ਨਵੀਂ ਦਿੱਲੀ — ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀ ਦੁਨੀਆ ‘ਚ ਡਰ ਫੈਲਿਆ ਹੋਇਆ ਹੈ। ਇਸ ਦੌਰਾਨ ਕਈ ਲੋਕ ਇਸ ਆਫਤ ਦੇ ਸਮੇਂ ਦੇਸ਼ ਦਾ ਸੰਕਟ ‘ਚ ਸਾਥ ਦੇਣ ਨੂੰ ਅੱਗੇ ਆਏ ਹਨ। ਦੇਸ਼ ਦੇ ਮਸ਼ਹੂਰ ਉਦਯੋਗਪਤੀ ਅਤੇ ਟਾਟਾ ਸੰਸ ਦੇ ਚੇਅਰਮੈਨ ਰਤਨ ਟਾਟਾ ਨੇ 500 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਹੈ। ਰਤਨ ਟਾਟਾ ਨੇ ਇਕ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ।
ਰਤਨ ਟਾਟਾ ਨੇ ਟਵੀਟ ਕਰ ਕਿਹਾ, ‘ਇਸ ਦੌੜ ‘ਚ ਕੋਵਿਡ-19 ਸੰਕਟ ਸਭ ਤੋਂ ਮੁਸ਼ਕਿਲ ਚੁਣੌਤੀਆਂ ‘ਚੋਂ ਇਕ ਹੈ। ਟਾਟਾ ਸਮੂਹ ਦੀਆਂ ਕੰਪਨੀਆਂ ਹਮੇਸ਼ਾ ਅਜਿਹੇ ਸਮੇਂ ‘ਚ ਦੇਸ਼ ਨਾਲ ਖੜ੍ਹੀਆਂ ਹਨ ਜਦੋਂ ਦੇਸ਼ ਨੂੰ ਉਨ੍ਹਾਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ।’ ਉਨ੍ਹਾਂ ਨੇ ਇਕ ਤਸਵੀਰ ਸ਼ੇਅਰ ਕੀਤਾ ਹੈ। ਜਿਸ ‘ਚ 500 ਕਰੋੜ ਰੁਪਏ ਦੇ ਸਹਾਇਤਾ ਰਾਸ਼ੀ ਦੀ ਜਾਣਕਾਰੀ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਕੋਰੋਨਾ ਸੰਕਟ ‘ਚ ਦੇਸ਼ ਦੇ ਕਈ ਲੋਕ ਸਹਾਇਤਾ ਲਈ ਅੱਗੇ ਆਏ ਹਨ। ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਨੇ ਰੀਅਲ ਹੀਰੋ ਦੀ ਭੂਮਿਕਾ ਅਦਾ ਕਰਦੇ ਹੋਏ 25 ਕਰੋੜ ਦੀ ਸਹਾਇਤਾ ਰਾਸੀ ਪੀ.ਐੱਮ. ਰਾਹਤ ਫੰਡ ‘ਚ ਦਾਨ ਕਰਨ ਦਾ ਐਲਾਨ ਕੀਤਾ ਹੈ। ਅਕਸ਼ੇ ਕੁਮਾਰ ਨੇ ਇਸ ਭਿਆਨਕ ਮਹਾਮਾਰੀ ਨਾਲ ਜੰਗ ‘ਚ ਬਾਲੀਵੁੱਡ ਸਟਾਰ ਦੀ ਤਰਵਾਂ ਹੁਣ ਤਕ ਦੀ ਸਭ ਤੋਂ ਵੱਡੀ ਰਾਸ਼ੀ ਦਾਨ ਕੀਤੀ ਹੈ।
ਸਾਊਥ ਸਟਾਰ ਪ੍ਰਭਾਸ ਨੇ 4 ਕਰੋੜ ਦੀ ਰਾਸ਼ੀ ਦਾਨ ਕੀਤੀ ਸੀ। ਪਵਨ ਕਲਿਆਣ ਨੇ 2 ਕਰੋੜ, ਮਹੇਸ਼ ਬਾਬੂ ਨੇ 1 ਕਰੋੜ ਅਤੇ ਰਾਮ ਚਰਣ ਨੇ 70 ਲੱਖ ਅਤੇ ਰਜਨੀਕਾਂਤ ਨੇ 50 ਲੱਖ ਰੁਪਏ ਸਹਾਇਤਾ ਰਾਸ਼ੀ ਦਿੱਤੀ ਹੈ। ਉਥੇ ਹੀ ਟੈਲੀਵਿਜ਼ਨ ਸਟਾਰ ਕਪਿਲ ਸ਼ਰਮਾ ਨੇ ਵੀ 50 ਲੱਖ ਰੁਪਏ ਦੀ ਰਾਸ਼ੀ ਦਾਨ ਕੀਤੀ ਹੈ। ਜ਼ਿਕਰਯੋਗ ਹੈ ਕਿ ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜੀ ਨਾਲ ਵਧਦੇ ਜਾ ਰਹੇ ਹਨ। ਕੋਰਾਨ ਨਾਲ ਹੁਣ ਤਕ 23 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 900 ਤੋਂ ਜ਼ਿਆਦਾ ਇਸ ਵਾਇਰਸ ਤੋਂ ਪੀੜਤ ਹਨ।