BREAKING NEWS
Search

ਪੁੱਤ ਲਈ ਤੜਫਦੀ ਮਾਂ ਦੇ ਬੋਲ, ‘ਮੈਨੂੰ ਕੱਲੀ ਛੱਡ ਗਿਆ ਆਰੂ…ਆਰੂ ਆਜਾ’ (ਤਸਵੀਰਾਂ)

ਜਲੰਧਰ— ਇਥੋਂ ਦੇ ਦੋਆਬਾ ਚੌਕ ਨੇੜੇ ਸਥਿਤ ਕੇ. ਐੱਮ. ਵੀ ਸੰਸਕ੍ਰਿਤੀ ਸਕੂਲ ਦੇ ਬਾਹਰ ਬੀਤੇ ਦਿਨ ਵਾਪਰੇ ਰੂੰਹ ਕੰਬਾਊ ਹਾਦਸੇ ਨੇ ਸਾਰਿਆਂ ਦੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ। ਦਰਅਸਲ ਛੁੱਟੀ ਦੇ ਸਮੇਂ ਜੁੜਵਾ ਭੈਣ-ਭਰਾ ਨੂੰ ਲੈਣ ਆਏ ਦਾਦੇ ਕੋਲੋਂ ਸਕੂਲ ਦੇ ਠੀਕ ਬਾਹਰ ਐਕਟਿਵਾ ਬੇਕਾਬੂ ਹੋ ਕੇ ਡਿੱਗ ਪਈ ਸੀ। ਦੋਵੇਂ ਬੱਚੇ ਐਕਟਿਵਾ ਦੇ ਅੱਗੇ ਖੜ੍ਹੇ ਸਨ, ਹੇਠਾਂ ਡਿੱਗ ਗਏ ਅਤੇ ਕੋਲੋਂ 3 ਸਾਲਾ ਮਾਸੂਮ ਬੱਚਾ ਲੰਘ ਰਹੀ ਬੱਸ ਦੇ ਪਿਛਲੇ ਟਾਇਰ ਹੇਠਾਂ ਆ ਗਿਆ। ਬੱਚੇ ਨੂੰ ਬੱਸ ਦੇ ਹੇਠਾਂ ਆਇਆ ਦੇਖ ਸਕਿਓਰਿਟੀ ਗਾਰਡ ਅਤੇ ਹੋਰ ਲੋਕਾਂ ਨੇ ਰੌਲਾ ਪਾ ਦਿੱਤਾ, ਜਿਸ ਨੂੰ ਸੁਣ ਕੇ ਬੱਸ ਚਾਲਕ ਨੇ ਤੁਰੰਤ ਬਰੇਕ ਲਗਾਈ ਪਰ ਤਦ ਤੱਕ ਬੱਸ ਦਾ ਪਿਛਲਾ ਟਾਇਰ ਆਰਵ (3) ਦੇ ਸਿਰ ਤੋਂ ਲੰਘ ਚੁੱਕਾ ਸੀ। ਹਾਦਸੇ ‘ਚ ਅਵਨੀ ਦਾ ਵਾਲ-ਵਾਲ ਬਚਾਅ ਹੋ ਗਿਆ, ਜਦਕਿ ਆਰਵ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਮੇਰੇ ਪੁੱਤ ਨੂੰ ਤਿੰਨ ਦਿਨਾਂ ਤੋਂ ਹੋਣੀ ਦਿੱਸ ਰਹੀ ਸੀ
