BREAKING NEWS
Search

ਉਸਦੇ ਛਣ-ਛਣ ਕਰਦੇ ਚੂੜੇ ਦੀ ਅਵਾਜ ਨਾਲ ਜਿੱਦਾਂ ਦੁਕਾਨ ਵਿਚ ਬਹਾਰ ਜਿਹੀ ਆ ਗਈ ਹੋਵੇ..

ਵੱਡੇ ਬਜਾਰ ਦੀ ਐਨ ਨੁੱਕਰ ਵਿਚ ਮੇਰੀ ਮੇਕਅੱਪ,ਚੂੜੀਆਂ ਅਤੇ ਕੌਸਮੈਟਿਕ ਦਾ ਸਟੋਰ ਸੀ। ਹਮੇਸ਼ਾਂ ਰੌਣਕ ਲੱਗੀ ਰਹਿੰਦੀ, ਅੱਜ ਨੇੜੇ ਦੇ ਕਿਸੇ ਪਿੰਡ ਤੋਂ ਇੱਕ ਨਵਾਂ ਵਿਆਹਿਆ ਜੋੜਾ ਆਇਆ। ਉਸਦੇ ਛਣ-ਛਣ ਕਰਦੇ ਚੂੜੇ ਦੀ ਅਵਾਜ ਨਾਲ ਜਿੱਦਾਂ ਦੁਕਾਨ ਵਿਚ ਬਹਾਰ ਜਿਹੀ ਆ ਗਈ ਹੋਵੇ। ਸੇਲਜ਼ਮੈਨ ਦੱਸਣ ਲੱਗਾ ਕੇ “ਸਵੇਰ ਦੇ ਦੂਜੀ ਵਾਰ ਆਏ ਨੇ। ਨਵੀਂ ਵਿਆਹੀ ਨੂੰ ਲਾਲ ਗੋਖੜੂ ਪਸੰਦ ਨੇ, ਹਜਾਰ ਮੰਗੇ ਨੇ ਪਰ ਬਾਈ ਜੀ ਦੀ ਸੂਈ ਸੱਤ ਸੌ ਤੇ ਹੀ ਅੜੀ ਹੋਈ ਏ। ਸ਼ਾਇਦ ਕੋਲ ਹੀ ਏਨੇ ਨੇ।

ਉਹ ਕਦੀ ਓਹਲੇ ਜਿਹੇ ਨਾਲ ਬਟੂਆ ਖੋਹਲ ਦੇਖ ਲੈਂਦਾ, ਫੇਰ ਕਦੀ ਕੁਝ ਸੋਚ ਨਾਲਦੀ ਦੀਆਂ ਅੱਖਾਂ ਵਿਚ ਵੱਗਦੇ ਸੱਧਰਾਂ ਤੇ ਚਾਵਾਂ ਦੇ ਦਰਿਆ ਵਿਚ ਗੁਆਚ ਜਾਂਦਾ! ਗਹੁ ਨਾਲ ਤੱਕਿਆ ਤਾਂ ਮਜਬੂਰੀ, ਬੇਬਸੀ ਅਤੇ ਸ਼ਰਮਿੰਦਗੀ ਦੇ ਆਲਮ ਵਿਚ ਡੁੱਬਿਆ ਹੋਇਆ ਜਾਪਿਆ। ਪੂਰਾਨੀ ਗੱਲ ਚੇਤੇ ਆ ਗਈ, ਜਦੋਂ ਪਹਿਲੀ ਵਾਰ ਇਹਨਾਂ ਨਾਲ ਮਸਿਆ ਦੇ ਮੇਲੇ ਗਈ। ਲਾਲ ਰੰਗ ਦੀਆਂ ਚੂੜੀਆਂ ਪਸੰਦ ਆਈਆਂ, ਭਲੇ ਜ਼ਮਾਨਿਆਂ ਵਿਚ ਉਸਨੇ ਅੱਠ ਰੁਪਈਏ ਮੰਗੇ, ਸ਼ਾਇਦ ਇਹਨਾਂ ਕੋਲ ਪੰਜ ਹੀ ਸਨ, ਸੌਦਾ ਸਿਰੇ ਨਾ ਚੜਿਆ!

ਆਥਣੇ ਪਿੰਡ ਮੁੜਦੇ ਟਾਂਗੇ ਵਿਚ ਬੈਠੇ ਹੋਏ ਸਾਰੇ ਰਾਹ ਨਾ ਤਾਂ ਅੱਖਾਂ ਮਿਲਾਈਆਂ ਤੇ ਨਾ ਹੀ ਮੂਹੋਂ ਹੀ ਕੁਝ ਬੋਲੇ..ਹਾਰ ਕੇ ਮੈਂ ਹੁੱਝ ਜਿਹੀ ਮਾਰੀ ਕੇ ਫੇਰ ਕੀ ਹੋਇਆ, ਅਗਲੀ ਮੱਸਿਆ ਸਹੀ। ਇਹਨਾਂ ਦੇ ਹੰਜੂ ਵਗ ਤੁਰੇ ਪਰ ਓਹਲੇ ਜਿਹੇ ਨਾਲ ਪੂੰਝ ਲਏ! ਉਸ ਦਿਨ ਮਗਰੋਂ ਮੇਰੀਆਂ ਖੁਸ਼ੀਆਂ ਲਈ ਦਿਨ ਰਾਤ ਇੱਕ ਕਰ ਦਿੱਤਾ। ਕੋਈ ਚੀਜ ਮੂਹੋਂ ਬਾਅਦ ਵਿਚ ਕੱਢਦੀ ਤੇ ਹਾਜਿਰ ਪਹਿਲਾਂ ਹੋ ਜਾਇਆ ਕਰਦੀ, ਫੇਰ ਇਹ ਦੁਕਾਨ ਖੋਲਣ ਤੀਕਰ ਆਪਣੀ ਬਿਮਾਰੀ ਤੱਕ ਮੈਥੋਂ ਲੁਕਾ ਕੇ ਰੱਖੀ।

