ਉਹ ਜਦੋਂ ਵੀ ਹੋਟਲ ਆ ਕੇ ਠਹਿਰਦੇ ਤਾਂ ਆਪਣੇ ਡਰਾਈਵਰ ਨੂੰ ਸਟੇਸ਼ਨ ਮੂਹਰੇ ਛੇਹਰਟਾ ਰੋਡ ਤੇ ਨਿੱਕੇ ਜਿਹੇ ਹੋਟਲ ਵਿਚ ਠਹਿਰਾ ਦਿਆ ਕਰਦੇ। ਅਗਲੇ ਦਿਨ ਜਦੋਂ ਵੀ ਹਰਿਮੰਦਰ ਸਾਹਿਬ ਵੱਲ ਨੂੰ ਤੁਰਨ ਲੱਗਦੇ ਤਾਂ ਸਾਡੇ ਹੋਟਲ ਦੇ ਬਾਹਰਲੇ ਗੇਟ ਕੋਲ ਖਲੋਤੇ ਬਜ਼ੁਰਗ ਰਿਕਸ਼ੇ ਵਾਲੇ ਨੂੰ ਵਾਜ ਮਾਰਦੇ ਤੇ ਉਸਨੂੰ ਉਸ ਹੋਟਲ ਚੱਲਣ ਵਾਸਤੇ ਆਖਦੇ ਜਿਥੇ ਓਹਨਾ ਦਾ ਆਪਣਾ ਡਰਾਈਵਰ ਠਹਿਰਿਆ ਹੁੰਦਾ।

ਕੋਈ ਪੰਜ ਕੂ ਮਿੰਟ ਦੀ ਹੀ ਵਾਟ ਹੁੰਦੀ ਸੀ,ਮਗਰੋਂ ਪੰਜਾਹਾਂ ਦਾ ਨੋਟ ਕੱਢ ਉਸਨੂੰ ਫੜਾ ਦਿੰਦੇ ਤੇ ਆਖਦੇ ਕੇ ਗੁਰਮੁਖ ਸਿਆਂ ਸ਼ਾਮਾਂ ਨੂੰ ਚੇਤੇ ਨਾਲ ਪੰਜ ਕੂ ਵਜੇ ਫੇਰ ਇਥੇ ਹੀ ਆ ਜਾਵੀਂ ਤੇ ਮੈਨੂੰ ਵਾਪਿਸ ਮੇਰੇ ਹੋਟਲ ਲੈ ਚੱਲੀਂ। ਓਹਨਾ ਦਾ ਮਹੀਨੇ ਵਿਚ ਕੋਈ ਪੰਜ ਛੇ ਵਾਰ ਤਾਂ ਦਿੱਲੀਓਂ ਅਮ੍ਰਿਤਸਰ ਆਉਣ ਦਾ ਸਬੱਬ ਬਣ ਹੀ ਜਾਇਆ ਕਰਦਾ ਸੀ। ਮੈਂ ਇੱਕ ਵਾਰ ਪੁੱਛ ਹੀ ਲਿਆ ਕੇ ਤੁਸੀਂ ਰਿਖਸ਼ਾ ਕਰ ਪਹਿਲਾਂ ਇਥੋਂ ਸਟੇਸ਼ਨ ਵਾਲੇ ਹੋਟਲ ਜਾਂਦੇ ਹੋ ਤੇ ਫੇਰ ਆਥਣ ਵੇਲੇ ਪਹਿਲਾਂ ਓਥੇ ਆ ਫੇਰ ਰਿਖਸ਼ੇ ਤੇ ਮੁੜ ਇਥੇ ਆਉਂਦੇ ਹੋ,

ਆਪਣੀ ਗੱਡੀ ਅਤੇ ਆਪਣਾ ਡਰਾਈਵਰ ਸਿੱਧਾ ਇਥੇ ਹੀ ਕਿਓਂ ਨਹੀਂ ਮੰਗਵਾ ਲਿਆ ਕਰਦੇ ??ਅੱਗੋਂ ਆਖਣ ਲੱਗੇ ਕੇ ਇਹ ਜਿਹੜਾ ਗੁਰਮੁਖ ਸਿੰਘ ਏ ਨਾ ਰਿਖਸ਼ੇ ਵਾਲਾ,ਇਸਦੀਆਂ ਚਾਰ ਧੀਆਂ ਨੇ..ਤਿੰਨ ਵਿਆਹੁਣ ਜੋਗੀਆਂ ਅਤੇ ਇੱਕ ਵਿਧਵਾ ਹੋ ਕੇ ਘਰੇ ਬੈਠੀ ਹੋਈ ਹੈ। ਮੈਂ ਇਸਨੂੰ ਕਾਫੀ ਅਰਸੇ ਤੋਂ ਜਾਣਦਾ ਹਾਂ। ਮਦਦ ਕਰਨ ਦੀ ਵੀ ਬੜੀ ਕੋਸ਼ਿਸ਼ ਕੀਤੀ ਏ ਕਈ ਵਾਰ। ਪਰ ਪਤਾ ਨੀ ਕਿਹੜੀ ਮਿੱਟੀ ਦਾ ਬਣਿਆ ਏ ਇਹ ਸਿਰੜੀ ਇਨਸਾਨ,ਭੁੱਖਾ ਮਰਦਾ ਹੋਇਆ ਵੀ ਮਦਦ ਲੈਣ ਤੋਂ ਸਾਫ ਇਨਕਾਰ ਕਰ ਦਿੰਦਾ ਏ।

