ਘਰਾਂ ਚ ਸੁੱਟੀ ਅਜਿਹੀ ਚੀਜ ਕਿ ਸਵੇਰ ਹੁੰਦੇ ਹੀ ਘਰਾਂ ਚੋਂ ਭੱਜੇ ਲੋਕ
ਸ਼੍ਰੀ ਮੁਕਤਸਰ ਸਾਹਿਬ: ਗਿੱਦੜਬਾਹਾ ਵਿਚ ਸਵੇਰੇ ਉਸ ਸਮੇਂ ਮਾਹੌਲ ਖ਼ੌਫ਼ਜ਼ਦਾ ਹੋ ਗਿਆ ਜਦੋਂ ਇੱਥੋਂ ਦੀ ਲਛਮਣ ਕਲੋਨੀ ਦੇ ਦਰਜਨ ਤੋਂ ਵੀ ਜ਼ਿਆਦਾ ਘਰਾਂ ਦੇ ਦਰਵਾਜ਼ਿਆਂ ‘ਤੇ ਲੋਕਾਂ ਨੂੰ ਧਮਕੀ ਭਰੇ ਪੱਤਰ ਪਏ ਮਿਲੇ। ਇਨ੍ਹਾਂ ਪੱਤਰਾਂ ਵਿਚ ਹਰੇਕ ਘਰ ਨੂੰ 50 ਹਜ਼ਾਰ ਰੁਪਏ ਦੇਣ ਲਈ ਕਿਹਾ ਗਿਆ ਹੈ। ਨਾਲ ਹੀ ਪੈਸੇ ਨਾ ਦੇਣ ‘ਤੇ ਪਰਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿਤੀ ਗਈ ਹੈ। ਹੋਰ ਤਾਂ ਹੋਰ ਧਮਕੀ ਦੇਣ ਵਾਲੇ ਨੇ ਪੱਤਰ ਲਾਰੈਂਸ ਬਿਸ਼ਨੋਈ ਗਰੁੱਪ ਲਿਖ ਕੇ ਦੋ ਫ਼ੋਨ ਨੰਬਰ ਵੀ ਦਿਤੇ ਹੋਏ ਹਨ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪੂਰੇ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ ਅਤੇ ਕਲੋਨੀ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿਚ ਧਮਕੀ ਦੇਣ ਵਾਲਾ ਵਿਅਕਤੀ ਦੇਰ ਰਾਤ 1 ਤੋਂ 2 ਵਜੇ ਦੇ ਵਿਚਕਾਰ ਲੋਕਾਂ ਦੇ ਘਰਾਂ ਵਿਚ ਪੱਤਰ ਸੁੱਟਦਾ ਵਿਖਾਈ ਦੇ ਰਿਹਾ ਹੈ। ਘਰਾਂ ਵਿਚੋਂ ਇਹ ਧਮਕੀ ਭਰੇ ਪੱਤਰ ਮਿਲਣ ਮਗਰੋਂ ਲਛਮਣ ਕਲੋਨੀ ਦੇ ਲੋਕਾਂ ਨੇ ਇਕੱਠੇ ਹੋ ਕੇ ਪੁਲਿਸ ਪ੍ਰਸ਼ਾਸਨ ਤੋਂ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਫੜਨ ਦੀ ਮੰਗ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਪੱਤਰ ਇਕ-ਦੋ ਘਰਾਂ ਵਿਚ ਨਹੀਂ ਬਲਕਿ 20-25 ਘਰਾਂ ਵਿਚ ਸੁੱਟੇ ਹੋਏ ਮਿਲੇ ਹਨ।
ਪੁਲਿਸ ਨੇ ਸੀਸੀਟੀਵੀ ਫੁਟੇਜ ਨੂੰ ਅਪਣੇ ਕਬਜ਼ੇ ਵਿਚ ਲੈ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਲੋਕਾਂ ਨੂੰ ਭਰੋਸਾ ਦਿਤਾ ਹੈ ਕਿ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ। ਦੱਸ ਦੇਈਏ ਕਿ ਇਸ ਘਟਨਾ ਦੇ ਸਾਹਮਣੇ ਆਉਣ ਨਾਲ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਫਿਲਹਾਲ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਸ ਹਰਕਤ ਕਰਨ ਵਾਲੇ ਨੂੰ ਕਦੋਂ ਕਾਬੂ ਕਰਦੀ ਹੈ।
ਤਾਜਾ ਜਾਣਕਾਰੀ