BREAKING NEWS
Search

ਅੱਧੀ ਰਾਤ ਨੂੰ ਪੰਜਾਬ ਰਹਿੰਦੇ ਬਜ਼ੁਰਗ ਨੇ ਅਮਰੀਕਾ ਰਹਿੰਦੇ ਪੁੱਤ ਨੂੰ ਫੋਨ ਕਰਕੇ ਜਗਾਇਆ ਤੇ ਕਿਹਾ…..

ਪੰਜਾਬ ਰਹਿੰਦੇ ਬਜ਼ੁਰਗ ਨੇ ਅਮਰੀਕਾ ਰਹਿੰਦੇ ਪੁੱਤ ਨੂੰ ਅੱਧੀ ਰਾਤ ਫੋਨ ਕਰਕੇ ਜਗਾਇਆ
ਆਖਣ ਲੱਗੇ “ਪੁੱਤ ਬੜਾ ਬਰਦਾਸ਼ਤ ਕੀਤਾ ਪਰ ਹੁਣ ਪਾਣੀ ਸਿਰੋਂ ਲੰਘ ਗਿਆ। ਮੈਂ ਤੁਹਾਡੀ ਮਾਂ ਵੱਲੋਂ ਪਾਏ ਜਾਂਦੇ ਨਿੱਤ ਦਿਹਾੜੇ ਦੀ ਕਲਾ ਕਲੇਸ਼ ਤੋਂ ਤੰਗ ਆ ਗਿਆ ਹਾਂ,ਵਕੀਲ ਨਾਲ ਗੱਲ ਹੋ ਗਈ ਕਾਗਜ ਪੱਤਰ ਬਣ ਗਏ,ਕੱਲ ਮੈਂ ਇਸ ਜਨਾਨੀ ਤੋਂ ਸਦਾ ਲਈ ਤਲਾਕ ਲੈ ਰਿਹਾ ਹਾਂ। ਮੈਨੂੰ ਮੁਆਫ ਕਰੀ…ਹੁਣ ਹੋਰ ਕੋਈ ਚਾਰਾ ਨਹੀਂ ਰਿਹਾ”!

ਮੁੰਡਾ ਹਫੜਾ ਦਫੜੀ ਵਿਚ ਬੱਤੀ ਦਾ ਸਵਿੱਚ ਲੱਭਦਾ ਹੋਇਆ ਮੂਧੇ ਮੂੰਹ ਜਾਂਦਾ ਮਸੀਂ ਬਚਿਆ ਤੇ ਮੁੜ ਸੰਭਲਦਾ ਹੋਇਆ ਆਖਣ ਲੱਗਾ “ਭਾਪਾ ਜੀ ਪੰਜਤਾਲੀ ਸਾਲ ਦਾ ਸਾਥ, ਏਦਾਂ ਕਿਦਾਂ ਦੇ ਦਿਓਗੇ ਤਲਾਕ..ਸਾਰੀ ਰਿਸ਼ਤੇਦਾਰੀ..ਆਂਢ-ਗੁਆਂਢ। ਸਾਕ ਬਰਾਦਰੀ ਕੀ ਆਖੂ..ਥੂ-ਥੂ ਕਰੂ ਤੁਹਾਡੇ ਤੇ ਤੇ ਫੇਰ ਸਾਡੇ ਤੇ, ਤੁਸੀਂ ਦੋ ਮਿੰਟ ਵੇਟ ਕਰਿਓ ..ਮੈਂ ਤੁਹਾਡੀ ਹੁਣੇ ਭੈਣ ਜੀ ਹੁਣਾ ਨਾਲ ਗੱਲ ਕਰਵਾਉਂਦਾ..ਓਹੀ ਸਮਝਾਊ ਤੁਹਾਨੂੰ ਕੁਝ। ਸਿਰਫ ਦੋ ਮਿੰਟ”।

ਠੀਕ ਦੋ ਮਿੰਟ ਬਾਅਦ ਬਜ਼ੁਰਗ ਨੂੰ ਅਮਰੀਕਾ ਰਹਿੰਦੀ ਧੀ ਦਾ ਫੋਨ ਚਲਿਆ ਗਿਆ ਤੇ ਉਹ ਚੀਕਦੀ ਹੋਈ ਬੋਲੀ “ਭਾਪਾ ਜੀ ਤੁਸੀਂ ਤਲਾਕ ਨਹੀਂ ਲੈ ਰਹੇ ..ਸੁਣੀ ਮੇਰੀ ਗੱਲ, ਤੁਸੀਂ ਬਿਲਕੁਲ ਕੋਈ ਐਸਾ-ਵੈਸਾ ਕੰਮ ਨਹੀਂ ਕਰੋਗੇ ਜਿਸ ਨਾਲ ਸਾਡੇ ਸਿਰ ਸੁਆਹ ਪਵੇ। ਕੀ ਹੋ ਗਿਆ ਤੁਹਾਨੂੰ ਲੋਕਾਂ ਨੂੰ ਐਸ ਉਮਰੇ ? ਕੱਲ ਤੱਕ ਵੇਟ ਕਰੋ ਮੈਂ ਤੇ ਵੀਰਾ ਪਹਿਲੀ ਫਲਾਈਟ ਫੜ ਪੰਜਾਬ ਆ ਰਹੇ ਹਾਂ ..ਓਨੀ ਦੇਰ ਠੰਡ ਰੱਖੋ ”
ਸਰਦਾਰ ਜੀ ਨੇ ਫੋਨ ਹੇਠਾਂ ਰੱਖ ਦਿੱਤਾ ਤੇ ਸਰਦਾਰਨੀ ਜੀ ਵੱਲ ਦੇਖ ਮੁਸਕੁਰਾਉਂਦੇ ਹੋਏ ਆਖਣ ਲੱਗੇ “ਭਾਗਵਾਨੇ ਆ ਰਹੇ ਨੇ ਦੋਵੇਂ ਸਾਡੀ ਮੈਰਿਜ-ਐਨੀਵਰਸਰੀ ਤੇ ਉਹ ਵੀ ਆਪਣੇ ਪੈਸਿਆਂ ਦੀ ਟਿਕਟ ਖਰੀਦ ਕੇ। ਦੋਹਾਂ ਦੇ ਹਾਸਿਆਂ ਨਾਲ ਮੁਹੱਲਾ ਗੂੰਝ ਉਠਿਆ।


