ਦਹੇਜ਼ ਪ੍ਰਥਾ ਸਦੀਆਂ ਤੋਂ ਚੱਲੀ ਆ ਰਹੀ ਰੂੜੀਵਾਦੀ ਪ੍ਰਥਾ ਹੈ। ਜੋ ਅੱਜ ਵੀ ਸਾਡੇ ਸਮਾਜ ਵਿੱਚ ਜੜ੍ਹਾਂ ਜਮਾਈ ਬੈਠੀ ਹੈ। ਲੜਕੀ ਨੂੰ ਉਸਦੇ ਵਿਆਹ ਮੌਕੇ ਉਸਦੇ ਮਾਪਿਆਂ ਵੱਲੋਂ ਮਹਿੰਗੇ ਤੋਹਫੇ, ਗਹਿਣੇ ਤੇ ਧਨ ਦੇਣ ਦਾ ਰਿਵਾਜ਼ ਜਗੀਰਦਾਰੀ ਸਮਾਜ ਦੇ ਸਮੇਂ ਤੋਂ ਹੀ ਚੱਲਦਾ ਆ ਰਿਹਾ ਹੈ। ਰਾਜੇ-ਰਜਵਾੜੇ ਤੇ ਵੱਡੇ ਜਗੀਰਦਾਰ ਆਪਣੀਆਂ ਲੜਕੀਆਂ ਦੇ ਵਿਆਹ ਤੇ ਇੱਕ ਦੂਜੇ ਤੋਂ ਵਧ-ਚੜ ਕੇ ਦਹੇਜ਼ ਦਿੰਦੇ ਸਨ। ਇਸ ਪਿੱਛੇ ਉਹਨਾਂ ਦੇ ਸਮਾਜਿਕ ਰੁਤਬੇ ਤੇ ਸ਼ਾਨੋ-ਸ਼ੌਕਤ ਦਾ ਪ੍ਰਗਟਾਵਾ ਸੀ। ਨਾ ਸਿਰਫ ਅਮੀਰ ਘਰਾਣੇ ਸਗੋਂ ਆਮ ਲੋਕਾਂ ਵਿੱਚ ਵੀ ਇਹ ਪ੍ਰਥਾ ਮਸ਼ਹੂਰ ਸੀ। ਕਿਉਂਕਿ ਸਮਾਜਿਕ ਦੇ ਨਾਲ਼-ਨਾਲ਼ ਇਹ ਧਾਰਮਿਕ ਰਸਮਾਂ ਨਾਲ਼ ਵੀ ਜੁੜੀ ਹੋਈ ਹੈ। ਹਿੰਦੂ ਤੇ ਮੁਸਲਿਮ ਧਰਮ ਦਹੇਜ਼ ਪ੍ਰਥਾ ਨੂੰ ਮਾਨਤਾ ਦਿੰਦੇ ਹਨ। ਇਸ ਲਈ ਪੁਰਾਣੇ ਸਮੇਂ ਇਹ ਪ੍ਰਥਾ ਲੋਕਾਂ ਦੇ ਜੀਵਨ ਨਾਲ਼ ਸਬੰਧਿਤ ਰਹੀ ਪਰ ਅੱਜ 21ਵੀਂ ਸਦੀ ਵਿੱਚ ਵੀ ਇਹ ਰੂੜੀਵਾਦੀ ਪ੍ਰਥਾ ਲੋਕਾਂ ਦੀ ਮਾਨਸਿਕਤਾ ਅੰਦਰ ਘਰ ਕਰੀ ਬੈਠੀ ਹੈ। ਸਗੋਂ ਪਹਿਲਾਂ ਨਾਲ਼ੋਂ ਵੀ ਘਿਨੌਣਾ ਰੂਪ ਧਾਰਨ ਕਰ ਗਈ ਹੈ।
