ਪੰਜਾਬ ਦਾ ਵਾਤਾਵਰਨ ਦਰੱਖਤਾਂ ਦੀ ਅੰਧਾ-ਧੁੰਦ ਕਟਾਈ ਕਾਰਨ ਪ੍ਰਦੂਸ਼ਿਤ ਹੋ ਚੁੱਕਾ ਹੈ। ਕਿੰਨੇ ਹੀ ਵਾਤਾਵਰਨ ਪ੍ਰੇਮੀ ਵਾਤਾਵਰਨ ਨੂੰ ਸੰਭਾਲਣ ਲਈ ਤਰਲੋ ਮੱਛੀ ਹੋ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਐਨਆਰਆਈ ਮੋਹਨਜੀਤ ਸਿੰਘ ਕੁਹਾੜ ਹਨ। ਮੋਹਨਜੀਤ ਸਿੰਘ ਕੁਹਾੜ ਲੰਬੇ ਸਮੇਂ ਤੋਂ ਬਹਿਰੀਨ ਵਿੱਚ ਰਹਿ ਰਹੇ ਹਨ।
ਪਰ ਉਨ੍ਹਾਂ ਦਾ ਵਾਤਾਵਰਨ ਪ੍ਰੇਮ ਇਸ ਗੱਲ ਤੋਂ ਜ਼ਾਹਿਰ ਹੁੰਦਾ ਹੈ ਕਿ ਜਦੋਂ ਉਹ ਜ਼ਿਲ੍ਹਾ ਕਪੂਰਥਲਾ ਦੇ ਆਪਣੇ ਪਿੰਡ ਵਿੱਚ ਆਏ ਤਾਂ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਬਿਤਾਉਣ ਵਾਲੇ ਸਮੇਂ ਵਿੱਚੋਂ ਸਮਾਂ ਕੱਢਕੇ, ਆਪਣੇ ਵਾਤਾਵਰਨ ਪ੍ਰੇਮੀ ਹੋਣ ਦਾ ਸਬੂਤ ਦਿੰਦੇ ਹੋਏ ਜ਼ਿਆਦਾ ਸਮਾਂ ਰੁੱਖ ਲਗਾਉਣ ਵਿੱਚ ਹੀ ਬਿਤਾਇਆ। ਇਹ ਇਨਸਾਨ ਨਸ਼ਿਆਂ ਤੋਂ ਕੋਹਾਂ ਦੂਰ ਹੈ ਅਤੇ ਆਪਣੀ ਮਾਤ ਭੂਮੀ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਅਤੇ ਹਰੀ ਭਰੀ ਦੇਖਣ ਦਾ ਚਾਹਵਾਨ ਹੈ। ਜਦੋਂ ਕੋਈ ਐੱਨ.ਆਰ.ਆਈ ਆਪਣੇ ਵਤਨ ਪਰਤਦਾ ਹੈ ਤਾਂ ਉਸ ਦੀ ਇੱਛਾ ਹੁੰਦੀ ਹੈ ਕਿ ਵੱਧ ਤੋਂ ਵੱਧ ਸਮਾਂ ਆਪਣੇ ਪਰਿਵਾਰ ਨਾਲ ਗੁਜ਼ਾਰਿਆ ਜਾਵੇ।
ਪਰ ਮੋਹਨਜੀਤ ਸਿੰਘ ਦੀ ਦਿਲੀ ਇੱਛਾ ਹੈ ਕਿ ਵੱਧ ਤੋਂ ਵੱਧ ਸਮਾਂ ਵਾਤਾਵਰਨ ਦੀ ਸੰਭਾਲ ਲਈ ਖਰਚ ਕੀਤਾ ਜਾਵੇ ਤਾਂ ਕਿ ਸਾਡਾ ਪੰਜਾਬ ਸਵੱਛ ਪੰਜਾਬ ਦੇ ਤੌਰ ਤੇ ਜਾਣਿਆ ਜਾਵੇ ਅਤੇ ਇੱਥੋਂ ਦਾ ਵਾਤਾਵਰਨ ਹਵਾ ਅਤੇ ਪਾਣੀ ਸ਼ੁੱਧ ਹੋਵੇ। ਉਹ ਆਪਣੇ ਸੁਪਨਿਆਂ ਦਾ ਪੰਜਾਬ ਦੇਖਣ ਦੇ ਚਾਹਵਾਨ ਹਨ। ਪੰਜਾਬ ਫੇਰੀ ਦੌਰਾਨ ਉਨ੍ਹਾਂ ਨੇ ਅਨੇਕਾਂ ਹੀ ਬੂਟੇ ਲਗਾਏ ਅਤੇ ਹੋਰਾਂ ਨੂੰ ਉਤਸ਼ਾਹਿਤ ਵੀ ਕੀਤਾ। ਜੇਕਰ ਅਸੀਂ ਸਾਰੇ ਹੀ ਮੋਹਨਜੀਤ ਵਰਗੀ ਸੋਚ ਅਪਣਾ ਲਈਏ ਤਾਂ ਪੰਜਾਬ ਦਾ ਵਾਤਾਵਰਨ ਵੀ ਸ਼ੁੱਧ ਹੋ ਸਕਦਾ ਹੈ। ਸਾਨੂੰ ਅਜਿਹੇ ਵਾਤਾਵਰਨ ਪ੍ਰੇਮੀਆਂ ਤੇ ਮਾਣ ਹੋਣਾ ਚਾਹੀਦਾ ਹੈ।
ਵਾਇਰਲ