ਸੋ ਦੋਸਤੋ ਕੋਈ ਵੀ ਹੱਦੋਂ ਵੱਧ ਰੁਝਿਆ ਹੋਇਆ ਇਨਸਾਨ ਸਾਲ ਦੇ 365 ਦੇ 365 ਦਿਨ ਹੀ ਬੀਜੀ ਨਹੀਂ ਰਹਿੰਦਾ ਹਰੇਕ ਦੀ ਜਿੰਦਗੀ ਵਿਚ ਥੋਡੀ ਬਹੁਤ ਗੁੰਜਾਇਸ਼ ਜਰੂਰ ਹੁੰਦੀ ਹੈ। ਆਸਮਾਨ ਥੱਲੇ ਨਹੀਂ ਆ ਜਾਏਗਾ ਜੇ ਮਾਪਿਆਂ ਦੋਸਤਾਂ ਅਤੇ ਹਮਦਰਦਾਂ ਸੱਜਣਾ ਮਿੱਤਰਾਂ ਸਕੇ ਸਬੰਦੀਆਂ ਲਈ ਜਿੰਦਗੀ ਦੇ ਕੁਝ ਪਲ ਕੁਰਬਾਨ ਕਰ ਦਿੱਤੇ ਜਾਣ…ਇੱਕ ਗੱਲ ਯਾਦ ਰਖਿਓ ਜਿਸ ਦਿਨ ਕੋਈ ਬਹੁਤ ਹੀ ਵੱਡਾ ਇਨਸਾਨ ਮਰਦਾ ਹੈ ਉਸ ਦਿਨ ਵੀ ਤਾਂ ਜਿੰਦਗੀ ਆਪਣੀ ਤੋਰੇ ਤੁਰਦੀ ਹੀ ਰਹਿੰਦੀ ਏ!

ਮਸ਼ਹੂਰ ਕਮੇਡੀਅਨ ਚਾਰਲੀ ਚੈਪਲਿਨ ਤਿੰਨ ਗੱਲਾਂ ਅਕਸਰ ਹੀ ਆਖਿਆ ਕਰਦਾ ਸੀ

੧.ਸਾਡੀ ਜਿੰਦਗੀ ਵਿਚ ਕੁਝ ਵੀ ਚਿਰ-ਸਦੀਵੀਂ ਨਹੀਂ ਰਹਿੰਦਾ ..ਇਥੋਂ ਤੱਕ ਕੇ ਸਾਡੇ ਤੇ ਟੁੱਟ ਪਏ ਮੁਸੀਬਤਾਂ ਦੇ ਪਹਾੜ ਵੀ !

੨.ਮੈਂ ਵਰਦੇ ਹੋਏ ਮੀਂਹ ਵਿਚ ਤੁਰਨਾ ਪਸੰਦ ਕਰਦਾ ਹਾਂ ਕਿਓੰਕੇ ਕੋਈ ਮੇਰੇ ਛਲਕਦੇ ਹੋਏ ਹੰਜੂ ਨਹੀਂ ਦੇਖ ਸਕਦਾ

੩.ਜਿੰਦਗੀ ਦਾ ਸਭ ਤੋਂ ਵਿਅਰਥ ਦਿਨ ਉਹ ਹੁੰਦਾ ਹੈ ਜਿਸ ਦਿਨ ਅਸੀਂ ਖੁੱਲ ਕੇ ਨਹੀਂ ਹੱਸੇ ਹੁੰਦੇ !

ਸੋ ਦੋਸਤੋ ਜਿੰਦਗੀ ਬੜੀ ਛੋਟੀ ਹੈ ਅੱਖ ਦੇ ਫੋਰ ਵਿਚ ਯੁੱਗ ਬੀਤ ਜਾਂਦੇ ਹਨ …ਹੱਸਦੇ ਹੋਏ ਖੁੱਲ ਕੇ ਜਿਓ ਤੇ ਦੂਜਿਆਂ ਨੂੰ ਵੀ ਖੁਸ਼ੀਆਂ ਵੰਡਦੇ ਰਹੋ ..ਕਿਓੰਕੇ ਇਹ ਜਿੰਦਗੀ ਰੋਂਦਿਆਂ ਵੀ ਗੁਜਰ ਜਾਣੀ ਏ ਤੇ ਹੱਸਦਿਆਂ ਵੀ !

ਸ੍ਰ ਚਰਨਜੀਤ ਸਿੰਘ ਸੋਢੀ ਜੀ ਦੀ ਰਚਨਾ ਦਾ ਆਦਰ ਸਹਿਤ ਪੰਜਾਬੀ ਅਨੁਵਾਦ।

ਹਰਪ੍ਰੀਤ ਸਿੰਘ ਜਵੰਦਾ



error: Content is protected !!