ਆਈ ਤਾਜਾ ਵੱਡੀ ਖਬਰ
ਕੁਲਵਿੰਦਰ ਸਿੰਘ ਰਾਏ, ਖੰਨਾ : ਪੰਜਾਬੀ ਦੇ ਉੱਘੇ ਸਾਹਿਤਕਾਰ ਸੁਖਦੇਵ ਮਾਦਪੁਰੀ (85 ਸਾਲ) ਸੋਮਵਾਰ ਨੂੰ ਅਚਾਨਕ ਅਕਾਲ ਚਲਾਣਾ ਕਰ ਗਏ ਹਨ। ਦੁਪਿਹਰ 1.30 ਵਜੇਂ ਦੇ ਕਰੀਬ ਉਨ੍ਹਾਂ ਨੂੰ ਬ੍ਰੇਨ ਹੈਮਰੇਜ ਹੋਇਆ। ਉਨ੍ਹਾਂ ਨੂੰ ਖੰਨਾ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਫ਼ਾਨੀ ਸੰਸਾਰ ਨੂੰ ਹਮੇਸ਼ਾਂ ਲਈ ਅਲਵਿਦਾ ਆਖ ਗਏ। ਉਹ ਪਿਛਲੇ ਲੰਮੇਂ ਸਮੇਂ ਤੋਂ ਖੰਨਾ ਵਿਖੇ ਰਹਿ ਰਹੇ ਸਨ ਪਰ ਉਨ੍ਹਾਂ ਦਾ ਸਸਕਾਰ ਜੱਦੀ ਪਿੰਡ ਮਾਦਪੁਰ (ਸਮਰਾਲਾ) ਵਿਖੇ ਕੀਤਾ ਗਿਆ।
ਉਨ੍ਹਾਂ ਦੇ ਦੋ ਲੜਕੇ ਵਿਦੇਸ਼ ‘ਚ ਹਨ ਤੇ ਉਹ ਲਾਕਡਾਊਨ ਕਰਕੇ ਆ ਨਹੀਂ ਸਕੇ, ਜਿਸ ਕਰਕੇ ਉਨ੍ਹਾਂ ਦੀ ਚਿਖ਼ਾ ਨੂੰ ਅਗਨੀ ਉਨ੍ਹਾਂ ਦੀ ਸਪੁੱਤਰੀ ਕਿਰਨਪ੍ਰੀਤ ਕੌਰ ਵੱਲੋਂ ਦਿਖਾਈ ਗਈ। ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਸਹਿਤ ਜਗਤ ਨੂੰ ਵੱਡਾ ਘਾਟਾ ਪਿਆ ਹੈ।
ਵੱਕਾਰੀ ਐਵਾਰਡਾਂ ਨਾਲ ਹੋਇਆ ਸਨਮਾਨ
ਸੁਖਦੇਵ ਮਾਦਪੁਰੀ ਇੱਕ ਅਜਿਹੇ ਲੇਖਕ ਸਨ ਜਿਨ੍ਹਾਂ ਨੇ ਪੰਜਾਬ ਦੇ ਅਲੋਪ ਹੋ ਰਹੇ ਲੋਕ-ਸਾਹਿਤਕ ਵਿਰਸੇ ਨੂੰ ਸੰਭਾਲਣ ਲਈ ਜਿਆਦਾਤਰ ਕੰਮ ਕੀਤਾ। ਮਾਦਪੁਰੀ ਵੱਲੋਂ ਪੰਜਾਬੀ ਲੋਕਧਾਰਾ ਦੀ ਸਮੱਗਰੀ ਨੂੰ ਨਾ ਸਗੋਂ ਇਕੱਤਰ ਕੀਤਾ ਬਲਕਿ ਇਸ ਨੂੰ ਸੰਭਾਲਣ ਦਾ ਇਤਿਹਾਸਕ ਕਾਰਜ ਵੀ ਕੀਤਾ ਗਿਆ। ਵਿਭਾਗ ਪੰਜਾਬ ਵੱਲੋਂ ਉਨ੍ਹਾਂ ਨੂੰ ਸ੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਤੇ ਸਾਹਿਤ ਅਕਾਦਮੀ ਦਿੱਲੀ ਨੇ ਵੀ ਉਸ ਨੂੰ ਵੱਕਾਰੀ ਐਵਾਰਡ ਸਾਹਿਤ ਅਕਾਦਮੀ ਪੁਰਸਕਾਰ 2015 ਦੇ ਕੇ ਮਾਣ ਦਿੱਤਾ ਗਿਆ ਹੈ।
