ਕੋਵਿਡ-19 ਮਹਾਂਮਾਰੀ ਨੂੰ ਭਾਰਤ ਫ਼ੈਲਣ ਤੋਂ ਕਿਵੇਂ ਰੋਕਦਾ ਹੈ? ਹੁਣ ਸਾਰੀ ਦੁਨੀਆਂ ਦੀਆਂ ਨਜ਼ਰਾਂ ਇਸੇ ’ਤੇ ਲੱਗੀਆਂ ਹੋਈਆਂ ਹਨ। ਕੋਰੋਨਾਵਾਇਰਸ ਦੀ ਲੋੜ ਤੋਂ ਘੱਟ ਜਾਂਚ, ਇੱਥੇ ਵੱਡੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਇਸ ਸਥਿਤੀ ਨੂੰ ਹੁਣ ਬਦਲਣ ਦੀ ਤਿਆਰੀ ਹੈ। ਇਸ ਦਾ ਸਿਹਰਾ ਇੱਕ ਗਰਭਵਤੀ ਵਿਸ਼ਾਣੂ-ਵਿਗਿਆਨੀ (ਵਾਇਰੌਲੋਜਿਸਟ) ਮਿਨਾਲ ਦਖਵੇ ਭੋਂਸਲੇ ਨੂੰ ਜਾਂਦਾ ਹੈ,ਜਿਸ ਨੇ ਬੱਚੇ ਨੂੰ ਜਨਮ ਦੇਣ ਤੋਂ ਕੁਝ ਘੰਟੇ ਪਹਿਲਾਂ ਹੀ ਭਾਰਤ ਵਿੱਚ ਤਿਆਰ ਪਹਿਲੀ ਕੋਵਿਡ-19 ਟੈਸਟ ਕਿੱਟ ਦਾ ਕੰਮ ਪੂਰਾ ਕੀਤਾ।
ਵੀਰਵਾਰ ਨੂੰ ਭਾਰਤ ਵਿੱਚ ਵਿਕਸਿਤ ਪਹਿਲੀ ਕੋਵਿਡ-19 ਜਾਂਚ ਕਿੱਟ ਬਜ਼ਾਰ ਵਿੱਚ ਉਤਾਰੀ ਗਈ। ਇਸ ਨਾਲ ਉਮੀਦ ਬੱਝੀ ਹੈ ਕਿ ਫਲੂ ਦੇ ਲੱਛਣਾਂ ਵਾਲੇ ਮਰੀਜ਼ਾਂ ਦਾ ਵੀ ਮਹਾਂਮਾਰੀ ਲਈ ਟੈਸਟ ਸੰਭਵ ਹੋ ਸਕੇਗਾ।
ਹੁਣ 1200 ਰੁਪਏ ‘ਚ ਕਿੱਟ ਤਿਆਰ
ਇਹ ਕਿੱਟ ਪੂਣੇ ਦੀ ਮੇਲੈਬ ਡਿਸਕਵਰੀ ਵੱਲੋਂ ਤਿਆਰ ਕੀਤੀ ਗਈ ਹੈ, ਜੋ ਪਹਿਲੀ ਭਾਰਤੀ ਫ਼ਰਮ ਹੈ ਜਿਸ ਨੂੰ ਸਰਕਾਰ ਨੇ ਇਹ ਕਿੱਟਜ਼ ਤਿਆਰ ਕਰਨ ਤੇ ਵੇਚਣ ਦੀ ਪ੍ਰਵਾਨਗੀ ਦਿੱਤੀ ਹੈ। 150 ਕਿੱਟਾਂ ਦੀ ਪਹਿਲੀ ਖੇਪ ਕੰਪਨੀ ਨੇ ਪੂਣੇ, ਮੁੰਬਈ ਦਿੱਲੀ, ਗੋਆ ਤੇ ਬੈਂਗਲੂਰੂ ਦੀਆਂ ਲੈਬੋਰਟਰੀਆਂ ਨੂੰ ਭੇਜੀ ਹੈ। ਹਰੇਕ ਕਿੱਟ 100 ਨਮੂਨਿਆਂ ਦੀ ਜਾਂਚ ਕਰ ਸਕਦੀ ਹੈ। ਇਸ ਦੀ ਕੀਮਤ 1200 ਰੁਪਏ ਹੈ। ਭਾਰਤ ਬਾਹਰੋਂ ਜੋ ਕਿੱਟ ਮੰਗਾਉਂਦਾ ਹੈ ਉਹ ਲਗਭਗ 4500 ਰੁਪਏ ਦੀ ਪੈਂਦੀ ਹੈ।
ਮੇਲੈਬ ਦੇ ਮੈਡੀਕਲ ਅਫੇਅਰਜ਼ ਦੇ ਨਿਰਦੇਸ਼ਕ ਡਾ਼ ਗੌਤਮ ਵਾਨਖੇੜੇ ਨੇ ਸ਼ੁੱਕਰਵਾਰ ਨੂੰ ਦੱਸਿਆ, “ਸਾਡੀ ਮੈਨੂਫ਼ੈਕਚਰਿੰਗ ਇਕਾਈ ਹਫ਼ਤੇ ਦੇ ਅਖ਼ੀਰ ਵਿੱਚ ਵੀ ਕੰਮ ਕਰ ਰਹੀ ਹੈ ਤੇ ਦੂਜੀ ਖੇਪ ਸੋਮਵਾਰ ਨੂੰ ਭੇਜ ਦਿੱਤੀ ਜਾਵੇਗੀ। ਇਹ ਫ਼ਰਮ ਐੱਚਆਈਵੀ, ਹੈਪੇਟਾਈਟਸ-ਬੀ ਤੇ ਸੀ ਤੋਂ ਇਲਾਵਾ ਹੋਰ ਵੀ ਬੀਮਾਰੀਆਂ ਲਈ ਟੈਸਟਿੰਗ ਕਿੱਟਾਂ ਬਣਾਉਂਦੀ ਹੈ। ਨਿਰਦੇਸ਼ਕ ਦਾ ਦਾਅਵਾ ਹੈ ਕਿ ਫ਼ਰਮ ਹਫ਼ਤੇ ਵਿੱਚ ਇੱਕ ਲੱਖ ਕਿੱਟਾਂ ਬਣਾ ਸਕਦੀ ਹੈ ਪਰ ਐਮਰਜੈਂਸੀ ਦੇ ਸਮੇਂ ਦੌਰਾਨ ਇਹ ਗਿਣਤੀ ਦੋ ਲੱਖ ਵੀ ਹੋ ਸਕਦੀ ਹੈ।
ਮੇਲੈਬ ਦੇ ਖੋਜ ਤੇ ਵਿਕਾਸ ਵਿਭਾਗ ਦੀ ਮੁਖੀ ਵਿਸ਼ਾਣੂ-ਵਿਗਿਆਨੀ ਮਿਨਾਲ ਦਖਵੇ ਭੋਂਸਲੇ ਦਾ ਕਹਿਣਾ ਹੈ, “ਸਾਡੀ ਕਿੱਟ ਢਾਈ ਘੰਟਿਆਂ ਵਿੱਚ ਨਤੀਜਾ ਦੇ ਸਕਦੀ ਹੈ। ਜਦਕਿ ਦੂਜੀ ਕਿੱਟ 6-7 ਘੰਟੇ ਲੈ ਲੈਂਦੀ ਹੈ।”ਕਿੱਟ ਨੂੰ ਵਿਕਸਿਤ ਕਰਨ ਵਾਲੀ ਟੀਮ ਦੀ ਅਗਵਾਈ ਕਰਨ ਵਾਲੀ ਮਿਨਾਲ ਨੇ ਕਿਹਾ ਕਿ ਕੰਮ ਇੱਕ “ਰਿਕਾਰਡ ਸਮੇਂ ਵਿੱਚ ਪੂਰਾ ਕੀਤਾ ਗਿਆ ਹੈ, ਚਾਰ ਮਹੀਨਿਆਂ ਦੀ ਥਾਂ ਛੇ ਹਫ਼ਤਿਆਂ ਵਿੱਚ।”
ਸਾਇੰਸਦਾਨ ਕੋਲ ਆਪਣੀ ਵੀ ਡੈਡਲਾਈਨ ਸੀ ਜਿਸ ਨਾਲ ਉਸ ਨੂੰ ਸੰਘਰਸ਼ ਕਰਨਾ ਪੈ ਰਿਹਾ ਸੀ। ਪਿਛਲੇ ਹਫ਼ਤੇ ਉਨ੍ਹਾਂ ਨੇ ਇੱਕ ਬੇਟੀ ਨੂੰ ਜਨਮ ਦਿੱਤਾ।
ਉਨ੍ਹਾਂ ਨੇ ਇੱਕ ਗਰਭ ਸਬੰਧੀ ਮੁਸ਼ਕਲ ਕਾਰਨ ਅਰਾਮ ਕਰਨ ਤੋਂ ਬਾਅਦ ਫ਼ਰਵਰੀ ਵਿੱਚ ਹੀ ਇਸ ਪ੍ਰੋਜੈਕਟ ਉੱਪਰ ਕੰਮ ਸ਼ੂਰੂ ਕੀਤਾ ਸੀ।
