ਦੇਖੋ ਤਸਵੀਰਾਂ ਅਤੇ ਕਾਰਨ
ਸਿਰਫ ਪੰਝੀ ਵਰ੍ਹਿਆਂ ਦੀ ਛੈਲ ਛਬੀਲੀ ਬ੍ਰਿਟਿਸ਼ ਮੁਟਿਆਰ , ਨਾਮ ਟੈਸ਼ ਯੰਗ , ਜੋ ਵਿੰਚੈਸਟਰ ਕੈਥੇਡਰਾਲ , ਹੈਂਪਸ਼ਾਇਰ ਲਈ ਕੰਮ ਕਰਦੀ ਸੀ । ਇੱਕ ਦਿਨ ਅਚਾਨਕ ਛਾਤੀ ਵਿੱਚ ਦਰਦ ਹੋਇਆ , ਟੈਸਟ ਹੋਏ ਤਾਂ ਪਤਾ ਲੱਗਾ , ਬੜਾ ਨਾਮੁਰਾਦ ਕਿਸਮ ਦਾ ਕੈਂਸਰ ਏ ਸਰੀਰ ਨੂੰ । ਛੇ ਕੁ ਮਹੀਨੇ ਇਲਾਜ ਚੱਲਿਆ ਪਰ ਡਾਕਟਰਾਂ ਨੇ ਹੱਥ ਖੜੇ ਕਰ ਦਿੱਤੇ , ਸਰੀਰ ਅਸਰ ਨਹੀਂ ਸੀ ਕਬੂਲ ਰਿਹਾ ਇਲਾਜ ਦਾ , ਪਤਾ ਲੱਗਾ , ਜਿੰਦਗੀ ਚੰਦ ਦਿਨਾਂ ਦੀ ਖੇਡ ਏ । ਓਹ ਮੋੜ ਆ ਗਿਆ ਜਿੱਥੇ ਸਾਇੰਸ ਵੀ ਬੇਬੱਸ ਹੋ ਜਾਂਦੀ ਏ ਤੇ ਦੁਆਵਾਂ ਵੀ ਬੇਅਸਰ ਹੋ ਜਾਂਦੀਆਂ ਨੇ ।
ਓਸਦਾ ਇੱਕ ਦੋਸਤ ਸੀ , ਸਾਇਮਨ ਯੰਗ ਨਾਮ ਦਾ ,ਜੋ ਟੈਸ਼ ਦੇ ਬੀਮਾਰ ਹੋਣ ਤੋਂ ਪਹਿਲਾਂ ਮਿਲਦਾ ਸੀ ਓਹਨੂੰ ਤੇ ਵਿਆਹ ਲਈ ਪਰਪੋਜ ਕਰਨ ਦਾ ਢੁੱਕਵਾਂ ਮੌਕਾ ਤਲਾਸ਼ ਰਿਹਾ ਸੀ ।ਪਰ ਵਕਤ ਨੇ ਅਜਿਹੇ ਮੋੜ ਤੇ ਲੈ ਆਂਦਾ ਕਿ ਬਸ ਅਬੀ ਨਹੀਂ ਤੋ ਕਬੀ ਨਹੀਂ ।
ਸਾਡੇ ਭਾਈਚਾਰੇ ਦਾ ਕੋਈ ਬਸ਼ਰ ਹੁੰਦਾ ਤਾਂ ਸੌ ਸਲਾਹਾਂ ਕਰਦਾ , ਦੁਹਾਜੂ / ਮਨਹੂਸ ਦਾ ਠੱਪਾ ਲੱਗਣ ਤੋਂ ਡਰਦਾ ,ਕਿਹੜੀ ਪੱਕ ਥਿੱਤ ਸੀ ਕੋਈ, ਨਾ ਕੋਈ ਵਾਅਦਾ । ਪਰ ਓਹ ਰੁਕਿਆ ਨਹੀਂ ।