ਬੇਟੇ ਨੂੰ ਇਸ ਹਾਲਤ ਚ ਦੇਖ ਕੇ ਆਪਾ ਖੋਹ ਚੁੱਕੀ ਮਾਂ ਨੀਤੂ ਵਾਰ-ਵਾਰ ਬਚੇ ਨੂੰ ਦੇਖ ਕੇ ਰਹਿ ਰਹੀ ਸੀ, ”ਉੱਠ ਆਰੂ ਮੈਂ ਤੈਨੂੰ ਕੋਲਡਡ੍ਰਿੰਕ ਦਿੰਦੀ ਹਾਂ, ਮੈਨੂੰ ਕੀ ਪਤਾ ਸੀ ਮੇਰੇ ਪੁੱਤਰ ਨੂੰ ਤਿੰਨ ਦਿਨਾਂ ਤੋਂ ਮੌਤ ਨਜ਼ਰ ਆ ਰਹੀ ਹੈ। ਉਹ ਤਿੰਨ ਦਿਨਾਂ ਤੋਂ ਲਗਾਤਾਰ ਕਹਿ ਰਿਹਾ ਸੀ ਕਿ ਮਾਂ ਮੈਂ ਸਕੂਲ ਨਹੀਂ ਜਾਣਾ ਪਰ ਮੈਂ ਹਰ ਵਾਰ ਉਸ ਨੂੰ ਕੋਲਡਡ੍ਰਿੰਕ ਦੇਣ ਦੀ ਗੱਲ ਕਹਿ ਕੇ ਸਕੂਲ ਭੇਜ ਦਿੰਦੀ ਸੀ। ਮਾਤਾ ਰਾਣੀ ਮੈਂ ਇੰਨੇ ਮਾੜੇ ਕਿਹੜੇ ਕਰਮ ਕੀਤੇ ਸਨ ਜਿਹੜੀ ਮੇਰੇ ਮੁੰਡੇ ਨੂੰ ਇੰਨੀ ਮਾੜੀ ਮੌਤ ਦਿੱਤੀ। ਮੈਂ ਤਾਂ ਕਿੰਨੀਆਂ ਮਿੰਨਤਾਂ ਨਾਲ ਤੇਰੇ ਕੋਲੋਂ ਪੁੱਤ ਮੰਗਿਆ ਸੀ।”

ਆਰੂ ਆਜਾ… ਸਾਰੇ ਰਲ ਕੇ ਮੇਰੇ ਆਰੂ ਨੂੰ ਲੈ ਆਓ
”ਮੈਂ ਨਹੀਂ ਰਹਿਣਾ ਆਰੂ ਬਿਨਾਂ। ਤੁਸੀਂ ਸਾਰੇ ਰਲ ਕੇ ਮੇਰੇ ਆਰੂ ਨੂੰ ਲੈ ਆਓ। ਆਰੂ ਆਜਾ।” ਦਿਲ ਨੂੰ ਝੰਜੋੜ ਦੇਣ ਵਾਲੇ ਇਹ ਸ਼ਬਦ ਆਰਵ ਉਰਫ ਆਰੂ ਦੀ ਰੋਂਦੀ ਮਾਂ ਨੀਤੂ ਦੇ ਸਨ। ਘਰ ਹੀ ਨਹੀਂ ਪੂਰੇ ਮੁਹੱਲੇ ‘ਚ ਸੋਗ ਦੀ ਲਹਿਰ ਸੀ। ਆਰੂ ਦੀ ਮਾਂ, ਦੀਦੀ, ਪਿਤਾ ਦੀਪਕ ਅਤੇ ਆਲੇ-ਦੁਆਲੇ ਦੇ ਲੋਕਾਂ ਸਣੇ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਆਪਣੇ ਬੇਟੇ ਨੂੰ ਬੁਲਾ ਰਹੀ ਨੀਤੂ ਦੀ ਹਾਲਤ ਦੇਖ ਕੇ ਕੋਈ ਵੀ ਅੱਖ ਨਹੀਂ ਸੀ, ਜੋ ਨਾ ਭਿੱਜੀ ਹੋਵੇ। ਸਿਰ ਝੁਕਾ ਕੇ ਚੁੱਪ-ਚਾਪ ਆਪਣੇ ਲਾਡਲੇ ਦੀ ਯਾਦ ‘ਚ ਵਿਰਲਾਪ ਕਰ ਰਹੇ ਆਰੂ ਦੇ ਪਿਤਾ ਦੀਪਕ ਨੂੰ ਹੌਸਲਾ ਦੇਣ ਆਏ ਉਨ੍ਹਾਂ ਦੇ ਦੋਸਤ ਖੁਦ ਰੋ ਪਏ। ਦਾਦੀ ਦਾ ਆਪਣੇ ਪੋਤੇ ਨਾਲ ਸਭ ਤੋਂ ਵੱਧ ਮੋਹ ਸੀ, ਜੋ ਜ਼ਮੀਨ ‘ਤੇ ਬੈਠ ਕੇ ਰੋ ਰਹੀ ਸੀ। ਉਥੇ ਦਾਦਾ ਵੀ ਕਹਿ ਰਹੇ ਸਨ ਕਿ ਮੈਂ ਆਪਣੇ ਹੱਥਾਂ ‘ਚੋਂ ਹੀ ਆਰੂ ਨੂੰ ਗੁਆ ਲਿਆ।

ਜੁੜਵਾ ਸਨ ਭੈਣ ਭਰਾ ਸੈਕਸ਼ਨ ਸਨ ਵੱਖ-ਵੱਖ
ਭੈਰੋਂ ਬਾਜ਼ਾਰ ਦੇ ਮੁਹੱਲਾ ਲਾਵਾਂ ਦੇ ਰਹਿਣ ਵਾਲੇ ਮੈਡੀਕਲ ਵਪਾਰੀ ਦੀਪਕ ਮਹਿਤਾ ਦੇ ਘਰ 9 ਮਾਰਚ 2016 ਨੂੰ ਜੁੜਵਾ ਬੇਟੇ-ਬੇਟੀ ਦਾ ਜਨਮ ਹੋਇਆ ਸੀ। ਬੇਟੇ ਦਾ ਨਾਂ ਆਰਵ ਉਰਫ ਆਰੂ ਤੇ ਬੇਟੀ ਦਾ ਨਾਂ ਅਰਵੀ ਰੱਖਿਆ ਸੀ। ਮਾਰਚ ਮਹੀਨੇ ‘ਚ ਹੀ ਆਰਵ ਪੁੱਤਰ ਉਸ ਦੀ ਭੈਣ ਅਵਨੀ (3) ਦੀ ਸੰਸਕ੍ਰਿਤੀ ਕੇ. ਐੱਮ. ਵੀ. ਸਕੂਲ ‘ਚ ਐਡਮਿਸ਼ਨ ਕਰਵਾਈ ਗਈ ਸੀ। ਰੋਜ਼ ਵਾਂਗ ਆਰਵ ਦੇ ਦਾਦਾ ਪਵਨ ਮਹਿਤਾ ਆਪਣੇ ਪੋਤਾ-ਪੋਤੀ ਨੂੰ ਲੈਣ ਐਕਟਿਵਾ ‘ਤੇ ਗਏ ਸਨ। ਛੁੱਟੀ ਦੇ ਸਮੇਂ ਦੋਵੇਂ ਬੱਚੇ ਬਾਹਰ ਆਏ ਅਤੇ ਐਕਟਿਵਾ ਦੇ ਅੱਗੇ ਖੜ੍ਹੇ ਹੋ ਗਏ। ਬੱਸਾਂ ਵੀ ਬਾਹਰ ਆਉਣੀਆਂ ਸ਼ੁਰੂ ਹੋ ਗਈਆਂ ਸਨ। ਜਿਉਂ ਹੀ ਪਵਨ ਮਹਿਤਾ ਦੋਵਾਂ ਬੱਚਿਆਂ ਨੂੰ ਅੱਗੇ ਖੜ੍ਹਾ ਕਰਕੇ ਖੁਦ ਬੈਠਣ ਲੱਗੇ ਤਾਂ ਉਨ੍ਹਾਂ ਕੋਲੋਂ ਐਕਟਿਵਾ ਦਾ ਬੈਲੇਂਸ ਵਿਗੜ ਗਿਆ ਅਤੇ ਦੋਵੇਂ ਬੱਚੇ ਐਕਟਿਵਾ ਸਣੇ ਸੜਕ ‘ਤੇ ਡਿੱਗ ਗਏ। ਜਿਸ ਸਮੇਂ ਐਕਟਿਵਾ ਡਿੱਗੀ ਉਸ ਸਮੇਂ ਸਕੂਲ ਦੀ ਬੱਸ ਉਥੋਂ ਲੰਘ ਰਹੀ ਸੀ ਅਤੇ ਇਸੇ ਦੌਰਾਨ ਆਰਵ ਬੱਸ ਹੇਠਾਂ ਆ ਗਿਆ।