ਅਧੀ ਰਾਤ ਨੂੰ ਜਲੰਧਰ ਚ ਹੋਇਆ ਮੌਤ ਦਾ ਤਾਂਡਵ
ਜਲੰਧਰ: ਦੇਰ ਰਾਤ ਤੇਜ਼ ਹਵਾ ਚੱਲਣ ਨਾਲ ਗੁਰੂ ਨਾਨਕ ਮਿਸ਼ਨ ਚੌਕ ਸਥਿਤ ਇਕ ਪ੍ਰਾਈਵੇਟ ਹਸਪਤਾਲ ਦੀ ਕੰਧ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਟੀਮ, ਥਾਣਾ 4 ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਕਰਦੇ ਹੋਏ ਕਾਰ ‘ਤੇ ਡਿੱਗੀ ਕੰਧ ਨੂੰ ਚੁਕਵਾਇਆ ਅਤੇ ਨੌਜਵਾਨ ਨੂੰ ਬਾਹਰ ਕੱਢਿਆ ਪਰ ਕਾਰ ਚਾਲਕ ਦੀ ਮੌਤ ਹੋ ਚੁੱਕੀ ਸੀ। ਪੁਲਸ ਨੇ ਕਾਰ ਚਾਲਕ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਪੁਲਸ ਅਨੁਸਾਰ ਉਕਤ ਕਾਰ ਚਾਲਕ ਆਪਣੇ ਮਾਲਕ ਦੇ ਨਾਲ ਹਸਪਤਾਲ ‘ਚ ਮਰੀਜ਼ ਨੂੰ ਮਿਲਣ ਆਇਆ ਸੀ। ਕਾਰ ਚਾਲਕ ਕਾਰ ਨੂੰ ਕੰਧ ਦੀ ਸਾਈਡ ‘ਤੇ ਲਗਾ ਕੇ ਵਿਚ ਹੀ ਬੈਠਾ ਇੰਤਜ਼ਾਰ ਕਰਨ ਲੱਗਾ। ਇਸ ਦੌਰਾਨ ਤੇਜ਼ ਹਵਾ ਕਾਰਨ ਕੰਧ ਉਸ ‘ਤੇ ਡਿੱਗ ਗਈ। ਜਦੋਂ ਤੱਕ ਨੌਜਵਾਨ ਨੂੰ ਕੱਢਿਆ ਜਾਂਦਾ, ਉਸ ਦੀ ਮੌਤ ਹੋ ਚੁੱਕੀ ਸੀ। ਪੁਲਸ ਨੇ ਦੱਸਿਆ ਕਿ ਹਵਾ ਨਾਲ ਕੰਧ ਹਸਪਤਾਲ ਵਿਚ ਖੜ੍ਹੀ ਕਾਰ ‘ਤੇ ਅਤੇ ਬਾਹਰ ਜੂਸ ਦੀ ਰੇਹੜੀ ‘ਤੇ ਡਿੱਗ ਗਈ, ਜੋ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਕਾਰ ਚਾਲਕ ਦੀ ਪਛਾਣ ਸੰਜੀਵ ਕੁਮਾਰ ਵਾਸੀ ਭੰਡੋਰਾ ਊਨਾ ਹਿਮਾਚਲ ਵਜੋਂ ਹੋਈ ਹੈ, ਜੋ ਆਪਣੇ ਮਾਲਕ ਅਜਿੰਦਰ ਸਿੰਘ ਵਾਸੀ ਗਗਰੇਟ ਭੰਡੋਰੀ ਦੇ ਨਾਲ ਹਸਪਤਾਲ ਵਿਚ ਆਇਆ ਸੀ। ਹਸਪਤਾਲ ਵਿਚ ਅਜਿੰਦਰ ਦੀ ਮਾਤਾ ਕਈ ਦਿਨਾਂ ਤੋਂ ਦਾਖਲ ਸੀ, ਜਿਸ ਨੂੰ ਉਹ ਮਿਲਣ ਆਏ ਸੀ।
ਅਜਿੰਦਰ ਸਿੰਘ ਨੇ ਦੱਸਿਆ ਕਿ ਸੰਜੀਵ ਉਨ੍ਹਾਂ ਨੂੰ ਹਸਪਤਾਲ ਦੇ ਬਾਹਰ ਛੱਡ ਕੇ ਗੱਡੀ ਵਿਚ ਬੈਠ ਗਿਆ ਸੀ। ਕਰੀਬ 10.30 ਵਜੇ ਹਸਪਤਾਲ ਦੇ ਅੰਦਰ ਤੱਕ ਰੌਲਾ ਸੁਣਿਆ ਕਿ ਕੰਧ ਡਿੱਗ ਗਈ। ਕੋਈ ਵਿਅਕਤੀ ਕੰਧ ਦੇ ਹੇਠਾਂ ਆ ਗਿਆ। ਘਬਰਾ ਕੇ ਜਿਵੇਂ ਹੀ ਉਸ ਨੇ ਸੰਜੀਵ ਨੂੰ ਫੋਨ ਕੀਤਾ ਤਾਂ ਉਸ ਨੇ ਫੋਨ ਨਹੀਂ ਚੁੱਕਿਆ। ਵਾਰ-ਵਾਰ ਫੋਨ ਕਰਨ ‘ਤੇ ਉਸ ਨੇ ਅੰਦਾਜ਼ਾ ਲਾਇਆ ਕਿ ਕੰਧ ਹੇਠਾਂ ਆਉਣ ਵਾਲਾ ਸੰਜੀਵ ਹੀ ਹੈ। ਪੁਲਸ ਟੀਮ ਅਤੇ ਫਾਇਰ ਬ੍ਰਿਗੇਡ ਟੀਮ ਅਤੇ ਲੋਕਾਂ ਦੀ ਮਦਦ ਨਾਲ ਮਲਬੇ ਵਿਚੋਂ ਸੰਜੀਵ ਨੂੰ ਬਾਹਰ ਕੱਢਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ।
ਮੌਕੇ ‘ਤੇ ਮੌਜੂਦ ਥਾਣਾ ਨੰਬਰ 4 ਦੇ ਮੁਖੀ ਕਮਲਜੀਤ ਸਿੰਘ, ਏ. ਐੱਸ. ਆਈ. ਸੁੱਚਾ ਸਿੰਘ ਨੇ ਦੱਸਿਆ ਕਿ ਸਬੰਧਤ ਵਿਭਾਗ ਤੋਂ ਜਾਂਚ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਦੇਰ ਰਾਤ ਤੱਕ ਪੁਲਸ ਬਿਆਨ ਦਰਜ ਕਰ ਕੇ ਪਰਚਾ ਦਰਜ ਕਰਨ ਦੀ ਤਿਆਰੀ ਕਰ ਰਹੀ ਸੀ। ਹਸਪਤਾਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨੇੜੇ ਵਾਲੀ ਬਿਲਡਿੰਗ ਬਣ ਰਹੀ ਹੈ, ਜਿਸ ਦਾ ਨਿਰਮਾਣ ਚੱਲ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀ ਕੰਧ ਡਿੱਗੀ ਹੈ। ਬਿਲਡਿੰਗ ਮਾਲਕਾਂ ਦੀ ਨਾਲਾਇਕੀ ਕਾਰਨ ਇਹ ਹਾਦਸਾ ਹੋਇਆ ਹੈ।
ਤਾਜਾ ਜਾਣਕਾਰੀ