ਡਾਕਟਰਾਂ ਕੋਲ ਜਾ ਕੇ ਦੱਸਿਆ ਕਿ ਟੈਸ਼ ਨੂੰ ਵਿਆਹੁਣਾ ਚਾਹੁਨਾ, ਏਸਤੋਂ ਪਹਿਲਾਂ ਕਿ ਓਹ ਅੱਖਾਂ ਮੀਟ ਲਵੇ , ਸਦਾ ਲਈ । ਲੌਕ ਡਾਊਨ ਦੇ ਦਰਮਿਆਨ ਹੀ ਡਾਕਟਰੀ ਪ੍ਰਬੰਧਾਂ ਦੇ ਦਰਮਿਆਨ ਦੋਹਾਂ ਦਾ ਵਿਆਹ ਕਰ ਦਿੱਤਾ ਗਿਆ , ਅਨੋਖਾ ਵਿਆਹ , ਜਿਸਦੀ ਕੋਈ ਸੁਹਾਗ ਰਾਤ, ਕੋਈ ਹਨੀਮੂਨ ਨਹੀਂ ਸੀ ਹੋਣਾ , ਸਿਰਫ ਅਲਵਿਦਾ ਹੀ ਕਹਿਣੀ ਸੀ ਚੰਦ ਦਿਨਾਂ ਬਾਅਦ ।
ਉਵੇਂ ਹੀ ਹੋਇਆ , ਮਹੀਨੇ ਦੇ ਅੰਦਰ ਹੀ ਟੈਸ਼ ਤੁਰ ਗਈ । ਸਾਇਮਨ ਵਿਆਹ ਨਾ ਵੀ ਕਰੌਂਦਾ, ਤੁਰਨਾ ਤਾਂ ਫਿਰ ਵੀ ਤੈਅ ਈ ਸੀ । ਪਰ ਸਾਇਮਨ ਨੇ ਓਹਦੇ ਅੰਤਲੇ ਸਮੇਂ ਨੂੰ ਖੁਸ਼ਗਵਾਰ ਜ਼ਰੂਰ ਬਣਾ ਦਿੱਤਾ । ਇਨਸਾਨੀਅਤ ਦੇ ਨਾਤੇ , ਜੋ ਕਰ ਸਕਦਾ ਸੀ , ਓਹ ਕੀਤਾ, ਪੂਰੇ ਤਨੋ ਮਨੋ ਹੋ ਕੇ ।
ਟੈਸ਼ ਦੇ ਤੁਰ ਜਾਣ ਬਾਦ ਓਹਦਾ ਪਰਿਵਾਰ ਤੇ ਸਾਇਮਨ ਕੈਂਸਰ ਲਈ ਫੰਡ ਇਕੱਠਾ ਕਰ ਰਹੇ ਨੇ ਓਸਦੀ ਯਾਦ ਵਿੱਚ ।ਕਿੰਨੇ ਨੇਕ ਹੁੰਦੇ ਨੇ ਕੁਝ ਲੋਕ, ਇਨਸਾਨ ਬੇਸ਼ੱਕ ਤੁਰ ਜਾਵੇ , ਪਰ ਇਨਸਾਨੀਅਤ ਬਚਾ ਲੈਂਦੇ ਨੇ । ਬੜੇ ਸਹਿਜੇ ਹੀ ਮਿਸਾਲ ਬਣ ਜਾਂਦੇ ਨੇ ਦੂਜਿਆਂ ਲਈ , ਬਿਨਾ ਕਿਸੇ ਉਚੇਚ, ਸਨਮਾਨ ਦੀ ਆਸ ਲਾਉਣ ਤੋਂ ।
ਕਿਸੇ ਇਨਸਾਨ ਨੂੰ ਖੁਸ਼ ਕਰਨਾ ਬੜੀ ਚੰਗੀ ਗੱਲ ਏ, ਪਰ ਕਿਸੇ ਮੁੱਕ ਰਹੇ ਇਨਸਾਨ ਨੂੰ ਤ੍ਰਿਪਤੀ ਦੇਣੀ, ਸੱਚੇ ਪਿਆਰ ਦਾ ਇਜ਼ਹਾਰ ਕਰਨਾ , ਮਹਾਨ ਗੱਲ ਏ । ਇਨਸਾਨੀਅਤ ਜ਼ਿੰਦਾਬਾਦ ਰਹਿਣੀ ਬਣਦੀ ਏ , ਹਰ ਹਾਲ ।
ਦਵਿੰਦਰ ਸਿੰਘ ਜੌਹਲ ਯੂ ਕੇ

ਤਾਜਾ ਜਾਣਕਾਰੀ