ਇਸ ਹਾਲਤ ਵਿਚ ਆਰਵ ਨੂੰ ਨੇੜੇ ਦੇ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।ਸਾਰਾ ਹਾਦਸਾ ਸਕੂਲ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਵੀ ਕੈਦ ਹੋ ਗਿਆ ਹੈ।

ਘਰ ਪਹੁੰਚੇ ਦਾਦੇ ਦੇ ਮੂੰਹੋਂ ਨਿਕਲੇ ਬੋਲ ਕਿ ਸਾਡਾ ਆਰੂ ਸਾਨੂੰ ਛੱਡ ਗਿਆ…
ਬੇਟੇ ਨੂੰ ਦੇਖ ਮਾਂ ਆਪਾ ਖੋਹ ਬੈਠੀ ਅਤੇ ਬੱਚੇ ਦੇ ਦਾਦੇ ਜੀ ਖੁਦ ਨੂੰ ਕੋਸਦੇ ਹੋਏ ਬੋਲੇ ਸਾਡਾ ਆਰੂ ਸਾਨੂੰ ਛੱਡ ਗਿਆ। ਮੈਂ ਕਿੰਨਾ ਬਦਨਸੀਬ ਹਾਂ ਕਿ ਉਸ ਨੂੰ ਅੰਤਿਮ ਸਾਹ ਤੱਕ ਸਿਸਕੀਆਂ ਲੈਂਦੇ ਸੀਨੇ ਨਾਲ ਲਗਾ ਕੇ ਮੋਟਰਸਾਈਕਲ ‘ਤੇ ਲੈ ਕੇ ਗਿਆ। ਮੈਨੂੰ ਉਮੀਦ ਸੀ ਕਿ ਡਾਕਟਰ ਉਸ ਨੂੰ ਬਚਾ ਲੈਣਗੇ ਪਰ ਜਦੋਂ ਡਾਕਟਰਾਂ ਨੇ ਮ੍ਰਿਤਕ ਐਲਾਨ ਕੀਤਾ ਤਾਂ ਉਨ੍ਹਾਂ ਨੇ ਖੁਦ ਨੂੰ ਕੋਸਣਾ ਸ਼ੁਰੂ ਕਰ ਦਿੱਤਾ।
ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪਹੁੰਚੇ ਥਾਣਾ-8 ਦੇ ਇੰਚਾਰਜ ਰੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਬੱਚਿਆਂ ਦੇ ਮਾਪਿਆਂ ਨੇ ਡਰਾਈਵਰ ਖਿਲਾਫ ਕੋਈ ਵੀ ਕਾਰਵਾਈ ਨਹੀਂ ਕਰਵਾਈ ਹੈ।

ਦੋ ਦਿਨਾਂ ਤੋਂ ਸਕੂਲ ਨਾ ਜਾਣ ਦੀ ਜ਼ਿੱਦ ਕਰ ਰਿਹਾ ਸੀ ਆਰਵ
