ਨੌਜਵਾਨ ਦੀ ਮੌਤ ਤੋਂ ਇਕ ਮਹੀਨੇ ਪਿੱਛੋਂ ਪਿੰਡ ਪੁੱਜੀ ਲਾਸ਼
ਰਾਜਾਸਾਂਸੀ: ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਨੌਜਵਾਨ ਰੋਜ਼ੀ ਰੋਟੀ ਕਮਾਉਣ ਲਈ ਤੇ ਪਰਿਵਾਰ ਨੂੰ ਕਰਜ਼ੇ ਦੇ ਭਾਰ ਤੋਂ ਮੁਕਤ ਕਰਨ ਦੇ ਸੁਪਨੇ ਲੈ ਕੇ ਵਿਦੇਸ਼ ਜਾਂਦੇ ਹਨ. ਜਿਸ ਵਿੱਚ ਕਈ ਵਾਰ ਉਨ੍ਹਾਂ ਨੂੰ ਸੁਪਨੇ ਪੂਰੇ ਕਰਦੇ ਹੋਏ ਆਪਣੀ ਜਾਨ ਵੀ ਗੁਆਣੀ ਪੈ ਜਾਂਦੀ ਹੈ । ਅਜਿਹਾ ਇੱਕ ਮਾਮਲਾ ਰਾਜਾਸਾਂਸੀ ਤੋਂ ਵੀ ਸਾਹਮਣੇ ਆਇਆ ਹੈ, ਜਿੱਥੇ ਦੁਬਈ ਗਏ 24 ਸਾਲਾ ਗੁਰਭੇਜ ਸਿੰਘ ਸਿੱਧੂ ਪੁੱਤਰ ਜਗਤਾਰ ਸਿੰਘ ਜੋ ਬੀਤੇ ਦਿਨੀਂ ਦੁਬਈ ਵਿੱਚ ਹੀ ਮੌਤ ਦੇ ਮੂੰਹ ਜਾ ਪਿਆ ਸੀ । ਜਿਸਦੇ ਬਾਅਦ ਮ੍ਰਿਤਕ ਦੀ ਦੇਹ ਨੂੰ ਸ਼ਨੀਵਾਰ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਦੇ ਸਰਪ੍ਰਸਤ ਡਾ.ਐੱਸ.ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪਹੁੰਚਾਇਆ ਗਿਆ ।
ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਫਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਿਤ ਮ੍ਰਿਤਕ ਗੁਰਭੇਜ ਸਿੰਘ ਢਾਈ ਸਾਲ ਪਹਿਲਾਂ ਹੀ ਆਪਣੇ ਪਰਿਵਾਰ ਨੂੰ ਮੰਦਹਾਲੀ ਦੇ ਬੋਝ ਤੋਂ ਮੁਕਤ ਕਰਾਉਣ ਦੇ ਸੁਪਨੇ ਦਿਲ ਵਿੱਚ ਲੈ ਕੇ ਦੁਬਈ ਗਿਆ ਸੀ ਕਿ ਅਚਾਨਕ ਬੀਤੀ 29 ਮਈ ਨੂੰ ਪਤਾ ਲੱਗਿਆ ਕਿ ਉਸਦੀ ਮੌਤ ਹੋ ਗਈ ਹੈ । ਜਿਸਦੇ ਬਾਅਦ ਉਸਦੇ ਪਰਿਵਾਰ ‘ਤੇ ਕਹਿਰ ਟੁੱਟ ਗਿਆ । ਜਿਸਦੇ ਬਾਅਦ ਉਨ੍ਹਾਂ ਨੇ ਆਪਣੀ ਆਰਥਿਕ ਹਾਲਤ ਦਾ ਵਾਸਤਾ ਪਾਉਂਦਿਆਂ ਟਰੱਸਟ ਦੇ ਸਰਪ੍ਰਸਤ ਡਾ. ਓਬਰਾਏ ਨਾਲ ਸੰਪਰਕ ਕਰਕੇ ਗੁਰਭੇਜ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਦੀ ਅਰਜੋਈ ਕੀਤੀ ਗਈ ਸੀ । ਜਿਸ ‘ਤੇ ਕਾਰਵਾਈ ਕਰਦਿਆਂ ਡਾ. ਓਬਰਾਏ ਤੇ ਉਨ੍ਹਾਂ ਦੀ ਟੀਮ ਨੇ ਦੁਬਈ ਅੰਦਰ ਸਾਰੀ ਜਰੂਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਮ੍ਰਿਤਕ ਦੇਹ ਨੂੰ ਵਤਨ ਭੇਜਿਆ ।
ਇਸੇ ਦੌਰਾਨ ਦੁਬਈ ਤੋਂ ਮ੍ਰਿਤਕ ਦੇਹ ਨਾਲ ਆਏ ਮ੍ਰਿਤਕ ਨੌਜਵਾਨ ਦੇ ਮਾਸੜ ਬਲਵਿੰਦਰ ਸਿੰਘ ਨੇ ਦੱਸਿਆ ਕਿ ਗੁਰਭੇਜ ਸਿੰਘ ਦੀ ਮੌਤ 14 ਮਈ ਨੂੰ ਹੋ ਚੁੱਕੀ ਸੀ, ਜਦਕਿ ਮ੍ਰਿਤਕ ਸਰੀਰ 19 ਮਈ ਨੂੰ ਮਿਲਿਆ ਅਤੇ ਉਸਦੀ ਸ਼ਨਾਖ਼ਤ 29 ਮਈ ਨੂੰ ਹੋਈ । ਇਸ ਮਾਮਲੇ ਵਿੱਚ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸ. ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪਹਿਲੀ ਵਾਰ ਅਜਿਹਾ ਇਨਸਾਨ ਦੇਖਿਆ ਹੈ ਜੋ ਬਿਨ੍ਹਾਂ ਕਿਸੇ ਸਵਾਰਥ ਦੇ ਲੋੜਵੰਦਾਂ ਦੀ ਮਦਦ ਕਰਨ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ । ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਡਾ. ਓਬਰਾਏ ਦੇ ਇਸ ਪਰਉਪਕਾਰ ਲਈ ਸਾਰੀ ਜ਼ਿੰਦਗੀ ਉਨ੍ਹਾਂ ਦਾ ਰਿਣੀ ਰਹੇਗਾ ।
ਤਾਜਾ ਜਾਣਕਾਰੀ