ਵਿਦੇਸ਼ਾਂ ‘ਚ ਜਾ ਕੇ ਕਮਾਈਆਂ ਕਰਨ ਦਾ ਸੁਪਨਾ ਕਿਸੇ ਲਈ ਸੁਪਨਾ ਹੀ ਰਹਿ ਜਾਂਦਾ ਹੈ। ਇਸ ਦੇ ਪਿੱਛੇ ਦਾ ਕਾਰਨ ਗਲਤ ਟਰੈਵਲ ਏਜੰਟਾਂ ਦੇ ਚੁੰਗਲ ‘ਚ ਫਸ ਜਾਣਾ, ਜਿਸ ਕਰ ਕੇ ਖੂਨ-ਪਸੀਨੇ ਨਾਲ ਕੀਤੀ ਕਮਾਈ ਵੀ ਖੂਹ ‘ਚ ਪੈ ਜਾਂਦੀ ਹੈ।
ਕੁਝ ਅਜਿਹਾ ਹੀ ਵਾਪਰਿਆ ਲੁਧਿਆਣੇ ਦੇ ਬਸਤੀ ਜੋਧੇਵਾਲ ‘ਚ ਨਿਊ ਸ਼ਕਤੀ ਨਗਰ ਦੇ ਰਹਿਣ ਵਾਲੇ ਨਾਨਕ ਨਾਲ। ਨਾਨਕ ਤੋਂ ਟਰੈਵਲ ਏਜੰਟ ਨੇ ਅਮਰੀਕਾ ਭੇਜਣ ਦੇ ਨਾਂ ‘ਤੇ 17 ਲੱਖ ਰੁਪਏ ਲਏ ਸਨ। ਏਜੰਟ ਨੇ ਨਾਨਕ ਨੂੰ ਗੈਰ-ਕਾਨੂੰਨੀ ਰੂਪ ਨਾਲ ਅਮਰੀਕਾ ਦਾ ਬਾਰਡਰ ਪਾਰ ਕਰਾਉਣ ਲਈ ਕੋਸਟਾਰਿਕਾ ਦੇ ਜੰਗਲਾਂ ‘ਚ ਛੱਡ ਦਿੱਤਾ।
ਜੰਗਲਾਂ ‘ਚ ਨਾਨਕ ਕਰੀਬ 10 ਦਿਨ ਭਟਕਦਾ ਰਿਹਾ ਅਤੇ ਦਰੱਖਤਾਂ ‘ਤੇ ਰਾਤ ਗੁਜ਼ਾਰੀ। ਨਾਨਕ ਨੇ ਘਾਹ ਤੇ ਪੱਤੇ ਖਾ ਕੇ ਆਪਣੀ ਭੁੱਖ ਮਿਟਾਈ। ਬੇਹੋਸ਼ੀ ਦੀ ਹਾਲਤ ਵਿਚ ਦੇਖ ਕੇ ਇਕ ਗੋਰੇ ਨੇ ਉਸ ਦੀ ਮਦਦ ਕੀਤੀ ਅਤੇ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ। ਜੰਗਲਾਂ ‘ਚ ਭਟਕਣ ਮਗਰੋਂ ਨਾਨਕ ਕਰੀਬ 103 ਦਿਨ ਬਾਅਦ ਵਾਪਸ ਪੰਜਾਬ ਪਰਤਿਆ।
ਪੂਰੀ ਕਹਾਣੀ ਨਾਨਕ ਦੀ ਜ਼ੁਬਾਨੀ—
ਨਾਨਕ ਨੇ ਦੱਸਿਆ ਕਿ ਮੈਂ ਅਮਰੀਕਾ ਜਾਣ ਲਈ ਜੋ ਸੁਪਨਾ ਦੇਖਿਆ ਸੀ, ਉਹ ਪੂਰਾ ਨਾ ਹੋ ਸਕਿਆ। ਉਸ ਨੇ ਦੱਸਿਆ ਕਿ ਦਿੱਲੀ ਤੋਂ ਇਕਵਾਡੋਰ ਪਹੁੰਚਣ ਮਗਰੋਂ ਇਕ ਵਿਅਕਤੀ ਨੇ ਮੈਨੂੰ ਬ੍ਰਾਜ਼ੀਲ ਭੇਜ ਦਿੱਤਾ, ਉੱਥੇ ਮੈਨੂੰ 2 ਲੋਕ ਮਿਲੇ ਜੋ ਕਿ ਬੱਸ ਵਿਚ ਲੈ ਗਏ। ਕਾਫੀ ਦੂਰ ਜਾ ਕੇ 90 ਦੇ ਕਰੀਬ ਨੌਜਵਾਨ ਮਿਲੇ।
