ਔਰਤਾਂ ਤੋਂ ਗਹਿਣੇ ਅਤੇ ਪਰਸ ਖੋਹਣ ਦੀਆਂ ਘਟਨਾਵਾਂ ਆਮ ਹੀ ਹੋ ਰਹੀਆਂ ਹਨ। ਹਰ ਰੋਜ਼ ਲੁਟੇਰੇ ਕਿਤੇ ਨਾ ਕਿਤੇ ਅਜਿਹੀ ਵਾਰਦਾਤ ਕਰ ਹੀ ਦਿੰਦੇ ਹਨ। ਕਈ ਵਾਰ ਲੁੱਟ ਖੋਹ ਦੀ ਵਾਰਦਾਤ ਵੇਲੇ ਹੋਈ ਹੱਥਾਪਾਈ ਵਿੱਚ ਸਬੰਧਿਤ ਔਰਤਾਂ ਦੇ ਸੱਟਾਂ ਵੀ ਲੱਗਦੀਆਂ ਹਨ। ਪੁਲਿਸ ਨੂੰ ਅਜਿਹੇ ਗੁੰਡੇ ਅਨਸਰਾਂ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਲੁੱਟ ਖੋਹ ਦੀਆਂ ਅਜਿਹੀਆਂ ਘਟਨਾਵਾਂ ਨਾ ਵਾਪਰ ਸਕਣ ਅਤੇ ਆਮ ਨਾਗਰਿਕਾਂ ਦਾ ਮਨੋਬਲ ਕਾਇਮ ਰਹਿ ਸਕੇ। ਮਾਝੇ ਦੇ ਸ਼ਹਿਰ ਅੰਮ੍ਰਿਤਸਰ ਵਿਖੇ ਮਲਵਿੰਦਰ ਕੌਰ ਨਾਮ ਦੀ ਔਰਤ ਨਾਲ ਵੀ ਲੁੱਟ ਖੋਹ ਦੀ ਵਾਰਦਾਤ ਹੋਈ ਹੈ।
ਪੀੜਤ ਔਰਤ ਜਗਤ ਜੋਤੀ ਸਕੂਲ ਵਿੱਚ ਅਧਿਆਪਕਾ ਹੈ। ਸੀ.ਸੀ.ਟੀ.ਵੀ. ਕੈਮਰੇ ਦੀ ਰਿਕਾਰਡਿੰਗ ਤੋਂ ਪਤਾ ਲੱਗਦਾ ਹੈ ਕਿ ਦੋ ਮੋਟਰਸਾਈਕਲ ਸਵਾਰ ਨੌਜਵਾਨ ਇਸ ਪੈਦਲ ਤੁਰੀ ਆਉਂਦੀ ਸਕੂਲੀ ਅਧਿਆਪਕਾਂ ਤੋਂ ਪਰਸ ਖੋਂਹਦੇ ਹਨ। ਪ੍ਰੰਤੂ ਅਧਿਆਪਕਾਂ ਨੇ ਪਰਸ ਨਹੀਂ ਛੱਡਿਆ। ਇਸ ਖਿੱਚੋਤਾਣ ਵਿੱਚ ਔਰਤ ਸੜਕ ਤੇ ਬੁਰੇ ਤਰੀਕੇ ਦੇ ਨਾਲ ਡਿੱਗ ਪੈਂਦੀ ਹੈ ਅਤੇ ਉਸ ਦੇ ਸਿਰ ਤੇ ਸੱਟ ਲੱਗਣ ਕਾਰਨ ਕਾਫੀ ਖੂਨ ਵੀ ਵਗ ਗਿਆ। ਔਰਤ ਰਣਜੀਤ ਐਵੀਨਿਊ ਬੀ ਬਲਾਕ ਦੀ ਰਹਿਣ ਵਾਲੀ ਦੱਸੀ ਜਾਂਦੀ ਹੈ। ਜ਼ਖ਼ਮੀ ਔਰਤ ਨੂੰ ਇਲਾਜ ਲਈ ਹਰਤੇਜ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਪੱਤਰਕਾਰਾਂ ਨੂੰ ਕੁਝ ਔਰਤਾਂ ਨੇ ਦੱਸਿਆ ਕਿ ਅਧਿਆਪਕਾ ਦੇ ਕਾਫ਼ੀ ਸੱਟ ਲੱਗੀ ਹੈ। ਅਜਿਹੇ ਗਲਤ ਅਨਸਰਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਔਰਤਾਂ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਇਸ ਸਬੰਧੀ ਜਦੋਂ ਸਾਡੇ ਪੱਤਰਕਾਰ ਭਰਾਵਾਂ ਦੁਆਰਾ ਪੁਲੀਸ ਤੋਂ ਜਾਣਕਾਰੀ ਮੰਗੀ ਗਈ ਤਾਂ ਸਬੰਧਤ ਪੁਲੀਸ ਅਧਿਕਾਰੀਆਂ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।
ਪੁਲੀਸ ਦਾ ਕਹਿਣਾ ਹੈ ਕਿ ਔਰਤ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਸਬੰਧਿਤ ਲੁਟੇਰਿਆਂ ਖਿਲਾਫ ਸ਼ਿਕਾਇਤ ਦਰਜ ਕਰ ਲਈ ਗਈ ਹੈ। ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਦੀ ਮਦਦ ਨਾਲ ਛੇਤੀ ਹੀ ਦੋਸ਼ੀਆਂ ਨੂੰ ਫੜ ਕੇ ਅਦਾਲਤ ਵਿੱਚ ਪੇਸ਼ ਕਰ ਦਿੱਤਾ ਜਾਵੇਗਾ। ਹੇਠਾਂ ਦੇਖੋ ਇਸ ਮਾਮਲੇ ਦੀ ਪੂਰੀ ਵੀਡੀਓ ਰਿਪੋਰਟ
ਤਾਜਾ ਜਾਣਕਾਰੀ