ਮਾਂ ਦੀ ਤੱਪਸਿਆ
ਅੱਜ ਛਿੰਦੇ ਦਾ ਮੁੰਡਾ 10 ਸਾਲ ਦਾ ਹੋਇਆ ਸੀ ਇਸ ਕਰਕੇ ਘਰੇ ਸਾਰਿਆਂ ਨੂੰ ਇਕੱਠਾ ਕੀਤਾ ਹੋਇਆ ਸੀ। ਪਰ ਛਿੰਦੇ ਦੇ ਮਾਂ ਪਿਓ ਸ਼ਾਮਿਲ ਨਹੀਂ ਸੀ, ਕਿਉਂਕਿ ਉਹਨਾਂ ਨੂੰ ਤਾਂ ਸੱਦਾ ਹੀ ਨਹੀਂ ਦਿੱਤਾ ਗਿਆ। ਇਹ ਗੱਲ ਮੈਨੂੰ ਕਾਫੀ ਚੁਬ ਰਹੀ ਸੀ ਕਿਉਂਕਿ ਛਿੰਦੇ ਦੀ ਮਾਂ ਨੂੰ ਮੈਂ ਓਦੋ ਤੋਂ ਜਾਂਣਦਾ ਸੀ ਜਦੋਂ ਤੋਂ ਸਾਡੇ ਪਿੰਡ ਆਈ ਸੀ ਤੇ ਉਸ ਦੀ ਸਾਰੀ ਉਮਰ ਦੀ ਤਪੱਸਿਆ ਨੂੰ ਵੀ ਮੈਂ ਭਲੀਭਾਂਤ ਜਾਣਦਾ ਸੀ।
ਇਸ ਸਭ ਬਾਰੇ ਸੋਚਦਾ ਸੋਚਦਾ ਮੈ 45 ਸਾਲ ਪਿੱਛੇ ਚਲਿਆ ਗਿਆ ਜਦੋ ਛਿੰਦੇ ਦੇ ਮਾਂ ਪਿਓ ਦਾ ਵਿਆਹ ਹੋਇਆ ਸੀ। ਛਿੰਦੇ ਦੀ ਮਾਂ ਦਾ ਨਾਂ ਬੰਸੋ ਸੀ ਤੇ ਪਿਓ ਦਾ ਜੁਪਾ ਵਿਆਹ ਤੋਂ 5 ਸਾਲ ਤੱਕ ਕੋਈ ਬੱਚਾ ਨਾ ਹੋਇਆ ਤਾਂ ਘਰ ਵਿੱਚ ਹਾਲ ਦੁਖੀ ਜਿਹੇ ਰਹਿਣ ਲਗਿਆ। ਬੰਸੋ ਨੇ ਹਰ ਧਾਰਮਿਕ ਪੂਜਾ ਪਾਠ ਕੀਤੇ, ਸੰਤਾਂ ਮਹਾਪੁਰਖਾਂ ਦੇ ਡੇਰੇ ਤੇ ਨੱਕ ਰਗੜੇ ਤੇ 3-4 ਸਾਲ ਕਰੜੀ ਤਪੱਸਿਆ ਕੀਤੀ।
ਬੰਸੋ ਦੀ ਤੱਪਸਿਆ ਨੂੰ ਫਲ ਪਿਆ ਤੇ ਓਸ ਨੇ ਜੌੜੇ ਬੱਚਿਆਂ ਨੂੰ ਜਨਮ ਦਿੱਤਾ, ਛਿੰਦਾ ਤੇ ਭੈਣ ਪ੍ਰੀਤੋ। ਘਰ ਦੇ ਹਾਲਾਤ ਬਹੁਤ ਚੰਗੇ ਨਾ ਹੋਣ ਕਾਰਨ ਬੰਸੋ ਦੀ ਇੱਕ ਹੋਰ ਤਪੱਸਿਆ ਦਾ ਦੌਰ ਸ਼ੁਰੂ ਹੋਇਆ ਜੋ 25 30 ਸਾਲ ਅਜਿਹਾ ਚਲਿਆ ਕੇ ਬੰਸੋ ਨੂੰ ਪਤਾ ਹੀ ਨਹੀਂ ਲਗਿਆ ਕੇ ਜਵਾਨੀ ਕੀ ਹੁੰਦੀ ਐ ਤੇ ਜਵਾਨੀ ਦੇ ਅਰਮਾਨ ਕੀ ਹੁੰਦੇ ਆ। ਬੱਚਿਆਂ ਦੇ ਪਾਲਣ ਪੋਸ਼ਣ ਲਈ ਘਰ ਦੇ ਨਾਲ ਨਾਲ ਪਸ਼ੂਆਂ ਦਾ ਸਾਰਾ ਕੰਮ ਵੀ ਬੰਸੋ ਹੀ ਕਰਦੀ। ਜੂਪੇ ਨਾਲ ਖੇਤ ਦੇ ਕੰਮਾਂ ਚ ਵੀ ਹੱਥ ਵਟਾਉਂਦੀ। ਆਪਣੇ ਸਰੀਰ ਅਤੇ ਖੁਸ਼ੀ ਦੀ ਕਦੀ ਪਰਵਾਹ ਹੀ ਨਾ ਕੀਤੀ।
ਦਨੀਆਦਾਰੀ ਦੀ ਘੱਟ ਸਮਜ਼ ਹੋਣ ਦੇ ਬਾਵਜੂਦ ਬੰਸੋ ਆਪਣੇ ਬੱਚਿਆਂ ਨੂੰ ਪੂਰੀ ਤਰਾਂ ਸਮਰਪਿਤ ਸੀ। ਇੱਕ ਪਾਸੇ ਜੁਪਾ ਨਸ਼ਿਆਂ ਚ ਟੁਣ ਰਹਿੰਦਾ ਤੇ ਬੰਸੋ ਬੱਚਿਆਂ ਦੀ ਇਕ ਮਿੰਟ ਦੀ ਖੁਸ਼ੀ ਲਈ ਜਾਨ ਵਾਰਨ ਤੱਕ ਜਾਂਦੀ।
ਸਮਾਂ ਬੀਤਿਆ ਤੇ ਪ੍ਰੀਤੋ ਦਾ ਚੰਗੇ ਘਰ ਵਿਆਹ ਕਰ ਦਿੱਤਾ ਗਿਆ। ਕੁੱਝ ਸਮੇਂ ਬਾਅਦ ਛਿੰਦੇ ਦਾ ਵੀ ਵਿਆਹ ਕਰ ਦਿੱਤਾ ਗਿਆ। ਏਥੋਂ ਸ਼ੁਰੂ ਹੋਇਆ ਬੰਸੋ ਦੀ ਤਪੱਸਿਆ ਦਾ ਨਵਾਂ ਯੁੱਗ। ਓ ਨਹੀਂ ਚਾਹੁੰਦੀ ਸੀ ਕਿ ਮੇਰੇ ਵਾਂਗ ਮੇਰੇ ਪੁੱਤ ਤੇ ਨੂੰਹ ਨੂੰ ਵੀ ਦੁੱਖਾਂ ਦਾ ਸਾਹਮਣਾ ਕਰਨਾ ਪਵੇ। ਇਸ ਸਮੇ ਤੱਕ ਬੰਸੋ ਦਾ ਸਰੀਰ ਵੀ ਜਰਜਰ ਜਿਹਾ ਹੋਇਆ ਜਾਪਦਾ ਸੀ। ਪਰ ਫਿਰ ਵੀ ਆਪਣੇ ਬੱਚਿਆਂ ਲਈ ਹਰ ਕੁਝ ਜਰਨ ਨੂੰ ਤਿਆਰ ਸੀ।
ਕੁਝ ਹੀ ਸਮੇ ਬਾਅਦ ਘਰ ਖੁਸ਼ੀ ਆਉਣ ਦੀ ਖਬਰ ਆਈ। ਛਿੰਦੇ ਦੀ ਘਰਵਾਲੀ ਮਾਂ ਬਣਨ ਵਾਲੀ ਸੀ। 7 ਮਹੀਨੇ ਬੰਸੋ ਨੇ ਆਪਣੀ ਨਹੁੰ ਦੀ ਸੇਵਾ ਚ ਕੋਈ ਕਸਰ ਨਾ ਰਹਿਣ ਦਿੱਤੀ। ਤੇ ਆਖਰ ਅੱਜ ਤੋਂ10 ਸਾਲ ਪਹਿਲਾਂ ਪਿਆਰੇ ਬੱਚੇ ਦਾ ਜਨਮ ਹੋਇਆ ਤੇ ਘਰ ਖੁਸ਼ੀਆਂ ਨਾਲ ਭਰ ਗਿਆ।