ਦੋਹਾਂ ਵਿਅਕਤੀਆਂ ਨੇ ਸਾਰਿਆਂ ਦੇ ਪਾਸਪੋਰਟ ਲੈ ਲਏ ਅਤੇ ਸਾਨੂੰ ਨਹਿਰ ਦੇ ਰਸਤਿਓਂ ਅੱਗੇ ਵਧਣ ਨੂੰ ਕਿਹਾ ਗਿਆ ਅਤੇ ਬੋਲੇ ਕਿ 3-4 ਦਿਨਾਂ ‘ਚ ਸ਼ਹਿਰ ਮਿਲੇਗਾ, ਉੱਥੇ ਉਨ੍ਹਾਂ ਨੂੰ ਅਮਰੀਕਾ ਬਾਰਡਰ ਪਾਰ ਕਰਵਾ ਦਿੱਤਾ ਜਾਵੇਗਾ।
ਅਸੀਂ ਸਾਰੇ ਨਹਿਰ ਦੇ ਰਸਤੇ ਚੱਲਣ ਲੱਗੇ। ਇਸ ਦਰਮਿਆਨ ਮੇਰੀ ਪਿੱਠ ‘ਤੇ ਕਿਸੇ ਜਾਨਵਰ ਨੇ ਵੱਢ ਦਿੱਤਾ, ਜਿਸ ਕਾਰਨ ਮੈਂ ਜ਼ਖਮੀ ਹੋ ਗਿਆ। ਚੱਲਣ ਵਿਚ ਮੁਸ਼ਕਲ ਆਉਣ ਕਾਰਨ ਮੈਂ ਗਰੁੱਪ ਤੋਂ ਵਿਛੜ ਗਿਆ। 10 ਦਿਨਾਂ ਤਕ ਜੰਗਲਾਂ ‘ਚ ਭਟਕਦਾ ਰਿਹਾ। ਕਈ ਦਿਨਾਂ ਬਾਅਦ ਸੜਕ ‘ਤੇ ਪਹੁੰਚਿਆ ਅਤੇ ਬੇਹੋਸ਼ ਹੋ ਗਿਆ। ਜਦੋਂ ਹੋਸ਼ ਆਇਆ ਤਾਂ ਹਸਪਤਾਲ ਵਿਚ ਸੀ।
ਕੋਸਟਾਰਿਕਾ ਵਿਚ ਇਕ ਗੋਰੇ ਨੇ ਫੋਨ ਕਰ ਕੇ ਪਰਿਵਾਰ ਵਾਲਿਆਂ ਨੂੰ ਫੋਨ ਕਰ ਕੇ ਜਾਣਕਾਰੀ ਦਿੱਤੀ। ਕਰੀਬ 3 ਮਹੀਨੇ ਬਾਅਦ ਪਰਿਵਾਰ ਨੇ ਟਿਕਟ ਭੇਜ ਦਿੱਤੀ ਅਤੇ ਵ੍ਹਾਈਟ ਪਾਸਪੋਰਟ ਜ਼ਰੀਏ ਮੈਂ ਭਾਰਤ ਵਾਪਸ ਆ ਗਿਆ। ਪੁਲਸ ਨੇ ਉਸ ਦੇ ਗੁਆਂਢੀ ਸੁਮਿਤ ਚੋਪੜਾ, ਟਰੈਵਲ ਏਜੰਟ ਸਤਪਾਲ, ਆਸ਼ੀਸ਼ ਪਾਲ ਅਤੇ ਧਰਮੇਸ਼ ਮਹਿਤਾ ਵਿਰੁੱਧ ਸਾਜਿਸ਼ ਰਚਣ ਅਤੇ ਧੋਖਾਧੜੀ ਕਰਨ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਹੈ।
Home ਵਾਇਰਲ 17 ਲੱਖ ਰੁ, 103 ਦਿਨ ਤੇ ਜੰਗਲਾਂ ਚ ਭਟਕਣ ਬਾਅਦ ਵੀ ਨਹੀਂ ਪੂਰਾ ਹੋ ਸਕਿਆ ਅਮਰੀਕਾ ਜਾਣ ਦਾ ਸੁਪਨਾ ,ਇਸ ਤਰਾਂ ਕੀਤਾ ਏਜੇਂਟ ਨੇ ਧੋਖਾ
ਵਾਇਰਲ