ਬੱਸ ਇਸਦੀ ਇਮਦਾਤ ਕਰਨ ਲਈ ਹੀ ਇਹ ਥੋੜਾ ਟੇਢਾ ਜਿਹਾ ਚੱਕਰ ਚਲਾਉਣਾ ਪੈਂਦਾ ਏ ਤਾਂ ਕੇ ਇਸਦਾ ਸਵੈ-ਮਾਣ ਵੀ ਕਾਇਮ ਰਹਿ ਜਾਵੇ ਤੇ ਮੇਰੀ ਮਦਦ ਵੀ ਸ਼ਰਮਿੰਦਾ ਹੋਣੋ ਬੱਚੀ ਰਹੇ। ਉਸ ਦਿਨ ਇਹ ਗੱਲ ਪਤਾ ਲੱਗਣ ਮਗਰੋਂ ਮੈਂ ਵੀ ਕਦੀ ਕਦੀ ਦੋ ਤਿੰਨ ਫੁਲਕੇ ਬਾਹਰ ਖਲੋਤੇ ਨੂੰ ਭੇਜ ਦੇਣੇ ਸ਼ੁਰੂ ਕਰ ਦਿੱਤੇ ਪਰ ਥੋੜੀ ਕੀਤੀਆਂ ਉਹ ਵੀ ਨਾ ਲੈਂਦਾ। ਆਖਦਾ ਸੋਢੀ ਪਾਤਸ਼ਾਹ ਬਾਬੇ ਰਾਮਦਾਸ ਦਾ ਵਸਾਇਆ ਸ਼ਹਿਰ ਹੋਵੇ ਤੇ ਇਥੇ ਲੰਗਰ ਮਸਤਾਨਾ ਹੋ ਜਾਵੇ,ਇਹ ਕਿੱਦਾਂ ਹੋ ਸਕਦਾ ?ਗੁਰਮੁਖ ਸਿੰਘ ਤਾਂ 2005 ਵਿਚ ਮੇਰੇ ਕਨੇਡਾ ਆਉਣ ਕੁਝ ਮਹੀਨੇ ਬਾਅਦ ਹੀ ਪੂਰਾ ਹੋ ਗਿਆ ਪਰ ਉਹ ਦਿੱਲੀ ਵਾਲੇ ਸਰਦਾਰ ਜੀ ਹੁਣੇ ਹੁਣੇ ਜਹਾਨੋ ਰੁਖਸਤ ਹੋਏ ਨੇ।

ਬਰਫ਼ਾਂ ਦੀ ਹਿੱਕ ਤੇ ਤੁਰਦਿਆਂ ਤੁਰਦਿਆਂ ਜਦੋਂ ਕਦੀ ਸੋਚ ਵਾਲੇ ਪੰਛੀ ਮੁੜ ਅਮ੍ਰਿਤਸਰ ਵੱਲ ਨੂੰ ਉਡਾਰੀ ਮਾਰ ਜਾਂਦੇ ਨੇ ਤਾਂ ਅੱਜ ਵੀ ਚਿੱਟੇ ਦਾਹੜੇ ਵਾਲੀਆਂ ਕਈ ਰੂਹਾਂ ਅਣਗਿਣਤ ਗੁਰਮੁਖਾਂ ਨਾਲ ਸਾਂਝ ਪਾਈ ਗੁਰੂ ਨਗਰੀ ਵਿਚ ਤੁਰਦੀਆਂ ਫਿਰਦੀਆਂ ਅਕਸਰ ਹੀ ਨਜ਼ਰੇ ਪੈ ਜਾਂਦੀਆਂ ਨੇ। (ਫੋਟੋ ਵਿਚਲਾ ਇਨਸਾਨ ਗੁਰਮੁਖ ਸਿੰਘ ਨਹੀਂ ਹੈ ਪਰ ਮੁਹਾਂਦਰਾ ਕਾਫੀ ਹੱਦ ਤੱਕ ਮਿਲਦਾ ਜੁਲਦਾ ਹੀ ਹੈ)


  ਵਾਇਰਲ
                               
                               
                               
                                 
                                                                    

