ਸੰਗਰੂਰ: ਪਿੰਡ ਭਗਵਾਨਪੁਰਾ ਵਿਖੇ 2 ਸਾਲਾ ਫਤਿਹਵੀਰ ਬੋਰਵੈੱਲ ਵਿੱਚ ਡਿੱਗਣ ਕਾਰਨ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ । ਅੱਜ ਯਾਨੀ ਕਿ ਵੀਰਵਾਰ ਨੂੰ ਫਤਿਹਵੀਰ ਦੇ ਫੁੱਲ ਚੁਗੇ ਗਏ । ਫੁੱਲ ਚੁਗਣ ਸਮੇਂ ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਦੀਆਂ ਅੱਖਾਂ ਇਕ ਵਾਰ ਫਿਰ ਨਮ ਹੋ ਗਈਆਂ ।
ਫੁੱਲ ਚੁਗਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ‘ਤੇ ਬਣੇ ਅਸਥਘਾਟ ਵਿਖੇ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ । ਅਸਥੀਆਂ ਜਲ ਪ੍ਰਵਾਹ ਕਰਨ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਗੁਰਦੁਆਰਾ ਸਾਹਿਬ ਜਾ ਕੇ ਮਾਸੂਮ ਫਤਹਿਵੀਰ ਸਿੰਘ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਵਾਈ ਅਤੇ ਕੀਰਤਨ ਸਰਵਣ ਕੀਤਾ ।
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਬਲਵਿੰਦਰ ਸਿੰਘ ਨੇ ਫਤਹਿਵੀਰ ਦੇ ਮਾਤਾ-ਪਿਤਾ ਅਤੇ ਦਾਦਾ ਨੂੰ ਸਿਰਪਾਓ ਭੇਟ ਕੀਤੇ ।ਫਤਿਹਵੀਰ ਦੀ ਆਤਮਿਕ ਸ਼ਾਂਤੀ ਲਈ ਰੱਖੇ ਸਹਿਜ ਪਾਠ ਦੇ ਭੋਗ 20 ਜੂਨ ਦਿਨ ਵੀਰਵਾਰ ਦੁਪਹਿਰ 1 ਵਜੇ ਤੱਕ ਅਨਾਜ ਮੰਡੀ ਸੁਨਾਮ ਵਿਖੇ ਪਾਏ ਜਾਣਗੇ ।
ਇਸ ਮਾਮਲੇ ਵਿੱਚ ਗੱਲਬਾਤ ਕਰਦੇ ਹੋਏ ਫਤਹਿਵੀਰ ਦੇ ਦਾਦਾ ਅਜਮੇਰ ਸਿੰਘ ਅਤੇ ਫੁੱਫੜ ਗੁਰਲਾਲ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਨੇ ਉਨ੍ਹਾਂ ਦੇ ਬੱਚੇ ਨੂੰ ਸਹੀ ਸਲਾਮਤ ਕੱਢਣ ਲਈ ਕੋਈ ਵੀ ਢੁਕਵੇਂ ਕਦਮ ਨਹੀਂ ਚੁੱਕੇ । ਬਲਕਿ ਉਨ੍ਹਾਂ ਨੇ ਉਨ੍ਹਾਂ ਦੇ ਪਰਿਵਾਰ ਨੂੰ ਪਰੇਸ਼ਾਨ ਹੀ ਕੀਤਾ ।
ਉਨ੍ਹਾਂ ਨੇ ਦੱਸਿਆ ਕਿ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੇ ਘਰ ਏਸੀ ਲਗਾ ਕੇ ਆਰਾਮ ਨਾਲ ਬੈਠੇ ਰਹੇ ਤੇ ਕਈ ਤਰ੍ਹਾਂ ਦੀਆਂ ਮੰਗਾਂ ਵੀ ਮਨਵਾਉਂਦੇ ਰਹੇ । ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਉਹ ਲੋਕਾਂ ਦਾ ਧੰਨਵਾਦ ਕਰਦੇ ਹਨ , ਜਿਨ੍ਹਾਂ ਨੇ ਉਨ੍ਹਾਂ ਦੀ ਪੂਰੀ ਮਦਦ ਕੀਤੀ ।
ਉਨ੍ਹਾਂ ਨੇ ਦੱਸਿਆ ਕਿ ਲੋਕਾਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਫਤਹਿਵੀਰ ਨੂੰ ਬੋਰਵੈਲ ਵਿਚੋਂ ਬਾਹਰ ਕੱਢਿਆ ਜਾਵੇ, ਪਰ ਪ੍ਰਸ਼ਾਸਨ ਨੇ ਇਲਾਕੇ ਦੇ ਲੋਕਾਂ ਨੂੰ ਉੱਥੇ ਨੇੜੇ ਨਹੀਂ ਆਉਣ ਦਿੱਤਾ, ਜਿਸ ਕਾਰਨ ਫਤਹਿਵੀਰ ਨੂੰ ਬੋਰਵੈਲ ਵਿਚੋਂ ਕੱਢਣ ਲਈ ਇੰਨਾ ਜਿਆਦਾ ਸਮਾਂ ਲੱਗ ਗਿਆ । ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਗੁਮਰਾਹ ਕੀਤਾ ਕਿ ਫ਼ਤਹਿਵੀਰ ਠੀਕ ਹੈ, ਜਦਕਿ ਡਾਕਟਰਾਂ ਅਨੁਸਾਰ ਉਸ ਦੀ ਪਹਿਲਾਂ ਤੋਂ ਹੀ ਮੌਤ ਹੋ ਚੁੱਕੀ ਸੀ ।
ਤਾਜਾ ਜਾਣਕਾਰੀ