ਆਖਿਰਕਾਰ ਬਾਬੇ ਦਾ ਬਿਮਾਰੀਆਂ ਨਾਲ ਲੜਦਾ ਸਰੀਰ ਜਵਾਬ ਦੇ ਚੁੱਕਿਆ ਸੀ । ਡਾਕਟਰ ਨੇ ਜਵਾਬ ਦੇ ਦਿੱਤਾ ਕਿ ਤੁਸੀਂ ਹੁਣ ਬਜ਼ੁਰਗ ਨੂੰ ਘਰ ਲੈ ਚੱਲੋ ਅਤੇ ਜਿੰਨੀ ਵੀ ਹੋ ਸਕਦੀ ਸੇਵਾ ਕਰ ਲਓ । ਪੋਹ ਦੀ ਰਾਤ ਹੈ ਅਤੇ ਬਜ਼ੁਰਗ ਮੰਜੇ ਤੇ ਪਿਆ ਜ਼ਿੰਦਗੀ ਦੇ ਆਖਰੀ ਸਾਹਾਂ ਨਾਲ ਲੜ ਰਿਹਾ । ਕੁਝ ਦੇਰ ਬਾਅਦ ਬਾਬਾ ਆਪਣੀ ਨੂੰਹ ਨੂੰ ਅਵਾਜ਼ ਲਗਾਉਂਦਾ ਹੈ,”ਧੀਏ ਠੰਡ ਲੱਗਦੀ, ਇੱਕ ਕੰਬਲ ਹੋਰ ਦੇ ਦੇਹ” । ਉਹ ਕੰਬਲ ਲੈ ਕੇ ਆ ਰਹੀ ਹੁੰਦੀ ਹੈ ਪਰ ਰਸਤੇ ਵਿੱਚ ਹੀ ਰੁਕ ਕੇ ਸੋਚਣ ਲੱਗ ਜਾਂਦੀ ਹੈ ਕਿ ਕੰਬਲ ਕਿਉਂ ਖਰਾਬ ਕਰਨਾ ਬੁੜੇ ਨੇ ਮਰ ਤਾਂ ਜਾਣਾ ਅਤੇ ਵਾਪਸ ਮੁੜ ਜਾਂਦੀ ਹੈ ।
ਠੰਡ ਨਾਲ ਮਰ ਰਿਹਾ ਬਜ਼ੁਰਗ ਇੱਕ ਵਾਰ ਫਿਰ ਤੋਂ ਅਵਾਜ਼ ਲਗਾਉਂਦਾ ਹੈ ਜੋ ਕਿ ਨੂੰਹ ਦੇ ਕੰਨਾਂ ਤੱਕ ਤਾਂ ਪਹੁੰਚ ਜਾਂਦੀ ਹੈ ਪਰ ਮਨ ਤੱਕ ਨਹੀਂ ਪਹੁੰਚਦੀ। ਇਸ ਲਈ ਅੱਗਿਓਂ ਕੋਈ ਜਵਾਬ ਨਹੀਂ ਆਉਂਦਾ । ਬਜ਼ੁਰਗ ਦਾ ਪੋਤਰਾ ਕੁਝ ਦੇਰ ਬਾਅਦ ਸਕੂਲ ਤੋਂ ਪੜਕੇ ਵਾਪਿਸ ਆਉਂਦਾ ਹੈ । ਬੈਗ ਰੱਖਕੇ ਦੂਜੇ ਕਮਰੇ ਚ ਦੇਖਦਾ ਹੈ ਕਿ ਬਾਪੂ ਠੰਡ ਨਾਲ ਕਰਾਹ ਰਿਹਾ ਹੁੰਦਾ ਹੈ । ਪੁੱਛਦਾ ਹੈ ਦਾਦਾ ਜੀ ਕੀ ਹੋਇਆ । ਉਹ ਦੱਸਦਾ ਹੈ ਪੁੱਤ ਕੰਬਲ ਲਿਆ ਦੇਹ ਠੰਡ ਲੱਗ ਰਹੀ ਹੈ। ਕਹਿੰਦੇ ਨੇ ਨਾ ਮੂਲ ਨਾਲੋਂ ਵਿਆਜ ਪਿਆਰਾ, ਪੁੱਤ ਭੱਜਕੇ ਕੇ ਆਵਦੇ ਕਮਰੇ ਚ ਜਾਕੇ ਆਵਦਾ ਕੰਬਲ ਚੁੱਕ ਲੈਂਦਾ ਹੈ,
ਪਰ ਮਾਂ ਵਿਚਕਾਰ ਹੀ ਰੋਕ ਲੈਂਦੀ ਹੈ ਕੰਬਲ ਨਹੀਂ ਲੈ ਕੇ ਜਾਣਾ ਬੱਚਾ ਜ਼ਿਦ ਕਰਦਾ ਹੈ ਜਮੀਨ ਤੇ ਲੇਟ ਜਾਂਦਾ ਹੈ ਕਿ ਮੈਨੂੰ ਕੰਬਲ ਦਿਓ ਤਾਂ ਆਖਿਰਕਾਰ ਮਾਂ ਕਹਿੰਦੀ ਹੈ ਕਿ ਚੱਲ ਠੀਕ ਹੈ ਜੇ ਤੂੰ ਕੰਬਲ ਲੈਣਾ ਹੈ ਤਾਂ ਬਾਹਰ ਡੱਬੂ ਕੁੱਤੇ ਦਾ ਜੋ ਕੰਬਲ ਪਿਆ ਉਹ ਦੇ ਦੇਹ। ਤਾਂ ਬੱਚਾ ਉਹ ਕੁੱਤੇ ਦਾ ਕੰਬਲ ਪਾ ਆਉਂਦਾ ਹੈ । ਬਜ਼ੁਰਗ ਸਿਰਫ ਉਹ ਰਾਤ ਹੀ ਕੱਢ ਦਾ ਹੈ ਅਤੇ ਅਕਾਲ ਚਲਾਣਾ ਕਰ ਜਾਂਦਾ ਹੈ।
