ਦੇਖੋ ਪੂਰੀ ਖਬਰ
ਪਟਿਆਲਾ (ਪਰਮੀਤ) : ਪਟਿਆਲਾ ਜ਼ਿਲੇ ’ਚ ਘਨੌਰ ਹਲਕੇ ਦੇ ਪਿੰਡ ਰਾਮਪੁਰ ਸ਼ੈਣੀਆਂ ਦੇ 21 ਸਾਲਾ ਨੌਜਵਾਨ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੀਟਿਵ ਆਉਣ ਮਗਰੋਂ ਉਸ ਦੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਉਕਤ ਨੌਜਵਾਨ ਦੇ ਨੇੜੇ ਰਹਿਣ ਵਾਲੇ 14 ਵਿਅਕਤੀਆਂ ਨੂੰ ਵੀ ਹਿਰਾਸਤ ’ਚ ਲੈ ਕੇ ਰਾਤ ਦੇ ਸਮੇਂ ਸਰਕਾਰੀ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਨੇ ਟੈਸਟ ਕੀਤੇ ਗਏ। ਇਸ ਮਾਮਲੇ ਦੇ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਪਿੰਡ ’ਚ ਦੋ ਐੱਸ.ਐੱਮ. ਓਜ਼ ਦੀ ਅਗਵਾਈ ਹੇਠ ਚਾਰ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਦੱਸਣਯੋਗ ਹੈ ਕਿ ਇਸ ਜ਼ਿਲੇ ਦਾ ਇਹ ਪਹਿਲਾ ਪਾਜ਼ੀਟਿਵ ਕੇਸ ਹੈ, ਜਿਸ ਦੀ ਪੁਸ਼ਟੀ ਹਰਿਆਣਾ ਦੇ ਅੰਬਾਲਾ ’ਚ ਹੋਈ ਹੈ, ਕਿਉਂਕਿ ਨੌਜਵਾਨ ਨੂੰ ਇਲਾਜ ਲਈ ਅੰਬਾਲਾ ਲਿਜਾਇਆ ਗਿਆ ਸੀ। ਉਕਤ ਨੌਜਵਾਨ 19 ਮਾਰਚ ਨੂੰ ਨੇਪਾਲ ਤੋਂ ਹਵਾਈ ਜਹਾਜ਼ ਰਾਹੀਂ ਦਿੱਲੀ ਵਿਚ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਪੁੱਜਾ ਸੀ, ਜਿਥੋਂ ਬੱਸ ਵਿਚ ਅੰਬਾਲਾ ਤੱਕ ਪਹੁੰਚਿਆ। ਉਥੋਂ ਉਹ ਆਪਣੇ ਦੋਸਤ ਨਾਲ ਪਿੰਡ ਆ ਗਿਆ। ਨੌਜਵਾਨ ਨੂੰ ਬੁਖਾਰ ਅਤੇ ਦਸਤ ਲੱਗਣ ‘ਤੇ ਅੰਬਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਉਸ ਵਿਚ ਕੋਰੋਨਾ ਦੇ ਲੱਛਣ ਪਾਏ ਜਾਣ ‘ਤੇ ਟੈਸਟ ਕੀਤਾ ਗਿਆ, ਜੋ ਪਾਜ਼ੀਟਿਵ ਨਿਕਲਿਆ। ਟੈਸਟ ਤੋਂ ਬਾਅਦ ਉਸ ਨੂੰ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ।