ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਵਿਵਾਦਾਂ ਦੇ ਘੇਰੇ ‘ਚ ਰਹਿਣ ਵਾਲੇ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਹੁਣ ਇਕ ਨਵਾਂ ਵਿਵਾਦ ਜੁੜ ਗਿਆ ਹੈ। ਇਸ ਵਾਰ ਵਿਵਾਦ ਦਾ ਕਾਰਨ ਪਾਕਿਸਤਾਨ ਤੋਂ ਲਿਆਂਦੀ ਗਈ ‘ਕਾਲਾ ਤਿੱਤਰ’ ਦੀ ਟਰਾਫੀ ਹੈ। ਬੁੱਧਵਾਰ ਨੂੰ ਨਵਜੋਤ ਸਿੰਘ ਸਿੱਧੂ ਇਹ ਟਰਾਫੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਭੇਟ ਕਰਨ ਪਹੁੰਚੇ ਪਰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਸ ਟਰਾਫੀ ਨੂੰ ਲੈਣ ਤੋਂ ਮਨ੍ਹਾ ਕਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਬਿਨਾਂ ਵਣ ਜੀਵ ਵਿਭਾਗ ਦੀ ਇਜਾਜ਼ਤ ਦੇ ਉਹ ਇਸ ਤੋਹਫੇ ਨੂੰ ਕਬੂਲ ਨਹੀਂ ਕਰ ਸਕਦੇ ਹਨ।
ਖੁਦ ਨਵਜੋਤ ਸਿੰਘ ਸਿੱਧੂ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਮੁੱਖ ਮੰਤਰੀ ਨੇ ਕਾਲਾ ਤਿੱਤਰ ਦੀ ਟਰਾਫੀ ਨੂੰ ਕਬੂਲ ਨਹੀਂ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਵਣ ਜੀਵ ਵਿਭਾਗ ਤੋਂ ਇਸ ਦੀ ਇਜਾਜ਼ਤ ਲਵਾਂਗਾ ਕਿਉਂਕਿ ਇਸ ਨੂੰ ਰੱਖਣ ਦੀ ਇਜਾਜ਼ਤ ਨਹੀਂ ਹੈ। ਸਿੱਧੂ ਨੇ ਕਿਹਾ ਕਿ ਪਾਕਿਸਤਾਨ ਦੌਰੇ ਦੌਰਾਨ ਜਦੋਂ ਵੀ ਉਹ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਫੋਨ ਸੁਣਦੇ ਸਨ ਤਾਂ ਰਿੰਗਟੋਨ ‘ਚ ਕਾਲੇ ਤਿੱਤਰ ਦੀ ਆਵਾਜ਼ ਆਉਂਦੀ ਸੀ। ਇਸ ਦੌਰਾਨ ਉਨ੍ਹਾਂ ਨੂੰ ਪਾਕਿਸਤਾਨ ‘ਚ ਕਿਸੇ ਨੇ ਕਾਲੇ ਤਿੱਤਰ ਦਾ ਤੋਹਫਾ ਭੇਟ ਕੀਤਾ ਤਾਂ ਮੈਨੂੰ ਲੱਗਾ ਕਿ ਇਹ ਤੋਹਫਾ ਕੈਪਟਨ ਅਮਰਿੰਦਰ ਸਿੰਘ ਲਈ ਢੁੱਕਵਾਂ ਹੈ।
ਜ਼ਿਕਰਯੋਗ ਹੈ ਕਿ ਇਸ ਕਾਲੇ ਤਿੱਤਰ ਦਾ ਸ਼ਿਕਾਰ ਕਰਨ ਤੋਂ ਬਾਅਦ ਟਰਾਫੀ ਤਿਆਰ ਕੀਤੀ ਗਈ ਹੈ। ਭਾਰਤ ‘ਚ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ, 1972 ਤਹਿਤ ਸ਼ਿਕਾਰ ਕਰਨ ‘ਤੇ ਪਾਬੰਦੀ ਹੈ, ਉਸ ਦੀ ਖੱਲ, ਵਾਲ, ਨਹੁੰ ਆਦਿ ਨੂੰ ਵੀ ਬਿਨਾਂ ਮਨਜ਼ੂਰੀ ਦੇ ਘਰ ‘ਚ ਰੱਖਣਾ ਗੈਰਕਾਨੂੰਨੀ ਮੰਨਿਆ ਗਿਆ ਹੈ।
ਕਸਟਮ ਵਿਭਾਗ ‘ਤੇ ਸਵਾਲੀਆ ਨਿਸ਼ਾਨ! :
ਕਾਲਾ ਤਿੱਤਰ ਦੇ ਇਸ ਮਾਮਲੇ ਨੇ ਅਟਾਰੀ ਬਾਰਡਰ ‘ਤੇ ਤਾਇਨਾਤ ਕਸਟਮ ਵਿਭਾਗ ‘ਤੇ ਵੀ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। ਦਰਅਸਲ, ਕਸਟਮ ਵਿਭਾਗ ਨੂੰ ਇਹ ਯਕੀਨੀ ਕਰਨਾ ਹੁੰਦਾ ਹੈ ਕਿ ਅਟਾਰੀ ਬਾਰਡਰ ਤੋਂ ਆਉਣ ਵਾਲੇ ਵਿਅਕਤੀ ਵਿਸ਼ੇਸ਼ ਕੋਲ ਭਾਰਤ ਦੇ ਕਾਨੂੰਨ ਅਨੁਸਾਰ ਸਾਮਾਨ ਲਿਆਉਣ ਦੀ ਮਨਜ਼ੂਰੀ ਹੈ। ਹਾਲਾਂਕਿ ਕਾਲਾ ਤਿੱਤਰ ਦੀ ਟਰਾਫੀ ਬਿਨਾਂ ਮਨਜ਼ੂਰੀ ਦੇ ਭਾਰਤ ‘ਚ ਦਾਖਲ ਨਹੀਂ ਹੋ ਸਕਦੀ ਹੈ, ਇਸ ਲਈ ਸਵਾਲ ਇਹ ਹੈ ਕਿ ਕਸਟਮ ਵਿਭਾਗ ਵੱਲੋਂ ਇਹ ਭੁੱਲ ਕਿਵੇਂ ਹੋ ਗਈ।
ਵਣ ਜੀਵ ਵਿਭਾਗ ਕਰ ਸਕਦਾ ਹੈ ਕਾਰਵਾਈ :
ਪੰਜਾਬ ਵਣ ਜੀਵ ਮਾਹਿਰਾਂ ਦੀ ਮੰਨੀਏ ਤਾਂ ਪੰਜਾਬ ਵਣ ਜੀਵ ਵਿਭਾਗ ਇਸ ਮਾਮਲੇ ‘ਚ ਸਖਤ ਕਾਰਵਾਈ ਕਰ ਸਕਦਾ ਹੈ। ਜੇਕਰ ਲੈਬ ਰਿਪੋਰਟ ‘ਚ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ ਇਹ ਕਾਲਾ ਤਿੱਤਰ ਦੀ ਹੀ ਟਰਾਫੀ ਹੈ ਤਾਂ ਧਾਰਾ-39 ਤਹਿਤ ਸਿੱਧੂ ‘ਤੇ ਮਾਮਲਾ ਵੀ ਦਰਜ ਹੋ ਸਕਦਾ ਹੈ।