ਆਰਵ ਦੇ ਘਰ ਦੇ ਕੋਲ ਹੀ ਰਹਿੰਦੇ ਦਾਦਾ ਚਾਚੂ ਨੇ ਦੱਸਿਆ ਕਿ ਦੋ ਦਿਨਾਂ ਤੋਂ ਆਰਵ ਸਕੂਲ ਨਾ ਜਾਣ ਦੀ ਜ਼ਿੱਦ ਕਰ ਰਿਹਾ ਸੀ। ਉਹ ਕਹਿੰਦਾ ਸੀ ਸੰਡੇ ਨੂੰ ਸਕੂਲ ਜ਼ਰੂਰ ਚਲਾ ਜਾਵਾਂਗਾ ਪਰ ਹੁਣ ਨਹੀਂ ਜਾਣਾ। ਬੱਚਾ ਜ਼ਿੱਦ ਕਰ ਰਿਹਾ ਸੀ। ਇਸ ਲਈ ਪੇਰੈਂਟਸ ਵੀ ਮੰਨ ਗਏ। ਆਰਵ ਆਪਣੇ ਮੁਹੱਲੇ ‘ਚ ਸਾਰਿਆਂ ਦਾ ਲਾਡਲਾ ਸੀ, ਜਿਸ ਵਿਹੜੇ ‘ਚ ਆਰਵ ਦੀਆਂ ਕਿਲਕਾਰੀਆਂ ਗੂੰਜਦੀਆਂ ਸਨ ਅੱਜ ਉਸੇ ਵਿਹੜੇ ‘ਚ ਆਰਵ ਨੂੰ ਪੁਕਾਰ ਰਹੀਆਂ ਆਵਾਜ਼ਾਂ ਗੂੰਜ ਰਹੀਆਂ ਸਨ।

ਰੱਖੜੀ ਤੋਂ 23 ਦਿਨ ਪਹਿਲਾਂ ਛੁੱਟਿਆ ਭਰਾ ਦਾ ਸਾਥ
15 ਅਗਸਤ ਨੂੰ ਰੱਖੜੀ ਦਾ ਤਿਉਹਾਰ ਹੈ। ਬਾਜ਼ਾਰਾਂ ‘ਚ ਰੱਖੜੀਆਂ ਸਜ ਗਈਆਂ ਹਨ ਪਰ ਸਿਰਫ 23 ਦਿਨ ਪਹਿਲਾਂ ਹੀ ਇਕ ਫੁੱਲ ਜਿਹੀ ਭੈਣ ਦਾ ਮਾਸੂਮ ਭਰਾ ਹਮੇਸ਼ਾ ਲਈ ਉਸ ਕੋਲੋਂ ਦੂਰ ਹੋ ਗਿਆ।ਦੱਸਣਯੋਗ ਹੈ ਕਿ ਆਰਵ ਦੇ ਪਿਤਾ ਦੀਪਕ ਦਿਲਕੁਸ਼ਾ ਮਾਰਕੀਟ ਵਿਚ ਦਵਾਈਆਂ ਦੀ ਦੁਕਾਨ ਚਲਾਉਂਦੇ ਹਨ, ਜਦੋਂਕਿ ਮਾਂ ਨੀਤੂ ਮਹਿਤਾ ਬੀ. ਐੈੱਸ. ਐੱਫ. ‘ਚ ਕਲਰਕ ਹੈ। ਕੁਝ ਸਮਾਂ ਪਹਿਲਾਂ ਨੀਤੂ ਅੰਮ੍ਰਿਤਸਰ ‘ਚ ਰਹਿੰਦੀ ਸੀ ਪਰ ਬੱਚਿਆਂ ਦੀ ਪਰਵਰਿਸ਼ ਸਹੀ ਢੰਗ ਨਾਲ ਨਹੀਂ ਹੋ ਰਹੀ ਸੀ, ਜਿਸ ਕਾਰਨ ਨੀਤੂ ਟਰਾਂਸਫਰ ਕਰਵਾ ਕੇ ਜਲੰਧਰ ਆ ਗਈ ਸੀ। ਦੋਵਾਂ ਬੱਚਿਆਂ ਨੇ ਪਹਿਲਾਂ ਅੰਮ੍ਰਿਤਸਰ ਦੇ ਇਕ ਸਕੂਲ ‘ਚ ਵੀ ਐਡਮਿਸ਼ਨ ਲਈ ਸੀ।



error: Content is protected !!