ਬਚਪਨ ਵਿੱਚ ਅਕਸਰ ਭੈਣ-ਭਰਾਵਾਂ ਵਿੱਚ ਤਕਰਾਰ ਹੋ ਜਾਂਦਾ ਹੈ, ਪਰ ਤਕਰਾਰਬਾਜ਼ੀ ਕਾਰਨ ਕੌਣ ਘਰ ਛੱਡਦਾ ਹੈ। ਇਸ ਦਾ ਜਵਾਬ ਹੈ ਮੂਲ ਰੂਪ ‘ਚ ਓੜੀਸ਼ਾ ਦਾ ਰਹਿਣ ਵਾਲਾ 21 ਸਾਲਾ ਦਿਨੇਸ਼ ਜੀਨਾ ਜੋ ਅੱਠ ਸਾਲ ਪਹਿਲਾਂ ਆਪਣੇ ਘਰੋਂ (ਹੁਣ ਤੇਲੰਗਾਨਾ ‘ਚ) ਤੋਂ ਭੱਜਿਆ ਸੀ। ਅੱਜ ਅੰਮ੍ਰਿਤਸਰ ਜ਼ਿਲ੍ਹੇ ‘ਚ ਡੇਅਰੀ ਕਾਰੋਬਾਰੀ ਹੈ ਤੇ ਆਪਣੀ ਮਾਤ ਭਾਸ਼ਾ ਉੜੀਆ ਤੇ ਤੇਲਗੂ ਦੇ ਨਾਲ-ਨਾਲ ਫਰਾਟੇਦਾਰ ਪੰਜਾਬੀ ਬੋਲਦਾ ਹੈ।ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ, ਜਨਵਰੀ 2011 ਵਿੱਚ 13 ਸਾਲ ਦਾ ਦਿਨੇਸ਼ ਆਪਣੇ ਭਰਾ ਦੀਪਕ ਨਾਲ ਪਿੰਡ ਮੌਲਾ ਅਲੀ ਵਿੱਚ ਕ੍ਰਿਕੇਟ ਖੇਡ ਰਿਹਾ ਸੀ। ਦੀਪਕ ਨੇ ਦੱਸਿਆ ਕਿ ਉਸ ਨੇ ਉਸ ਨੂੰ ਬੈਟਿੰਗ ਨਾ ਕਰਨ ਦਿੱਤੀ ਤਾਂ ਉਹ ਤੇਜ਼ ਗੇਂਦਾਂ ਸੁੱਟਣ ਲੱਗ ਪਿਆ। ਮੈਨੂੰ ਗੁੱਸਾ ਆਇਆ ਤਾਂ ਉਸ ਨੂੰ ਕੁੱਟ ਦਿੱਤਾ। ਦਿਨੇਸ਼ ਉੱਥੋਂ ਭੱਜ ਗਿਆ ਤੇ ਫਿਰ ਕਦੇ ਵਾਪਸ ਨਾ ਆਇਆ।
ਘਰੋਂ ਭੱਜਣ ਲੱਗਿਆਂ ਦਿਨੇਸ਼ ਨੇ ਘਰੋਂ 2,000 ਰੁਪਏ ਚੁੱਕ ਲਏ ਤੇ ਕਦੇ ਵੀ ਹੈਦਰਾਬਾਦ ਨਾ ਮੁੜਨ ਦਾ ਨਿਸ਼ਚਾ ਕੀਤਾ। ਉੱਥੋਂ ਉਹ ਦਿੱਲੀ ਚਲਾ ਗਿਆ, ਜਿੱਥੇ ਉਹ ਇੱਕ ਸਰਦਾਰ ਜੀ ਨੂੰ ਮਿਲਿਆ। ਉਹ ਉਨ੍ਹਾਂ ਨਾਲ ਦਿੱਲੀ ਕੁਝ ਦਿਨ ਰੁਕਿਆ, ਕੰਮ ਦੀ ਤਲਾਸ਼ ਕੀਤੀ ਪਰ ਕਿਤੇ ਗੱਲ ਨਾ ਬਣੀ। ਫਿਰ ਸਿੱਖ ਵਿਅਕਤੀ ਨੇ ਦਿਨੇਸ਼ ਨੂੰ ਅੰਮ੍ਰਿਤਸਰ ਦੇ ਪਿੰਡ ਰਾਣਾਕਾਲਾ ਪਿੰਡ ਦੇ ਸ਼ੁਭਰਾਜ ਸਿੰਘ ਦੇ ਘਰ ਛੱਡ ਦਿੱਤਾ। ਸ਼ੁਭਰਾਜ ਸਿੰਘ ਨੇ ਇੱਕ ਸਾਲ ਤਕ ਦਿਨੇਸ਼ ਨੂੰ ਕੁਝ ਕਰਨ ਨੂੰ ਨਹੀਂ ਕਿਹਾ ਤੇ ਉਹ ਸਾਰਾ ਦਿਨ ਉਨ੍ਹਾਂ ਦੇ ਬੱਚਿਆਂ ਨਾਲ ਖੇਡਦਾ ਰਹਿੰਦਾ। ਇਸੇ ਦੌਰਾਨ ਅੱਠ ਜਮਾਤਾਂ ਪਾਸ ਦਿਨੇਸ਼ ਦੇ ਮਨ ਵਿੱਚ ਅੱਗੇ ਪੜ੍ਹਨ ਦੀ ਤਾਂਘ ਜਾਗੀ, ਪਰ ਸਕੂਲਾਂ ਦੇ ਸਰਟੀਫਿਕੇਟ ਨਾ ਹੋਣ ਕਾਰਨ ਉਹ ਅੱਗੇ ਪੜ੍ਹ ਨਾ ਸਕਿਆ।
