ਪੰਜਾਬ ਦੇ ਨਾਮਵਰ ਗਾਇਕ ਸਿੱਧੂ ਮੂਸੇਵਾਲਾ ਨੇ ਲੱਚਰ ਤੇ ਭੜਕਾਊ ਗਾਇਕੀ ਤੋਂ ਤੌਬਾ ਕਰ ਦਿੱਤੀ ਹੈ। ਲੱਚਰ ਗਾਇਕੀ ਖ਼ਿਲਾਫ਼ ਮੁਹਿੰਮ ਵਿੱਢਣ ਵਾਲੇ ਪ੍ਰੋਫੈਸਰ ਪੰਡਿਤ ਰਾਵ ਦੀ ਸ਼ਿਕਾਇਤ ਉਤੇ ਅੱਜ ਮਾਨਸਾ ਦੇ ਬੀਡੀਪੀਓ ਦਫਤਰ ਵਿਚ ਇਸ ਗਾਇਕ ਦੀ ਮਾਤਾ ਤੇ ਮੌਜੂਦਾ ਸਰਪੰਚ ਚਰਨ ਕੌਰ ਨੂੰ ਤਲਬ ਕੀਤਾ ਗਿਆ ਸੀ।
ਜਿਥੇ ਮੂਸੇਵਾਲਾ ਦੀ ਮਾਤਾ ਨੇ ਲਿਖਤੀ ਰੂਪ ਵਿਚ ਕਿਹਾ ਕਿ ਉਸ ਦਾ ਬੇਟਾ ਅੱਗੇ ਤੋਂ ਲੱਚਰ ਤੇ ਭੜਕਾਊ ਗਾਣੇ ਨਹੀਂ ਗਾਵੇਗਾ।ਦੱਸ ਦਈਏ ਕਿ ਪ੍ਰੋਫੈਸਰ ਰਾਵ ਇਸ ਤੋਂ ਪਹਿਲਾਂ ਕਈ ਗਾਇਕਾਂ ਖ਼ਿਲਾਫ਼ ਅਜਿਹੀ ਸ਼ਿਕਾਇਤ ਕਰ ਚੁੱਕੇ ਹਨ। ਮੂਸੇਵਾਲਾ ਖ਼ਿਲਾਫ਼ ਸ਼ਿਕਾਇਤ ਵਿਚ ਆਖਿਆ ਗਿਆ ਸੀ ਕਿ ਇਸ ਗਾਇਕ ਦੀ ਮਾਤਾ ਪਿੰਡ ਦੀ ਸਰਪੰਚ ਹੈ,
ਇਸ ਲਈ ਉਹ ਆਪਣੇ ਮੁੰਡੇ ਨੂੰ ਮਾੜੇ ਗਾਣੇ ਗਾਉਣ ਤੋਂ ਰੋਕੇ। ਇਸ ਸ਼ਿਕਾਇਤ ਤੋਂ ਬਾਅਦ ਮੂਸੇਵਾਲਾ ਦੀ ਮਾਤਾ ਨੂੰ ਬੀਡੀਪੀਓ ਮਾਨਸਾ ਨੇ ਸੱਦਿਆ ਸੀ। ਜਿਥੇ ਉਨ੍ਹਾਂ ਵਾਅਦਾ ਕੀਤਾ ਕਿ ਅੱਗੇ ਤੋਂ ਉਸ ਦਾ ਬੇਟਾ ਲੱਚਰ ਗਾਇਕੀ ਤੋਂ ਦੂਰ ਰਹੇਗਾ।
ਉਨ੍ਹਾਂ ਕਿਹਾ ਕਿ ਜਿਸ ਗੀਤ ਉਤੇ ਪੰਡਿਤ ਰਾਵ ਨੂੰ ਇਤਰਾਜ਼ ਹੈ, ਉਹ 2 ਸਾਲ ਪਹਿਲਾਂ ਗਾਇਆ ਗਿਆ ਸੀ। ਇਸ ਮੌਕੇ ਪੰਡਿਤ ਰਾਵ ਨੇ ਦੱਸਿਆ ਕਿ ਮੂਸੇਵਾਲਾ ਦੀ ਮਾਂ ਨੇ ਲਿਖਤੀ ਵਾਅਦਾ ਕੀਤਾ ਹੈ ਕਿ ਉਸ ਦਾ ਬੇਟਾ ਹੁਣ ਮਾੜੇ ਗਾਣੇ ਨਹੀਂ ਗਾਵੇਗਾ।