ਭਵਾਨੀਗੜ੍ਹ – ਇਥੋਂ ਦੇ ਪਿੰਡ ਬਲਿਆਲ ਦੇ ਨਵੇਂ ਚੁਣੇ ਗਏ ਸਰਪੰਚ ਅਵਰੇੇਲ ਸਿੰਘ ਵੱਲੋਂ ਲੋਕ ਭਲਾਈ ਅਤੇ ਪਾਰਦਰਸ਼ਤਾ ਨਾਲ ਕੰਮ ਕਰਦਿਆਂ ਅੱਜ ਪੁਰਾਣੇ ਸਰਪੰਚ ਵੱਲੋਂ ਉਸਨੂੰ ਸੌਂਪੇ ਗਏ ਸਮਾਨ ਨੂੰ ਲੋਕਾਂ ਦੇ ਸਾਹਮਣੇ ਰੱਖ ਦਿੱਤਾ। ਪੁਰਾਣੇ ਸਰਪੰਚ ਵੱਲੋਂ ਪਿੰਡ ਨੂੰ ਮਿਲੀ ਗ੍ਰਾੰਟ ਵਿਚੋਂ ਕੀ ਸਮਾਨ ਖਰੀਦਿਆ ਸੀ ਜਦੋ ਉਹ ਸਮਾਂ ਲੋਕਾਂ ਨੂੰ ਦਿਖਾਇਆ ਤਾਂ ਪਿੰਡ ਵਾਸੀਆਂ ਦੇ ਹੋਸ਼ ਉੱਡ ਗਏ।
ਪਿੰਡ ਦੇ ਨਵੇਂ ਚੁਣੇ ਗਏ ਸਰਪੰਚ ਅਵਰੇਲ ਸਿੰਘ ਵੱਲੋਂ ਅਜਿਹਾ ਕਰਨ ਦਾ ਕਾਰਨ ਇਹ ਸੀ ਤਾਂ ਕਿ ਪਿੰਡ ਵਾਸੀਆਂ ਨੂੰ ਇਹ ਪਤਾ ਚੱਲ ਸਕੇ ਕਿ ਪਿੰਡ ਦੇ ਸਾਬਕਾ ਸਰਪੰਚ ਨੇ ਉਸਨੂੰ ਸਿਰਫ ਇਕ ਟੁੱਟੀ ਹੋਈ ਅਲਮਾਰੀ ਤੇ ਇਕ ਟੁੱਟੀ ਹੋਈ ਕੁਰਸੀ ਦਿੱਤੀ ਹੈ ਜੋ ਕਿ ਪੰਚਾਇਤੀ ਸਮਾਨ ਹੈ। ਸਰਪੰਚ ਨੇ ਦਸਿਆ ਕਿ ਪਿਛਲੀ ਪੰਚਾਇਤ ਕੋਲ ਸਿਰਫ ਐਨਾ ਕੁ ਸਮਾਨ ਹੋਣਾ ਤੇ ਉਹ ਵੀ ਟੁੱਟੀ ਹੋਈ ਹਾਲਤ ਵਿੱਚ ਹੋਣਾ, ਕਿਤੇ ਨਾ ਕਿਤੇ ਉਹਨਾਂ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕਰਦਾ ਹੈ।
ਇਸ ਨਾਲ ਇਹ ਵੀ ਪਤਾ ਚਲਦਾ ਹੈ ਕਿ ਪਿੰਡ ਨੂੰ ਜਿੰਨੀ ਮਰਜ਼ੀ ਆਮਦਨੀ ਹੋਵੇ ਪਰ ਸਰਪੰਚ ਉਸਨੂੰ ਪਿੰਡ ਦੇ ਲੋਕਾਂ ਅਤੇ ਪਿੰਡ ਦੇ ਭਲਾਈ ਲਈ ਨਹੀਂ ਸੀ ਖਰਚਦਾ। ਅਸਲ ਦੇ ਵਿਚ ਨਵੇਂ ਸਰਪੰਚ ਨੇ ਇਹ ਸਮਾਨ ਇਕ ਰੇਹੜੀ ‘ਚ ਰੱਖਿਆ ਤੇ ਪੂਰੇ ਪਿੰਡ ਦੇ ਸਾਹਮਣੇ ਖ਼ੁਦ ਟੁੱਟੀ ਕੁਰਸੀ ‘ਤੇ ਬੈਠ ਕੇ ਇਹ ਗੱਲ ਕਹੀ ਕਿ ਪਿੰਡ ਵਾਲਿਓ ਮੈਨੂੰ ਸਾਬਕਾ ਸਰਪੰਚ ਨੇ ਪੰਚਾਇਤ ਦੀ ਇਹ ਸੰਪਤੀ ਦਿੱਤੀ ਹੈ। ਪਿੰਡ ਦੇ ਸਾਬਕਾ ਸਰਪੰਚ ਵੱਲੋਂ ਪਿੰਡ ਦੇ ਲੋਕਾਂ ਦੀ ਭਲਾਈ ਲਈ ਅਤੇ ਪਿੰਡ ਲਈ ਕੁਝ ਨਹੀਂ ਕੀਤਾ। ਇਸ ਪਿੰਡ ਦੀ 50 ਏਕੜ ਜ਼ਮੀਨ ਹੈ ਤੇ ਸਾਬਕਾ ਪੰਚਾਇਤ ਕੋਲ ਇਸ ਪੂਰੇ ਪਿੰਡ ਲਈ ਮਹਿਜ਼ 1 ਕੁਰਸੀ ਜਿਸ ਦੀ ਹਾਲਤ ਵੀ ਠੀਕ ਨਹੀਂ ਤੇ ਇਕ ਟੁੱਟੀ ਅਲਮਾਰੀ ਹੀ ਹੈ?
ਪਿੰਡ ਦੇ ਪੰਚਾਇਤ ਕੋਲ ਐਨੀ ਆਮਦਨੀ ਦੇ ਬਾਵਜੂਦ ਪਿੰਡ ਲਈ ਐਨਾ ਹੀ ਸਮਾਨ ਬਚਿਆ ਹੈ? ਇਸ ਸਭ ਨੂੰ ਦੇਖ ਕੇ ਪਿੰਡ ਦੇ ਲੋਕ ਵੀ ਹੈਰਾਨ ਹੋ ਗਏ ਤੇ ਸੋਚਣ ਲਈ ਮਜਬੂਰ ਹੋ ਗਏ ਕਿ ਵਾਕਿਆ ਹੀ 5 ਸਾਲਾਂ ‘ਚ ਪੰਚਾਇਤ ਕੋਲ ਸਿਰਫ ਐਨਾ ਕੁ ਹੀ ਸਮਾਨ ਸੀ? ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਦਾ ਵੀ ਕੋਈ ਖਾਸ ਵਿਕਾਸ ਨਹੀ ਹੋਇਆ। ਬਹਿਰਹਾਲ ਪਿੰਡ ਦੇ ਨਵੇਂ ਚੁਣੇ ਗਏ ਸਰਪੰਚ ਅਵਰੇਲ ਸਿੰਘ ਵੱਲੋ ਅੱਜ ਕੀਤੇ ਗਏ ਇਸ ਅਨੋਖੇ ਪ੍ਰਦਰਸ਼ਨ ਨੇ ਇਕ ਵਾਰ ਮੁੜ ਤੋਂ ਇਹ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਅਕਸਰ ਵਿਕਾਸ ਦੇ ਨਾਮ ‘ਤੇ ਜ਼ਮੀਨੀ ਪੱਧਰ ‘ਤੇ ਪਿੰਡਾਂ ਵਿੱਚ ਕੁਝ ਨਹੀ ਕੀਤਾ ਜਾਂਦਾ। ਪੰਜਾਬ ਸਰਕਾਰ ਨੂੰ ਅਜਿਹੇ ਵਿੱਚ ਪਿੰਡਾਂ ਦੀ ਚੈਕਿੰਗ ਕਰ ਕੇ ਅਜਿਹੀ ਪੰਚਾਇਤਾਂ ਅਤੇ ਸਰਪੰਚਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।
ਵਾਇਰਲ