ਅਗਲੇ ਦਿਨ ਉਸ ਮਖਮਲ ਚਾਦਰਾਂ ਬਜ਼ੁਰਗ ਤੇ ਪਾਈਆਂ ਜਾ ਰਹੀਆ ਹੁੰਦੀਆ ਨੇ ਜਿਸਨੂੰ ਇੱਕ ਕੰਬਲ ਜਿਉਂਦੇ ਸਮੇ ਨਾ ਨਸੀਬ ਹੋਇਆ । ਦੇਹ ਨੂੰ ਸਾੜਨ ਲਈ ਤਿਆਰੀ ਹੋ ਰਹੀ ਹੁੰਦੀ ਹੈ ਜਿਵੇਂ ਕਿ ਰਸਮ ਹੈ ਕਿ ਉਸਦੀਆਂ ਚੀਜਾਂ ਵੀ ਮਰਨ ਵਾਲੇ ਨਾਲ ਸਾੜ ਦਿਓ ਤਾਂ ਅੰਦਰ ਪਿਆ ਬਿਸਤਰਾ ਵੀ ਚੱਕਿਆ ਜਾਂਦਾ ਹੈ । ਪਰ ਅਚਾਨਕ ਬੱਚਾ ਉੱਠਦਾ ਹੈ ਤੇ ਕਹਿੰਦਾ ਹੈ ਕਿ ਇਹ ਨਹੀਂ ਲਿਜਾਣਾ ਜਾਕੇ ਉਹੀ ਕੰਬਲ ਵਿੱਚੋਂ ਕੱਢ ਲੈਂਦਾ ਹੈ। ਸਭ ਪੁੱਛਦੇ ਨੇ ਕਿ ਪੁੱਤ ਇਹ ਕੰਬਲ ਕਿਉਂ ਨਹੀਂ ਲਿਜਾਣਾ । ਤਾਂ ਉਹ ਕਹਿੰਦਾ ਹੈ ਇਹ ਕੰਬਲ ਮੈਂ ਆਵਦੀ ਮਾਂ ਲਈ ਰੱਖੂੰਗਾ । ਇਹੀ ਕੁੱਤੇ ਵਾਲਾ ਕੰਬਲ ਉਹਦੇ ਉੱਪਰ ਦਊਂਗਾ ਜਦੋਂ ਉਹ ਬੁੱਢੀ ਹੋ ਕੇ ਮਰਨ ਵਾਲੀ ਹੋ ਗਈ।
ਇਹ ਸੁਣ ਉਹਦੀ ਮਾਂ ਸਮੇਤ ਸਭ ਹਾਜਰ ਲੋਕਾਂ ਚ ਸਨਕ ਜਿਹੀ ਛਾ ਗਈ ਜਿਵੇਂ ਸਭ ਨੂੰ ਆਪਣਾ ਅੰਤ ਨਜ਼ਰ ਆ ਰਿਹਾ ਹੋਵੇ । ਦੋਸਤੋ ਕਈ ਘਰਾਂ ਦੀ ਇਹ ਆਪਣੇ ਸਮਾਜ ਦੇ ਸੱਚੀ ਕਹਾਣੀ ਹੈ । ਹੁਣ ਬਜ਼ੁਰਗਾਂ ਦਾ ਸਤਿਕਾਰ ਨਹੀਂ ਹੋ ਰਿਹਾ । ਉਹਨਾਂ ਨੂੰ ਹੀ ਅੱਜ ਦੀ ਪੀੜ੍ਹੀ ਦੁਰਕਾਰ ਰਹੀ ਹੈ ਜਿਹਨਾਂ ਬਜ਼ੁਰਗਾਂ ਨੇ ਜਿੰਦਗੀ ‘ਚ ਚੱਲਣਾ ਸਿਖਾਇਆ ਇਥੋਂ ਤੱਕ ਘਰੋਂ ਵੀ ਕੱਢ ਦਿੰਦੇ ਹਨ । ਅਜਿਹਾ ਕਰਨ ਵਾਲੇ ਇਹ ਯਾਦ ਰੱਖਣ ਕਿ ਜੋ ਬੀਜਿਆ ਹੈ ਉਹ ਵੱਢਣਾ ਵੀ ਪਵੇਗਾ, ਸਤਿਗੁਰੂ ਸਾਨੂੰ ਸਭ ਨੂੰ ਸੁਮੱਤ ਬਖਸ਼ਣ ਜੀ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