ਸ਼ੁਭਰਾਜ ਸਿੰਘ 48 ਕਿੱਲੇ ਜ਼ਮੀਨ ‘ਤੇ ਖੇਤੀ ਕਰਦੇ ਸਨ ਤੇ ਦਿਨੇਸ਼ ਨੇ ਹੌਲੀ-ਹੌਲੀ ਟਰੈਕਟਰ ਚਲਾਉਣਾ ਸਿੱਖ ਲਿਆ। ਉਨ੍ਹਾਂ ਦਿਨੇਸ਼ ਨੂੰ 7,000 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਕੰਮ ‘ਤੇ ਰੱਖ ਲਿਆ। ਦਿਨੇਸ਼ ਉਨ੍ਹਾਂ ਦੇ ਘਰ ਹੀ ਰਹਿੰਦਾ ਅਤੇ ਆਪਣੀ ਬੱਚਤ ‘ਚੋਂ ਉਸ ਨੇ ਪਹਿਲਾਂ ਇੱਕ ਲੱਖ ਰੁਪਏ ਦੀ ਮੱਝ ਖਰੀਦੀ ਤੇ ਫਿਰ ਇੱਕ ਲੱਖ ਰੁਪਏ ਨਾਲ ਬੁਲਟ ਮੋਟਰਸਾਈਕਲ ਵੀ ਖਰੀਦਿਆ। ਦਿਨੇਸ਼ ਨੇ ਮਿਹਨਤ, ਲਗਨ ਤੇ ਸ਼ੁਭਰਾਜ ਸਿੰਘ ਦੇ ਸਮਰਥਨ ਨਾਲ ਛੋਟਾ ਜਿਹਾ ਡੇਅਰੀ ਕਾਰੋਬਾਰ ਸ਼ੁਰੂ ਕਰ ਲਿਆ। ਦਿਨੇਸ਼ ਨੂੰ ਕਿਸੇ ਨੇ ਅੰਗਰੇਜ਼ੀ ਸਿੱਖ ਕੇ ਵਿਦੇਸ਼ ਜਾਣ ਦੇ ਰਸਤੇ ਵੀ ਦੱਸੇ ਤੇ ਹੁਣ ਉਹ ਇਸੇ ਦੀ ਤਿਆਰੀ ਕਰ ਰਿਹਾ ਹੈ।
ਇਸੇ ਸਭ ਦਰਮਿਆਨ ਦਿਨੇਸ਼ ਨੇ ਸਾਲ 2015 ਵਿੱਚ ਆਪਣੇ ਘਰ ਪਰਤਣ ਦੀ ਸੋਚੀ। ਆਪਣੇ ਸ਼ਹਿਰ ਵਿੱਚ ਪੈਰ ਧਰਦਿਆਂ ਉਹ ਡਰ ਗਿਆ ਤੇ ਓਨ੍ਹੀਂ ਪੈਰੀਂ ਪੰਜਾਬ ਵਾਪਸ ਆ ਗਿਆ। ਦਿਨੇਸ਼ ਨੂੰ ਪਰਿਵਾਰ ਨੂੰ ਪਾਉਣ ਲਈ ਨਵੀਂ ਤਰਕੀਬ ਸੁੱਝੀ। ਉਸ ਨੇ ਫੇਸਬੁੱਕ ਤੋਂ ਲੈ ਕੇ ਟਿੱਕ-ਟੌਕ ਤਕ ਬਹੁਤ ਸਾਰੀਆਂ ਸੋਸ਼ਲ ਮੀਡੀਆ ਸਾਈਟਸ ਤੇ ਐਪਸ ‘ਤੇ ਆਪਣੇ ਖਾਤੇ ਬਣਾਏ ਤੇ ਸੋਚਿਆ ਕਿ ਇਸ ਤੋਂ ਉਸ ਦਾ ਪਰਿਵਾਰ ਉਸ ਨੂੰ ਖੋਜ ਲਵੇਗਾ।ਉਸ ਦੀ ਕੋਸ਼ਿਸ਼ ਰੰਗ ਲਿਆਈ ਅਗਸਤ 2018 ਵਿੱਚ ਦਿਨੇਸ਼ ਦੇ ਵੱਡੇ ਭਰਾ ਦੀਪਕ ਨੇ ਉਸ ਦੀ ਫੇਸਬੁੱਕ ਪ੍ਰੋਫਾਈਲ ਦੇਖੀ। ਉਸ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਉਸ ਦੀ ਪੈੜ ਨੱਪੀ ਤਾਂ ਪਤਾ ਲੱਗਾ ਕਿ ਘਰੋਂ ਲੜ ਕੇ ਭੱਜਾ ਦਿਨੇਸ਼ ਅੰਮ੍ਰਿਤਸਰ ਵਿੱਚ ਡੇਅਰੀ ਕਾਰੋਬਾਰੀ ਬਣ ਕੇ ਬੈਠਾ ਹੈ। ਇਸ ਤਰ੍ਹਾਂ ਸੋਸ਼ਲ ਮੀਡੀਆ ਨੇ ਚਿਰਾਂ ਦੇ ਵਿੱਛੜੇ ਪਰਿਵਾਰ ਨੂੰ ਮਿਲਾ ਦਿੱਤਾ।
ਵਾਇਰਲ