ਦਹੇਜ਼ ਵਰਗੀਆਂ ਅਲਾਮਤਾਂ ਨੂੰ ਲੋਕਾਂ ਦੀ ਮਾਨਸਿਕਤਾ ‘ਚੋਂ ਕੱਢਣਾ ਕੋਈ ਜਾਦੂ ਦੀ ਛੜੀ ਘੁੰਮਾਉਂਣ ਵਾਲਾ ਕੰਮ ਨਹੀਂ। ਅੱਜ ਦੇ ਸਮਾਜ ‘ਚ ਜਦ ਹਰ ਚੀਜ਼ ਮੁਨਾਫੇ ‘ਤੇ ਧਨ ਇਕੱਠਾ ਕਰਨ ਦੀ ਹੋੜ ‘ਚ ਲੱਗੀ ਹੋਈ ਹੈ ਤਾਂ ਵਿਆਹ ਇਸਤੋਂ ਅਣਛੂਹਿਆ ਕਿਵੇਂ ਰਹਿ ਸਕਦਾ ਹੈ। ਸਮਾਜ ਵਿੱਚ ਜਿਵੇਂ-ਜਿਵੇਂ ਆਰਥਿਕ ਅਸੁਰੱਖਿਆ ਵੱਧਦੀ ਜਾਵੇਗੀ ਓਵੇਂ-ਓਵੇਂ ਇਹ ਬੁਰਾਈਆਂ ਹੋਰ ਤਿੱਖਾ ‘ਤੇ ਭਿਆਨਕ ਰੂਪ ਧਾਰਨ ਕਰਨਗੀਆਂ। ਇਹਨਾਂ ਨੂੰ ਜੜੋਂ ਮੁਕਾਉਣ ਲਈ ਇਹਨਾਂ ਦੇ ਕਾਰਨਾ ਨੂੰ ਜੜੋਂ ਖਤਮ ਕਰਨ ਦੀ ਲੋੜ ਹੈ। ਜੋ ਕਿ ਸਰਮਾਏਦਾਰੀ ਢਾਂਚਾ ਕਰ ਹੀ ਨਹੀਂ ਸਕਦਾ।
ਇਸਦਾ ਜੜ੍ਹੋ ਖਾਤਮਾਂ ਤਾਂ ਅਜਿਹੇ ਸਮਾਜ ਵਿੱਚ ਹੀ ਸੰਭਵ ਹੈ ਜਿੱਥੇ ਆਰਥਿਕ ਅਸੁਰੱਖਿਆ ਨਾ ਹੋਵੇ। ਪਰ ਜਦੋਂ ਤੱਕ ਅਜਿਹਾ ਸਮਾਜ ਨਹੀਂ ਬਣਦਾ ਉਦੋਂ ਤੱਕ ਔਰਤਾਂ ਦੀਆਂ ਜਥੇਬੰਦੀਆਂ ਬਣਾਉਣ ਦੀ ਲੋੜ ਹੈ ਤਾਂ ਕਿ ਉਨ੍ਹਾਂ ‘ਤੇ ਹੋਣ ਵਾਲੇ ਅਜਿਹੇ ਜ਼ੁਲਮਾਂ ਦਾ ਉਹ ਇਕਜੁੱਟ ਵਿਰੋਧ ਕਰ ਸਕਣ। ਦੂਜਾ ਸਮਾਜ ਵਿੱਚ ਚੇਤਨਾ ਪੱਧਰ ਨੂੰ ਉੱਚਾ ਚੁੱਕਣ, ਨੈਤਿਕ ਤੇ ਇਨਸਾਨੀ ਕੀਮਤਾਂ ਦਾ ਵੱਡੇ ਪੱਧਰ ‘ਤੇ ਪ੍ਰਚਾਰ-ਪ੍ਰਸਾਰ ਕਰਨਾ ਅੱਜ ਦੇ ਸਮੇਂ ਦੀ ਸਭ ਤੋਂ ਅਹਿਮ ਲੋੜ ਹੈ। ਦਹੇਜ਼ ਵਰਗੀਆਂ ਪ੍ਰਥਾਵਾਂ ਦਾ ਜੜੋਂ ਖਾਤਮਾਂ ਕਰਨ ਲਈ ਮਨੁੱਖਤਾ ਪੱਖੀ ਲੋਕਾਂ ਨੂੰ ਅੱਗੇ ਆਉਣ ਦੀ ਲੋੜ ਹੈ।