“ਇਹ ਇੱਕ ਐਮਰਜੈਂਸੀ ਸੀ ਜਿਸ ਕਾਰਨ ਮੈਂ ਇਸ ਨੂੰ ਇੱਕ ਚੁਣੌਤੀ ਵਜੋਂ ਲਿਆ। ਮੈਨੂੰ ਆਪਣੇ ਦੇਸ਼ ਦੀ ਸੇਵਾ ਤਾਂ ਕਰਨੀ ਹੀ ਪਵੇਗੀ।”
ਅਖ਼ੀਰ ਵਿੱਚ 18 ਮਾਰਚ ਨੂੰ ਉਨ੍ਹਾਂ ਨੇ ਪ੍ਰਵਾਨਗੀ ਲਈ ਕਿੱਟ ਭਾਰਤ ਦੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੌਲੋਜੀ ਨੂੰ ਸੌਂਪੀ। ਅਗਲੇ ਦਿਨ ਉਨ੍ਹਾਂ ਦੇ ਵੱਡੇ ਅਪਰੇਸ਼ਨ ਨਾਲ ਬੇਟੀ ਦਾ ਜਨਮ ਹੋਇਆ।
ਉਸੇ ਸ਼ਾਮ ਹਸਪਤਾਲ ਲੈ ਕੇ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਪ੍ਰੋਜੈਕਟ ਐੱਫ਼ਡੀਏ ਨੂੰ ਅਤੇ ਡਰੱਗ ਕੰਟਰੋਲ ਨੂੰ ਕਾਰੋਬਾਰੀ ਪ੍ਰਵਾਨਗੀ ਲਈ CDSCO ਨੂੰ ਭੇਜਿਆ।
ਇਸ ਪ੍ਰੋਜੈਕਟ ਦੀ ਅਗਵਾਈ ਕਰਨ ਵਾਲੇ ਮਿਨਾਲ ਨੇ ਦੱਸਿਆ, “ਅਸੀਂ ਸਮੇਂ ਦੇ ਉਲਟ ਦੌੜ ਰਹੇ ਸੀ। ਸਾਡੇ ਵਕਾਰ ਦਾ ਸਵਾਲ ਸੀ। ਅਸੀਂ ਸਾਰਾ ਕੁਝ ਪਹਿਲੀ ਵਾਰ ਵਿੱਚ ਮੁਕੰਮਲ ਕਰਨਾ ਸੀ।”
ਪ੍ਰਵਾਨਗੀ ਲਈ ਭੇਜੇ ਜਾਣ ਤੋਂ ਪਹਿਲਾਂ ਕਿੱਟ ਦੀ ਸਾਰੇ ਪੱਖਾਂ ਤੋਂ ਜਾਂਚ ਕੀਤੀ ਜਾਣੀ ਸੀ, ਤਾਂ ਕਿ ਯਕੀਨੀ ਬਣਾਇਆ ਜਾ ਸਕੇ ਕਿ ਨਤੀਜੇ ਸਟੀਕ ਹੋਣ।
ਮਿਨਾਲ ਨੇ ਦੱਸਿਆ ਜੇ ਤੁਸੀਂ 10 ਟੈਸਟ ਕਰਦੇ ਹੋ ਤਾਂ ਸਾਰੇ 10 ਨਤੀਜੇ ਇੱਕ ਸਮਾਨ ਆਉਣੇ ਚਾਹੀਦੇ ਹਨ।
ਭਾਰਤ ਦੀ ਇੰਡੀਅਨ ਕਾਊਂਸਲ ਫਾਰ ਮੈਡੀਕਲ ਰਿਸਰਚ ਜਿਸ ਦੇ ਅਧੀਨ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੌਲੋਜੀ ਕੰਮ ਕਰਦਾ ਹੈ। ਉਸ ਮੁਤਾਬਕ ਵੀ ਮੇਲੈਬ ਸੌ ਫ਼ੀਸਦੀ ਨਤੀਜੇ ਹਾਸਲ ਕਰਨ ਵਾਲੀ ਭਾਰਤ ਦੀ ਇਕਲੌਤੀ ਕੰਪਨੀ ਹੈ।