ਅੱਤ ਦੀ ਗਰਮੀ ਝੱਲਣ ਨੂੰ ਰਹੋ ਤਿਆਰ, ਪਾਰਾ ਜਾਵੇਗਾ 46 ਡਿਗਰੀ ਤੋਂ ਪਾਰ
ਬਠਿੰਡਾ —ਪਿਛਲੇ 15 ਦਿਨਾਂ ਦੌਰਾਨ ਬਠਿੰਡਾ ਤੇ ਆਸ-ਪਾਸ ਦੇ ਇਲਾਕਿਆਂ ‘ਚ ਹੋਈ ਹਲਕੀ ਬਾਰਿਸ਼ ਤੇ ਹਨੇਰੀ ਕਾਰਨ ਗਰਮੀ ਆਪਣਾ ਅਸਰ ਨਹੀਂ ਦਿਖਾ ਸਕੀ ਪਰ ਹੁਣ ਗਰਮੀ ਆਪਣਾ ਤੇਵਰ ਦਿਖਾਉਣ ਵਾਲੀ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਹੁਣ ਲੋਕਾਂ ਨੂੰ ਅੱਤ ਦੀ ਗਰਮੀ ਝੱਲਣ ਲਈ ਤਿਆਰ ਹੋ ਜਾਣਾ ਚਾਹੀਦਾ ਹੈ ਕਿਉਂਕਿ ਅਗਲੇ ਇਕ ਹਫਤੇ ਤੋਂ 10 ਦਿਨਾਂ ਦੇ ਅੰਦਰ ਗਰਮੀ ਆਪਣਾ ਅਸਲੀ ਰੰਗ ਦਿਖਾਉਣ ਵਾਲੀ ਹੈ। ਇਸ ਦੌਰਾਨ ਬਠਿੰਡਾ ਦਾ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਸੈਲਸੀਅਸ ਤੋਂ ਵੀ ਪਾਰ ਹੋ ਸਕਦਾ ਹੈ। ਮੰਗਲਵਾਰ ਨੂੰ ਬਠਿੰਡਾ ਦਾ ਵੱਧ ਤੋਂ ਵੱਧ ਤਾਪਮਾਨ 42.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜੋ ਆਉਣ ਵਾਲੇ ਦਿਨਾਂ ‘ਚ ਹੋਰ ਵਧਣ ਦੀ ਸੰਭਾਵਨਾ ਹੈ। ਬੀਤੇ ਦਿਨ ਵੱਧ ਤੋਂ ਵੱਧ ਤਾਪਮਾਨ 41.2 ਡਿਗਰੀ ਸੈਲਸੀਅਸ ਸੀ ਤੇ ਹੁਣ ਇਸ ਵਿਚ ਤੇਜ਼ੀ ਨਾਲ ਵਾਧਾ ਹੋਵੇਗਾ। ਇਸ ਦੌਰਾਨ ਗਰਮ ਲੂ ਚੱਲ ਸਕਦੀ ਹੈ ਤੇ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਹੋ ਸਕਦਾ ਹੈ।
ਲਗਾਤਾਰ ਕਈ ਦਿਨਾਂ ਤੱਕ ਵਧੇਗਾ ਤਾਪਮਾਨ
ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ ਪਾਰਾ ਇਕ ਡਿਗਰੀ ਸੈਲਸੀਅਸ ਪ੍ਰਤੀ ਦਿਨ ਵਧਦਾ ਚਲਾ ਜਾਵੇਗਾ ਤੇ 1 ਜੂਨ ਤੱਕ ਇਹ 46 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ। ਇਸ ਤੋਂ ਬਾਅਦ ਵੀ ਤਾਪਮਾਨ ‘ਚ ਕੋਈ ਗਿਰਾਵਟ ਹੋਣ ਦੇ ਆਸਾਰ ਨਹੀਂ ਹਨ ਤੇ ਕਈ ਦਿਨਾਂ ਤੱਕ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਤੇ ਘੱਟ ਤੋਂ ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਹੀ ਰਹੇਗਾ।
ਇੰਨੇ ਜ਼ਿਆਦਾ ਤਾਪਮਾਨ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਜਾਵੇਗਾ। ਅਗਲੇ ਇਕ ਹਫਤੇ ਦੌਰਾਨ ਆਸਮਾਨ ‘ਤੇ ਬੱਦਲ ਛਾਉਣ ਤੇ ਬਾਰਿਸ਼ ਹੋਣ ਦੀ ਵੀ ਕੋਈ ਸੰਭਾਵਨਾ ਨਹੀਂ ਹੈ, ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਕੋਈ ਰਾਹਤ ਨਹੀਂ ਮਿਲੇਗੀ। ਇਨ੍ਹਾਂ ਦਿਨਾਂ ਦੌਰਾਨ ਮੌਸਮ ਪੂਰੀ ਤਰ੍ਹਾਂ ਸਾਫ ਰਹੇਗਾ ਤੇ ਗਰਮੀ ਆਪਣੇ ਪੂਰੇ ਰੰਗ ‘ਚ ਹੋਵੇਗਾ।
ਬੀਮਾਰੀਆਂ ਤੋਂ ਬਚਣਾ ਹੈ ਤਾਂ ਰਹੋ ਸਾਵਧਾਨ
ਸਿਵਲ ਹਸਪਤਾਲ ਦੇ ਈ. ਐੱਮ. ਓ. ਡਾ. ਗੁਰਮੇਲ ਸਿੰਘ ਦਾ ਕਹਿਣਾ ਹੈ ਕਿ ਅੱਤ ਦੀ ਗਰਮੀ ਆਪਣੇ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਲੈ ਕੇ ਆਉਂਦੀ ਹੈ ਤੇ ਜੇਕਰ ਇਸ ਤੋਂ ਬਚਾਅ ਕਰਨਾ ਹੈ ਤਾਂ ਲੋਕਾਂ ਨੂੰ ਬਹੁਤ ਸਾਵਧਾਨ ਰਹਿਣਾ ਪਵੇਗਾ। ਖਾਣ-ਪੀਣ ਦਾ ਵੀ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਤੇ ਬਾਹਰੀ ਖਾਣ ਜਾਂ ਬਾਸੀ ਖਾਧ ਪਦਾਰਥ ਖਾਣ ਤੋਂ ਗੁਰੇਜ਼ ਕਰੋ। ਅਜਿਹੇ ਵਿਚ ਤਾਜ਼ਾ ਫਲ, ਤਾਜ਼ੀ ਸਬਜ਼ੀਆਂ ਤੇ ਵਧੀਆ ਭੋਜਨ ਦਾ ਹੀ ਸੇਵਨ ਕਰਨਾ ਚਾਹੀਦਾ ਹੈ।
ਤਾਜਾ ਜਾਣਕਾਰੀ