ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡਾ ਵਾਸੀਆਂ ਨੂੰ ਕਰੋਨਾ ਵਾਇਰਸ ਦੇ ਮਾਮਲੇ ਵਿੱਚ ਤਾੜਨਾ ਭਰੀ ਅਪੀਲ ਕੀਤੀ ਗਈ ਹੈ। ਜਸਟਿਨ ਟਰੂਡੋ ਨੇ ਸ਼ਿਕਵਾ ਕੀਤਾ ਹੈ ਕਿ ਕੈਨੇਡਾ ਵਾਸੀ ਕਰੋਨਾ ਵਾਇਰਸ ਨੂੰ ਰੋਕਣ ਲਈ ਸਰਕਾਰ ਦੀ ਅਪੀਲ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਸਰਕਾਰ ਵੱਲੋਂ ਜਨਤਾ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ। ਪਰ ਟਰੂਡੋ ਦੇ ਕਹਿਣ ਅਨੁਸਾਰ ਉਨ੍ਹਾਂ ਨੂੰ ਰਿਪੋਰਟਾਂ ਮਿਲ ਰਹੀਆਂ ਹਨ ਕਿ ਲੋਕ ਜੂਹ ਤੇ ਘੁੰਮ ਰਹੇ ਹਨ, ਪਾਰਕਾਂ ਵਿੱਚ ਟਹਿਲ ਰਹੇ ਹਨ, ਉਹ ਪਾਰਟੀਆਂ ਵਿੱਚ ਸ਼ਾਮਲ ਹੋ ਰਹੇ ਹਨ।
ਜੋ ਕਿ ਸਰਾਸਰ ਗਲਤ ਹੈ। ਜੇਕਰ ਹੁਣ ਵੀ ਲੋਕ ਨਾ ਮੰਨੇ ਤਾਂ ਕੈਨੇਡਾ ਨੂੰ ਇਸ ਦਾ ਬਹੁਤ ਵੱਡਾ ਖ਼ਮਿਆਜ਼ਾ ਭੁਗਤਣਾ ਪੈ ਸਕਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਆਪਣੇ ਘਰਾਂ ਦੇ ਅੰਦਰ ਹੀ ਰਹਿਣ ਦੀ ਸਲਾਹ ਦਿੱਤੀ ਹੈ। ਅਜਿਹਾ ਕਰਕੇ ਲੋਕਾਂ ਨੂੰ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ। ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਵਾਰ ਓਲੰਪਿਕ ਵਿੱਚ ਵੀ ਆਪਣੇ ਐਥਲੀਟ ਨਾ ਭੇਜਣ ਦਾ ਫ਼ੈਸਲਾ ਕੀਤਾ ਹੈ।
ਭਾਵੇਂ ਇਸ ਫੈਸਲੇ ਨਾਲ ਐਥਲੀਟ ਅਤੇ ਕੁਝ ਉਨ੍ਹਾਂ ਦੇ ਚਾਹੁਣ ਵਾਲੇ ਲੋਕ ਨਿਰਾਸ਼ ਵੀ ਹੋਣਗੇ। ਪਰ ਉਨ੍ਹਾਂ ਦਾ ਇਹ ਫੈਸਲਾ ਕੈਨੇਡਾ ਦੇ ਹਿੱਤ ਵਿੱਚ ਹੈ। ਜਸਟਿਨ ਟਰੂਡੋ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਸਰਕਾਰ ਆਪਣੇ ਨਾਗਰਿਕਾਂ ਨੂੰ ਆਰਥਿਕ ਸੰਕਟ ਵਿੱਚੋਂ ਕੱਢਣ ਲਈ ਉਨ੍ਹਾਂ ਦੀ ਸਹਾਇਤਾ ਕਰੇਗੀ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਕਰੋਨਾ ਤੋਂ ਛੁਟਕਾਰਾ ਪਾਉਣ ਲਈ ਸਮਾਜਿਕ ਦੂਰੀ ਬਣਾਈ ਰੱਖਣ।
ਪ੍ਰਧਾਨ ਮੰਤਰੀ ਤੋਂ ਬਿਨਾਂ ਕੈਨੇਡਾ ਦੇ ਸਾਇੰਸ ਅਤੇ ਇਨਵੈਨਸ਼ਨ ਮੰਤਰੀ ਨਵਦੀਪ ਬੈਂਸ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵਾਇਰਸ ਤੋਂ ਬਚਣ ਲਈ ਸਰਕਾਰ ਦੁਆਰਾ ਦਿੱਤੀਆਂ ਗਈਆਂ ਹਦਾਇਤਾਂ ਤੇ ਅਮਲ ਕੀਤਾ ਜਾਵੇ। ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕੇ ਸਰਕਾਰ ਨੇ ਕੋਵਿੰਦ ਦੀ ਵੈਕਸੀਨ ਤਿਆਰ ਕਰਨ ਲਈ 192 ਮਿਲੀਅਨ ਡਾਲਰ ਜਾਰੀ ਕੀਤੇ ਹਨ। ਉਨ੍ਹਾਂ ਨੇ ਆਪਣੇ ਸਾਇੰਸਦਾਨਾਂ ਦੀ ਵੀ ਸ਼ਲਾਘਾ ਕੀਤੀ। ਜਿਹੜੇ ਲਗਾਤਾਰ ਵੈਕਸੀਨ ਦੀ ਖੋਜ ਵਿੱਚ ਜੁਟੇ ਹੋਏ ਹਨ।