ਪੰਜਾਬੀ ਜਿਥੇ ਵੀ ਜਾਂਦੇ ਨੇ ਉਥੇ ਮਿਹਨਤ ਸਦਕਾ ਬੁਲੰਦੀਆਂ ਛੂਹਣ, ਨਿਵੇਕਲੇ ਖੁੱਲ੍ਹੇ ਸੁਭਾਅ ਤੇ ਸੇਵਾ ਭਾਵਨਾ ਕਰਕੇ ਵੱਖਰੀ ਪਛਾਣ ਕਾਇਮ ਕਰਦੇ ਹਨ। ਹਰ ਸਿੱਖ ਸਦਾ ਗੁਰੂ ਦੀ ਰਜ਼ਾ ਵਿਚ ਰਹਿ ਕੇ ਹੀ ਆਪਣਾ ਜੀਵਨ ਬਤੀਤ ਕਰਨਾ ਚਾਹੁੰਦਾ ਹੈ। ਇਸੇ ਲਈ ਉਨ੍ਹਾਂ ਨੂੰ ਆਪਣੇ ਗੁਰੂ ਸਾਹਿਬਾਨ ਦੇ ਓਟ ਆਸਰੇ ਦੀ ਲੋੜ ਹਰ ਪਲ ਰਹਿੰਦੀ ਹੈ ਤੇ ਗੁਰੂ ਸਾਹਿਬ ਦੇ ਨਿਵਾਸ ਲਈ ਗੁਰਦੁਆਰਾ ਸਾਹਿਬ ਦੀ ਮੁੱਖ ਮਹੱਤਤਾ ਹੈ।
ਦੁਬਈ ਦੇ ਜਬਲ ਅਲੀ ਇਲਾਕੇ ਵਿਚ ਸੁਸ਼ੋਭਿਤ ਆਲੀਸ਼ਾਨ ਗੁਰਦੁਆਰਾ ਸਾਹਿਬ ਇਸਲਾਮਿਕ ਮੁਲਕ ਵਿਚ ਸਿੱਖਾਂ ਦੀ ਹੋਂਦ ਦਰਸਾ ਰਿਹਾ ਹੈ। ਇਥੇ ਕਰੀਬ ਇੱਕ ਲੱਖ ਸਿੱਖ ਅਤੇ 40 ਹਜ਼ਾਰ ਤੋਂ ਵੱਧ ਸਿੰਧੀ ਹਨ। ਇਸੇ ਲਈ ਦੁਬਈ ਵਿਚ ਨਾਨਕ ਨਾਮ ਲੇਵਾ ਸੰਗਤਾਂ ਨੇ ਗੁਰਦੁਆਰਾ ਸਾਹਿਬ , ਗੁਰੂ ਨਾਨਕ ਦਰਬਾਰ ਦੁਬਈ ਦਾ ਨਿਰਮਾਣ ਕਰਵਾਇਆ ਹੈ, ਇਹ ਗੁਰਦੁਆਰਾ ਸਾਹਿਬ ਪੂਰੀ ਦੁਨੀਆਂ ਵਿਚ ਆਪਣੀ ਖ਼ੂਬਸੂਰਤੀ ਕਰਕੇ ਜਾਣਿਆ ਜਾਂਦਾ ਹੈ।
ਸੁਰਿੰਦਰ ਸਿੰਘ ਕੰਧਾਰੀ, ਚੇਅਰਮੈਨ ਗੁਰਦੁਆਰਾ ਸਾਹਿਬ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ 25400 ਸੁਕੇਅਰ ਫੁੱਟ ਜਗ੍ਹਾ ‘ਚ ਬਣਿਆ ਹੈ। ਗੁਰਦੁਆਰਾ ਸਾਹਿਬ ‘ਤੇ 100 ਮਿਲੀਅਨ ਦਰਾਮ ਯਾਨੀ ਕਰੀਬ 200 ਕਰੋੜ ਰੁਪਏ ਦੀ ਲਾਗਤ ਆਈ ਹੈ। ਇਥੇ 3000 ਸੰਗਤ ਲਈ ਬਿਨਾਂ ਕਿਸੇ ਬੁਰਜੀ (ਪਿੱਲਰ) ਵਾਲਾ ਹਾਲ ਹੈ। ਗੁਰਦੁਆਰਾ ਸਾਹਿਬ ਸਵੇਰ 4:30 ਤੋਂ ਰਾਤ 10:00 ਵਜੇ ਤੱਕ ਸੰਗਤਾਂ ਲਈ ਖੁੱਲ੍ਹਾ ਰਹਿੰਦਾ ਹੈ। 1500 ਸ਼ਰਧਾਲੂ ਰੋਜ਼ ਦਰਸ਼ਨ ਕਰਦੇ ਹਨ, ਜਦ ਕਿ ਛੁੱਟੀ ਵਾਲੇ ਦਿਨ 15000 ਸ਼ਰਧਾਲੂ ਆਉਂਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਗੁਰਪੁਰਬ ਮੌਕੇ 50-60 ਹਜ਼ਾਰ ਸ਼ਰਧਾਲੂ ਦਰਸ਼ਨ ਕਰਦੇ ਹਨ। ਇਥੇ 50,000 ਸੰਗਤਾਂ ਲਈ ਇੱਕੋ ਵੇਲੇ ਲੰਗਰ ਤਿਆਰ ਕਰਨ ਦੀ ਸਮਰੱਥਾ ਹਨ।
ਪਿਛਲੇ 7 ਸਾਲ ‘ਚ ਇਥੇ 7 ਮਿਲੀਅਨ ਸੰਗਤ ਨਤਮਸਤਕ ਹੋਈ ਹੈ। ਹਰ ਧਰਮ ਲਈ ਗੁਰੂ ਦਾ ਦਰਬਾਰ ਖੁੱਲ੍ਹਾ ਰਹਿੰਦਾ ਹੈ। ਗੁਰਦੁਆਰਾ ਸਾਹਿਬ ‘ਚ ਹੀ ਮੁਸਲਿਮ ਧਰਮ ਲਈ ਇਫਤਾਰ ਪਾਰਟੀ ਹੁੰਦੀ ਹੈ। ਗੁਰਦੁਆਰਾ ਸਾਹਿਬ ਦੇ ਨਾਮ 2 ਗਿਨੀਜ਼ ਬੁੱਕ ਆਫ ਰਿਕਾਰਡ ਬਣੇ ਹਨ। 2016 ‘ਚ 101 ਮੁਲਕਾਂ ਦੀ ਸੰਗਤ ਨੇ ਇਕੱਠੇ ਲੰਗਰ ਛਕਿਆ।
ਵਾਇਰਲ