ਸੁਖਦੇਵ ਮਾਦਪੁਰੀ ਦਾ ਦਾ ਜਨਮ 12 ਜੂਨ, 1935 ‘ਚ ਪਿੰਡ ਮਾਦਪੁਰ, ਤਹਿਸੀਲ, ਜ਼ਿਲ੍ਹਾ ਲੁਧਿਆਣਾ ਵਿਖੇ ਮਾਤਾ ਸੁਰਜੀਤ ਕੌਰ ਤੇ ਪਿਤਾ ਦਿਆ ਸਿੰਘ ਦੇ ਘਰ ਹੋਇਆ।
ਅਧਿਆਪਕ ਬਣਨ ਤੋਂ ਹੋਇਆ ਸਾਹਿਤਕ ਸਫ਼ਰ ਸ਼ੁਰੂ
ਪਿੰਡ ਮਾਦਪੁਰ ਦੇ ਸਕੂਲ ‘ਚੋਂ ਪ੍ਰਾਇਮਰੀ ਦੀ ਪੜ੍ਹਾਈ ਕਰਨ ਤੋਂ ਬਾਅਦ ਉਨ੍ਹਾਂ ਖ਼ਾਲਸਾ ਹਾਈ ਸਕੂਲ ਜਸਪਾਲੋਂ ਤੋਂ ਦਸਵੀਂ ਪਾਸ ਕੀਤੀ। ਫਿਰ ਕੁਰਾਲੀ ਤੋਂ ਜੇਬੀਟੀ ਦਾ ਕੋਰਸ ਕੀਤਾ। ਇਸ ਮਗਰੋਂ ਉਹ ਪਿੰਡ ਢਿੱਲਵਾਂ, ਜ਼ਿਲ੍ਹਾ ਲੁਧਿਆਣਾ ‘ਚ ਪ੍ਰਾਇਮਰੀ ਸਕੂਲ ‘ਚ 19 ਮਈ 1954 ਨੂੰ ਅਧਿਆਪਕ ਵੱਜੋਂ ਲੱਗ ਗਏ। ਇੱਥੋਂ ਹੀ ਉਨ੍ਹਾਂ ਦਾ ਸਾਹਿਤਕ ਸਫ਼ਰ ਹੋਇਆ ਮੰਨਿਆ ਜਾਂਦਾ ਹੈ। ਇਸ ਬਾਅਦ ਉਨ੍ਹਾਂ ਪੰਜਾਬੀ ਦੀ ਐਮਏ ਵੀ ਕੀਤੀ। ਮਾਦਪੁਰੀ ਨੇ 1956 ‘ਚ ਲੋਕ ਬੁਝਾਰਤਾਂ ਪੁਸਤਕ ਪ੍ਰਕਾਸਿਤ ਕਰਵਾਈ। ਉਨ੍ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ‘ਚ ਪਹਿਲੀ ਫਰਵਰੀ 1978 ਤੋਂ ਬਤੌਰ ਵਿਸ਼ਾ ਮਾਹਿਰ ਸੇਵਾਵਾਂ ਦੇਣ ਲੱਗੇ। ਉਨ੍ਹਾਂ ਨੇ ਇੱਥੇ ਹੀ ਅਪ੍ਰੈਲ 1980 ਤੋਂ ਜੂਨ 1993 ਤਕ ਪੰਖੜੀਆਂ ਤੇ ਪ੍ਰਾਇਮਰੀ ਸਿੱਖਿਆ ਦੇ ਸੰਪਾਦਕ ਦਾ ਕਾਰਜ ਵੀ ਨਿਭਾਇਆ।
ਮਾਦਪੁਰੀ ਵੱਲੋਂ ਲਿਖੀਆ ਪੁਸਤਕਾਂ