ਸਾਮਣੇ ਟੰਗੀ ਇਹਨਾਂ ਦੀ ਤਸਵੀਰ ਵੱਲ ਦੇਖ ਮੇਰੀਆਂ ਅੱਖਾਂ ਗਿੱਲੀਆਂ ਹੋ ਗਈਆਂ, ਫੇਰ ਏਨੀ ਗੱਲ ਸੁਣ ਮੇਰੀ ਸੂਰਤ ਮੁੜ ਵਾਪਿਸ ਆ ਗਈ। ਮੁੰਡਾ ਸੇਲਜ਼ਮੈਨ ਨੂੰ ਆਖ ਰਿਹਾ ਸੀ “ਦੇਖ ਲਵੋ ਜੀ ਜੇ ਸੱਤ ਸੌ ਵਿਚ ਗੱਲ ਮੁੱਕਦੀ ਏ ਤਾਂ” ਅੱਗੋਂ ਉਸਦਾ ਬੇਧਿਆਨੀ ਵਿਚ ਓਹੀ ਜੁਆਬ..”ਭਾਊ ਸੁਵੇਰ ਦਾ ਕਿੰਨੀ ਵਾਰੀ ਆਖ ਚੁੱਕਾਂ ਬੀ ਹਜਾਰ ਤੋਂ ਇੱਕ ਰੁਪਈਆ ਘੱਟ ਨੀ ਹੋਣਾ”

ਏਨੀ ਗੱਲ ਸੁਣਦੋਹਾਂ ਦੀਆਂ ਅੱਖਾਂ ਮਿਲ਼ੀਆਂ, ਨਵੀਂ ਵਿਆਹੀ ਸ਼ਾਇਦ ਨਾਲਦੇ ਦੀ ਮਜਬੂਰੀ ਸਮਝ ਚੁਕੀ ਸੀ ਤੇ ਦੋਵੇਂ ਬਾਹਰ ਨੂੰ ਤੁਰਨ ਹੀ ਲੱਗੇ ਕੇ ਮੈਨੂੰ ਅੰਦਰੋਂ ਕਾਹਲੀ ਜਿਹੀ ਪਈ। ਮੈਂ ਦੋਵਾਂ ਨੂੰ ਅਵਾਜ ਮਾਰ ਵਾਪਿਸ ਮੋੜ ਲਿਆਂਦਾ ਆਖਣ ਲੱਗੀ ਕੇ ਮੁਆਫ ਕਰਨਾ। ਇਹ ਗੋਖੜੂ ਅੱਜ ਹੀ ਸੁਵੇਰੇ ਅੱਧੇ ਮੁੱਲ ਡਿਸਕਾਊਂਟ ਤੇ ਲਾਏ ਸੀ। ਕਾਊਂਟਰ ਤੇ ਇਸ ਮੁੰਡੇ ਨੂੰ ਦੱਸਣਾ ਭੁੱਲ ਗਈ ਸਾਂ। ਲਿਆਓ ਪੰਜ ਸੌ ਤੇ ਇਹ ਹੁਣੇ ਪੈਕ ਕਰ ਦਿੰਦਾ ਏ”

ਨਵੀਂ ਵਿਆਹੀ ਦੀਆਂ ਜਗਦੀਆਂ ਹੋਈਆਂ ਅੱਖਾਂ ਦੇਖ ਮੈਂ ਸੋਚ ਰਹੀ ਸਾਂ ਕੇ ਜੇ ਉਸ ਦਿਨ ਉਹ ਵੀ ਓਹੋ ਚੂੜੀਆਂ ਪੰਜਾਂ ਵਿਚ ਦੇ ਦਿੰਦਾ ਤਾਂ ਸ਼ਾਇਦ ਮੇਰੀਆਂ ਵੀ ਇਸੇ ਤਰਾਂ ਲਟ-ਲਟ ਜਗ ਰਹੀਆਂ ਹੁੰਦੀਆਂ” ਕਾਊਂਟਰ ਤੇ ਖਲੋਤਾ ਮੁੰਡਾ ਕਦੀ ਮੇਰੇ ਵੱਲ ਤੇ ਕਦੀ ਜੋੜੀ ਵੱਲ ਇੰਝ ਦੇਖੀ ਜਾ ਰਿਹਾ ਸੀ ਜਿੱਦਾਂ ਕੇ ਮੈਂ ਪਹਿਲੀ ਵਾਰ ਕੋਈ ਘਾਟੇ ਦਾ ਸੌਦਾ ਕੀਤਾ ਹੋਵੇ। ਪਰ ਕਮਲੇ ਨੂੰ ਕਿੱਦਾਂ ਸਮਝਾਉਂਦੀ ਕੇ ਪੁੱਤਰਾ ਜੁਆਨੀ ਦੇ ਦਿਨਾਂ ਵਿਚ ਮਨ ਵਿਚ ਉਠਦੀਆਂ ਸੱਧਰਾਂ ਤੇ ਖਾਹਸ਼ਾਂ ਦੇ ਵੀ ਕਦੇ ਸੌਦੇ ਕੀਤੇ ਜਾਂਦੇ ਨੇ! -ਅਨੁਵਾਦ ਹਰਪ੍ਰੀਤ ਸਿੰਘ ਜਵੰਦਾ



error: Content is protected !!