ਪੈਦਾ ਹੋ ਗਿਆ ਹੈ।
ਇਸ ਤੋਂ ਪਹਿਲਾਂ ਸ਼ੇਖ ਦੀ ਬੇਟੀ ਰਾਜਕੁਮਾਰੀ ਲਤੀਫਾ ਨੇ ਵੀ ਦੇਸ਼ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ।
ਦੱਸਿਆ ਗਿਆ ਸੀ ਕਿ ਉਨ੍ਹਾਂ ਨੂੰ ਗੋਆ ਕੋਲ ਭਾਰਤੀ ਕੋਸਟਗਾਰਡ ਨੇ ਫੜ ਲਿਆ ਸੀ ਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਯੂਏਈ ਦੇ ਸ਼ਾਹੀ ਪਰਿਵਾਰ ਹਵਾਲੇ ਕਰ ਦਿੱਤਾ ਗਿਆ ਸੀ।

ਤਾਜਾ ਜਾਣਕਾਰੀ