ਏ ਖੁਸ਼ੀਆਂ ਜਿਆਦਾ ਦੇਰ ਨਹੀਂ ਰਹੀਆਂ। ਪੂਰੀ ਤਰ੍ਹਾਂ ਬੱਚਿਆਂ ਨੂੰ ਸਮਰਪਿਤ ਮਾਂ, ਪੁੱਤ ਤੇ ਨੂੰਹ ਨੂੰ ਹੀ ਭੈੜੀ ਲੱਗਣ ਲੱਗ ਗਈ। ਬੰਸੋ ਦੀਆਂ ਚੀਕਾਂ ਅੰਦਰ ਹੀ ਅੰਦਰ ਦੱਬ ਦੀਆਂ ਗਈਆ। ਸਰੀਰ ਕਮਜ਼ੋਰ ਹੋ ਗਿਆ ਤੇ ਸੁਧ ਬੁੱਧ ਖਤਮ ਹੁੰਦੀ ਜਾਪ ਰਹੀ ਸੀ।
ਇੱਕ ਦਿਨ ਹੋਰ ਭਾਣਾ ਵਰਤ ਗਿਆ। ਛਿੰਦਾ ਆਪਣੇ ਪਰਿਵਾਰ ਨਾਲ ਸਭ ਕੁੱਝ ਵੰਡ ਵਡਾ ਕੇ ਅਲੱਗ ਹੋ ਗਿਆ। ਬੰਸੋ ਲਈ ਏ ਸਹਿਣਾ ਸੌਖਾ ਤਾਂ ਨਹੀਂ ਸੀ ਪਰ ਚਾਚੇ ਤਾਏ ਦੇ ਪਰਿਵਾਰ ਮਿਲ ਕੇ ਬੰਸੋ ਨੂੰ ਦਿਲਾਸਾ ਦਿੰਦੇ ਰਹੇ। ਬੰਸੋ ਤੇ ਜੁਪਾ ਨਵੀਂ ਜਿੰਦਗੀ ਸ਼ੁਰੂ ਕਰ ਗਏ।
ਇਹਨੇ ਨੂੰ ਛਿੰਦੇ ਨੇ ਮੈਨੂੰ ਅਵਾਜ ਮਾਰ ਕੇ ਕਿਹਾ ਬਾਬਾ ਜੀ ਚਾ ਲੈਲੋ ਤਾਂ ਮੈਂ ਵਰਤਮਾਨ ਚ ਵਾਪਿਸ ਪਰਤ ਆਇਆ। ਮੇਰੇ ਤੋਂ ਚਾ ਤਾਂ ਕਿਥੋਂ ਪੀ ਹੋਣੀ ਸੀ ਬਸ ਛਿੰਦੇ ਦੇ ਪੁੱਤ ਦੇ ਸਿਰ ਤੇ ਹੱਥ ਰੱਖਿਆ ਤੇ ਆਪਣੇ ਘਰ ਨੂੰ ਵਾਪਿਸ ਚੱਲ ਪਿਆ। ਰਸਤੇ ਚ ਆਉਂਦਿਆਂ ਬੰਸੋ ਦੀ ਸਾਰੀ ਉਮਰ ਦੀ ਤੱਪਸਿਆ ਮੇਰੇ ਅੱਖਾਂ ਅੱਗੇ ਘੁੰਮ ਰਹੀ ਸੀ ਤੇ ਵਿਰਲਾਪ ਦੀਆਂ ਚੀਕਾਂ ਮੇਰੇ ਕੰਨ ਪਾੜ ਰਹੀਆਂ ਸਨ।
ਲੇਖਕ – ਕੁਲਦੀਪ ਸਿੰਘ ਫਾਜ਼ਿਲਕਾ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