ਕੋਰੋਨਾ ਨਾਲ ਲੜਾਈ ਲੜ ਰਹੇ 51 ਡਾਕਟਰਾਂ ਦੀ ਮੌਤ
ਕੋਰੋਨਾਵਾਇਰਸ ਮਹਾਮਾਰੀ ਨੇ 180 ਤੋਂ ਜ਼ਿਆਦਾ ਦੇਸ਼ਾਂ ਨੂੰ ਆਪਣੀ ਲਪੇਟ ਵਿਚ ਲੈ ਰੱਖਿਆ ਹੈ। ਚੀਨ ਤੋਂ ਬਾਅਦ ਮਹਾਮਾਰੀ ਨੇ ਕਹਿਰ ਵਿਚ ਯੂਰਪ ਵਿਚ ਮਚਾਇਆ ਹੈ। ਜਿਸ ਦਾ ਅੰਦਾਜਾ ਯੂਰਪ ਵਿਚ ਬੀਤੇ ਕਈ ਦਿਨਾਂ ਤੋਂ ਵੱਡੀ ਗਿਣਤੀ ਵਿਚ ਹੋ ਰਹੀਆਂ ਮੌਤਾਂ ਤੋਂ ਲਗਾਇਆ ਜਾ ਸਕਦਾ ਹੈ। ਪੂਰੇ ਯੂਰਪ ਵਿਚ ਵਾਇਰਸ ਦਾ ਕਹਿਰ ਇਟਲੀ ਵਿਚ ਦੇਖਿਆ ਜਾ ਸਕਦਾ ਹੈ। ਉਥੇ ਹੀ ਅੱਜ ਇਟਲੀ ਵਿਚ ਵਾਇਰਸ ਹੋਰ 889 ਲੋਕਾਂ ਦੀ ਜਾਨ ਲੈ ਚੁੱਕਿਆ ਹੈ, ਜਿਸ ਕਾਰਨ ਇਥੇ ਮਰਨ ਵਾਲਿਆਂ ਦੀ ਗਿਣਤੀ 10023 ਪਹੁੰਚ ਗਈ ਹੈ। ਦੱਸ ਦਈਏ ਕਿ ਬੀਤੇ ਦਿਨੀਂ ਇਥੇ ਵਾਇਰਸ ਕਾਰਨ ਰਿਕਾਰਡ ਮੌਤਾਂ (919 ਮੌਤਾਂ) ਦਰਜ ਕੀਤੀਆਂ ਗਈਆਂ ਸਨ। ਉਥੇ ਹੀ ਅੱਜ 5974 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਥੇ ਪ੍ਰਭਾਵਿਤ ਲੋਕਾਂ ਦੀ ਗਿਣਤੀ 92,472 ਪਾਰ ਪਹੁੰਚ ਗਈ ਹੈ।
ਉੱਥੇ ਹੀ ਕੋਰੋਨਾ ਵਾਇਰਸ ਸ਼ੁਰੂ ਹੋਣ ਤੋਂ ਹੁਣ ਤੱਕ ਇਸ ਨਾਲ ਜੰਗ ਲੜ ਰਹੇ 55 ਡਾਕਟਰਾਂ ਦੀ ਮੌਤ ਵੀ ਹੋ ਚੁੱਕੀ ਹੈ।
ਇਟਲੀ ਡਾਕਟਰ ਸੰਘ ਮੁਤਾਬਕ, ਇਨ੍ਹਾਂ ਵਿਚੋਂ 32 ਡਾਕਟਰ ਲੋਂਬਾਰਡੀ ਦੇ ਸਨ, ਜੋ ਕਿ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਹੈ। ਓਧਰ ਇਟਲੀ ਦੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਮੁਤਾਬਕ, ਵੀਰਵਾਰ ਤੱਕ ਕੁੱਲ 6,414 ਸਿਹਤ ਸੰਭਾਲ ਕਰਮਚਾਰੀ ਸੰਕ੍ਰਮਿਤ ਹੋਏ ਹਨ। ਇਸ ਤੋਂ ਇਲਾਵਾ ਇਕ 101 ਸਾਲਾ ਵਿਅਕਤੀ ਨੂੰ ਕੋਰੋਨਾ ਵਾਇਰਸ ਤੋਂ ਠੀਕ ਹੋਣ ‘ਤੇ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ।
ਉੱਥੇ ਹੀ, ਖਬਰਾਂ ਇਹ ਵੀ ਹਨ ਕਿ ਇਟਲੀ ਵਿਚ ਡਾਕਟਰਾਂ ਦੀ ਘਾਟ ਹੋਣ ਕਾਰਨ ਡਾਕਟਰੀ ਸਿਖ ਰਹੇ ਵੀ ਨਾਲ ਹੀ ਲੱਗੇ ਹੋਏ ਹਨ। ਇਟਲੀ ਦੇ ਡਾਕਟਰ ਸੰਘ ਨੇ ਖਤਰੇ ਤੋਂ ਬਚਣ ਲਈ ਹੋਰ ਜ਼ਿਆਦਾ ਸੁਰੱਖਿਅਤ ਉਪਕਰਣ ਮੰਗੇ ਹਨ। ਸੰਘ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਕੰਮ ਡਾਕਟਰਾਂ ਤੇ ਸਿਹਤ ਵਰਕਰਾਂ ਦੀ ਸੁਰੱਖਿਆ ਯਕੀਨੀ ਕਰਨਾ ਹੈ, ਤਾਂ ਕਿ ਉਹ ਕੋਰੋਨਾ ਦਾ ਸ਼ਿਕਾਰ ਨਾ ਹੋਣ। ਜ਼ਿਕਰਯੋਗ ਹੈ ਕਿ ਦਸੰਬਰ ਵਿਚ ਚੀਨ ਵਿਚ ਪਹਿਲੇ ਮਾਮਲੇ ਦੀ ਰਿਪੋਰਟ ਤੋਂ ਬਾਅਦ 197 ਦੇਸ਼ਾਂ ਵਿਚ ਹੁਣ ਕੁੱਲ ਮਿਲਾ ਕੇ 6,00,000 ਤੋਂ ਵੱਧ ਕੋਰੋਨਾ ਵਾਇਰਸ ਮਾਮਲੇ ਹੋ ਗਏ ਹਨ।