ਉਨ੍ਹਾਂ ਨੇ ਆਪਣੀ ਕਲਮ ਰਾਹੀਂ ਲੋਕ ਗੀਤ, ਲੋਕ ਕਹਾਣੀਆਂ, ਬਾਲ ਸਾਹਿਤ, ਲੋਕ ਬੁਝਾਰਤਾਂ, ਨਾਟਕ, ਜੀਵਨੀ ਅਜਾਦੀ ਘੁਲਾਟੀ ਸਤਿਗੁਰੂ ਰਾਮ ਪਾਠਕਾਂ ਦੀ ਝੋਲੀ ਪਾ ਕੇ ਪੰਜਾਬ ਸਹਿਤ ‘ਚ ਵੱਡਮੁੱਲਾ ਯੋਗਦਾਨ ਪਾਇਆ। ਗਾਉਂਦਾ ਪੰਜਾਬ (1959), ਫੁੱਲ੍ਹਾਂ ਭਰੀ ਚੰਗੇਰ (1979), ਖੰਡ ਮਿਸ਼ਰੀ ਦੀਆਂ ਡਲੀਆਂ (2003), ਕਿੱਕਲੀ ਕਲੀਰ ਦੀ (2008), ਲੋਕ ਗੀਤਾਂ ਦੀ ਸਮਾਜਕ ਵਿਆਖਿਆ (2003), ਪੰਜਾਬ ਦੇ ਲੋਕ ਨਾਇਕ (2004), ਮਹਿਕ ਪੰਜਾਬ ਦੀ (2004), ਪੰਜਾਬੀ ਸਭਿਆਚਾਰ ਦੀ ਆਰਸੀ (2005), ਪੰਜਾਬ ਦੀਆਂ ਵਿਰਾਸਤੀ ਖੇਡਾਂ (2005), ਦੇਸ ਪਰਦੇਸ ਦੀਆਂ ਲੋਕ ਕਹਾਣੀਆਂ (2006), ਲੋਕ ਸਿਆਣਪਾਂ (2007), ਬੋਲੀਆਂ ਦਾ ਪਾਵਾਂ ਬੰਗਲਾ (2009), ਕੱਲਰ ਦੀਵਾ ਮੱਚਦਾ (2010), ਵਿਰਾਸਤੀ ਮੇਲੇ ਤੇ ਤਿਉਹਾਰ (2013), ਪੰਜਾਬੀ ਲੋਕ ਗਾਥਾਵਾਂ, ਜਿਨ੍ਹਾਂ ਵਣਜ ਦਿਲਾਂ ਦੇ ਕੀਤੇ (2013), ਮਹਿੰਦੀ ਸ਼ਗਨਾਂ ਦੀ (2015), ਲੋਕ ਬੁਝਾਰਤਾਂ ਨਾਲ ਸਬੰਧਤ ਲੋਕ ਬੁਝਾਰਤਾਂ (1956), ਪੰਜਾਬੀ ਬੁਝਾਰਤਾਂ (1979) ਤੇ ਪੰਜਾਬੀ ਬੁਝਾਰਤ ਕੋਸ਼ (2007) ਕਿਤਾਬਾਂ ਲਿਖਿਆ ਗਈਆਂ। ਉਨ੍ਹਾਂ ਨਾਟਕ ਪਰਾਇਆ ਧਨ (1962) ‘ਚ ਰਚਿਆ ਗਿਆ। ਉਨ੍ਹਾਂ ਨੇ ਜਾਦੂ ਦੀ ਸ਼ੀਸ਼ਾ (1962), ਕੇਸੂ ਦਾ ਫੁੱਲ (1962), ਸੋਨੇ ਦਾ ਬੱਕਰਾ (1962), ਬਾਲ ਕਹਾਣੀਆਂ (1992), ਮਹਾਂਬਲੀ ਰਣਜੀਤ ਸਿੰਘ (1995), ਨੇਕੀ ਦਾ ਫ਼ਲ (1995) ਆਦਿ ਬਾਲ ਸਾਹਿਤ ਲਿਖਿਆਂ ਗਿਆ।
ਤਾਜਾ ਜਾਣਕਾਰੀ