ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਇਕ ‘ਪੀ. ਐੱਮ. ਕੇਅਰ’ ਫੰਡ ਬਣਾਇਆ ਹੈ, ਜਿਸ ਲਈ ਦੇਸ਼ ਵਾਸੀਆਂ ਨੂੰ ਦਾਨ ਕਰਨ ਦੀ ਅਪੀਲ ਕੀਤੀ ਗਈ ਹੈ। ਮੋਦੀ ਨੇ ਟਵੀਟ ਵਿਚ ਦਾਨ ਕਰਨ ਦਾ ਤਰੀਕਾ ਦੱਸਦੇ ਹੋਏ ਲਿਖਿਆ ਕਿ ਇਹ ਫੰਡ ਕੋਰੋਨਾ ਵਰਗੀਆਂ ਕਈ ਗੰਭੀਰ ਸਥਿਤੀਆਂ ਵਿਚ ਲੋੜਵੰਦਾਂ ਦੀ ਮਦਦ ਕਰਨ ਦਾ ਸਾਧਨ ਬਣੇਗਾ। ਮੋਦੀ ਦੀ ਅਪੀਲ ਦੇ 20 ਮਿੰਟਾਂ ਵਿਚ ਹੀ ਅਕਸ਼ੈ ਕੁਮਾਰ ਨੇ 25 ਕਰੋੜ ਰੁਪਏ ਦਾਨ ਕਰ ਦਿੱਤੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਵਿਡ-19 ਦੀ ਲੜਾਈ ਵਿਚ ਹਰ ਕੋਈ ਆਪਣਾ ਯੋਗਦਾਨ ਦੇਣਾ ਚਾਹੁੰਦਾ ਹੈ। ਇਸ ਭਾਵਨਾ ਦੇ ਸਨਮਾਨ ਵਿਚ ਇਕ ‘ਪੀ. ਐੱਮ. ਕੇਅਰ’ ਫੰਡ ਬਣਾਇਆ ਗਿਆ ਹੈ। ਇਸ ਵਿਚ ਛੋਟੀ ਦਾਨ ਰਾਸ਼ੀ ਵੀ ਸਵਿਕਾਰ ਕੀਤੀ ਜਾਵੇਗੀ। ਇਸ ਨਾਲ ਕੋਰੋਨਾ ਵਾਇਰਸ ਵਰਗੀ ਗੰਭੀਰ ਸਥਿਤੀ ਨਾਲ ਨਜਿੱਠਣ ਲਈ ਸਾਡੀ ਸਮਰੱਥਾ ਵਧੇਗੀ ਅਤੇ ਲੋਕਾਂ ਨੂੰ ਵਧੇਰੇ ਸਹਾਇਤਾ ਪਹੁੰਚਾਉਣ ਵਿਚ ਮਦਦ ਮਿਲੇਗੀ। ਇਸ ਲਈ ਤੰਦਰੁਸਤ ਭਾਰਤ ਅਤੇ ਪੀੜ੍ਹੀਆਂ ਦੇ ਬਿਹਤਰ ਭਵਿੱਖ ਲਈ ਸਹਾਇਤਾ ਪ੍ਰਦਾਨ ਕਰੋ।
ਉੱਥੇ ਹੀ, ਅਕਸ਼ੈ ਨੇ ਕਿਹਾ ਕਿ ਇਸ ਸਮੇਂ ਸਾਡੇ ਲੋਕਾਂ ਦੀ ਜ਼ਿੰਦਗੀ ਸਭ ਤੋਂ ਮਹੱਤਵਪੂਰਣ ਹੈ। ਸਾਨੂੰ ਹਰ ਸੰਭਵ ਯੋਗਦਾਨ ਦੇਣਾ ਚਾਹੀਦਾ ਹੈ। ਮੈਨੂੰ ਆਪਣੀ ਬਚਤ ਵਿਚੋਂ 25 ਕਰੋੜ ਰੁਪਏ ਪੀ. ਐੱਮ. ਕੇਅਰ ਫੰਡ ਵਿਚ ਦਾਨ ਕਰਨ ‘ਤੇ ਖੁਸ਼ੀ ਹੈ। ਉਨ੍ਹਾਂ ਕਿਹਾ ਕਿ ਚਲੋ ਜ਼ਿੰਦਗੀ ਨੂੰ ਬਚਾਈਏ, ਜਾਨ ਹੈ ਤਾਂ ਜਹਾਨ ਹੈ।