ਮੋਗਾ ਵਿਖੇ ਛੱਪੜ ‘ਚੋਂ ਮਿਲੀਆਂ 2 ਫੌਜੀ ਜਵਾਨਾਂ ਦੀਆਂ ਲਾਸ਼ਾਂ ,ਇਲਾਕੇ ‘ਚ ਸੋਗ ਦੀ ਲਹਿਰ:ਮੋਗਾ : ਮੋਗਾ ਦੇ ਪਿੰਡ ਭਿੰਡਰ ਖੁਰਦ ਵਿਖੇ ਛੱਪੜ ਵਿਚੋਂ 2 ਫੌਜੀ ਜਵਾਨਾਂ ਦੀਆਂ ਲਾਸ਼ਾਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਇਹਨਾਂ ਵਿਚੋਂ ਇਕ ਫੌਜੀ ਜਵਾਨ ਸੁਰਜੀਤ ਸਿੰਘ ਇਸੇ ਪਿੰਡ ਦਾ ਵਸਨੀਕ ਹੈ ਜਦਕਿ ਦੂਸਰਾ ਜਵਾਨ ਹਰਪ੍ਰੀਤ ਸਿੰਘ ਪਿੰਡ ਬਾਲਕੰਡਾ ਰੋਪੜ ਜ਼ਿਲੇ ਨਾਲ ਸਬੰਧਤ ਹੈ।
ਇਸ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਸੁਰਜੀਤ ਸਿੰਘ ਇਸੇ ਐਤਵਾਰ ਆਪਣੇ ਪਰਿਵਾਰ ਨੂੰ ਮਿਲਣ ਉਪਰੰਤ ਜਲੰਧਰ ਵਿਖੇ ਫੌਜੀ ਸਕੂਲ ਵਿਚ 13 ਮੀਡੀਅਮ ਯੁਨਿਟ ਅਧੀਨ ਆਪਣੀ ਡਿਊਟੀ ’ਤੇ ਹਾਜ਼ਰ ਹੋ ਗਿਆ ਸੀ ਪਰ ਜਦ ਉਸ ਨੂੰ ਪਤਾ ਲੱਗਿਆ ਕਿ ਸੋਮਵਾਰ ਸ਼ਿਵਰਾਤਰੀ ਦੀ ਛੁੱਟੀ ਹੈ ਤਾਂ ਉਹ ਫਿਰ ਐਤਵਾਰ ਨੂੰ ਹੀ ਦੇਰ ਰਾਤ ਆਪਣੇ ਦੋਸਤ ਦੂਸਰੇ ਫੌਜੀ ਜਵਾਨ ਹਰਪ੍ਰੀਤ ਨਾਲ ਕਾਰ ’ਤੇ ਮੋਗਾ ਨੇੜਲੇ ਆਪਣੇ ਪਿੰਡ ਭਿੰਡਰ ਲਈ ਰਵਾਨਾ ਹੋਇਆ ਪਰ ਘਰ ਨਾ ਪਹੁੰਚਿਆ।ਜਿਸ ਤੋਂ ਬਾਅਦ ਉਸ ਨੇ ਜਲਾਲਾਬਾਦ ਪਿੰਡ ਕੋਲ ਆ ਕੇ ਆਪਣੇ ਘਰ ਫੋਨ ਕੀਤਾ ਕਿ ‘‘ਗੇਟ ਖੁੱਲਾ ਰੱਖਿਓ ਮੈਂ ਆ ਰਿਹਾ ਹਾਂ’’ ਪਰ ਉਹ ਘਰ ਨਾ ਪਹੁੰਚਿਆ।
ਫੌਜ ਦੇ ਅਧਿਕਾਰੀ ਅਤੇ ਪਰਿਵਾਰਕ ਮੈਂਬਰ ਪਿਛਲੇ ਤਿੰਨ ਦਿਨਾਂ ਤੋਂ ਸੁਰਜੀਤ ਸਿੰਘ ਅਤੇ ਹਰਪ੍ਰੀਤ ਦੀ ਤਲਾਸ਼ ਕਰ ਰਹੇ ਸਨ।ਉਨ੍ਹਾਂ ਦੇ ਫੋਨ ਦੀ ਲੋਕੇਸ਼ਨ ਪਿੰਡ ਭਿੰਡਰ ਦੇ ਨੇੜੇ ਹੋਣ ਕਰਕੇ ਤਫਤੀਸ਼ ਅੱਗੇ ਨਹੀਂ ਵੱਧ ਰਹੀ ਸੀ।ਅੱਜ ਪਿੰਡ ਤੋਂ ਬਾਹਰਵਾਰ ਸੜਕ ਦੇ ਬਿੱਲਕੁੱਲ ਨਾਲ ਵਾਲੇ ਛੱਪੜ ਵਿਚ ਇਕ ਕਾਰ ਦਾ ਟਾਇਰ ਦਿਖਾਈ ਦੇਣ ਨਾਲ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ।ਜਦੋਂ ਜੇ.ਸੀ.ਬੀ ਦੀ ਮਦਦ ਨਾਲ ਕਾਰ ਬਾਹਰ ਕੱਢੀ ਗਈ ਤਾਂ ਕਾਰ ਵਿਚੋਂ ਦੋ ਫੌਜੀ ਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ ਜੋ ਸੁਰਜੀਤ ਸਿੰਘ ਅਤੇ ਹਰਪ੍ਰੀਤ ਦੀਆਂ ਹੀ ਸਨ।
ਇਸ ਵਾਰਦਾਤ ਤੋਂ ਬਾਅਦ ਪੁਲਿਸ ਵੱਲੋਂ ਸਾਰੀ ਘਟਨਾ ਦੀ ਤਫਤੀਸ਼ ਕੀਤੀ ਜਾ ਰਹੀ ਹੈ ਕਿ ਆਖਿਰ ਦੁਰਘਟਨਾ ਦਾ ਕਾਰਨ ਕੀ ਹੈ।ਮ੍ਰਿਤਕ ਸੁਰਜੀਤ ਸਿੰਘ ਦੇ ਦੋ ਛੋਟੇ ਲੜਕੇ ਹਨ।ਵਰਣਨਯੋਗ ਹੈ ਕਿ ਜਲਾਲਾਬਾਦ ਭਿੰਡਰ ਕਲਾਂ ਸੜਕ ’ਤੇ ਇਸ ਵਿਸ਼ਾਲ ਛੱਪੜ ਨੇੜੇ ਅਕਸਰ ਸੜਕ ’ਤੇ ਅਵਾਰਾ ਪਸ਼ੂ ਫਿਰਦੇ ਰਹਿੰਦੇ ਹਨ ਅਤੇ ਲੋਕਾਂ ਦਾ ਆਖਣਾ ਹੈ ਕਿ ਹੋ ਸਕਦਾ ਹੈ ਕਿ ਕਿਸੇ ਆਵਾਰਾ ਪਸ਼ੂ ਦੇ ਅੱਗੇ ਆ ਜਾਣ ਕਰਕੇ ਸੁਰਜੀਤ ਸਿੰਘ ਕਾਰ ਦਾ ਸੰਤੁਲਨ ਗੁਆ ਬੈਠਾ ਹੋਵੇ।
ਜ਼ਿਕਰਯੋਗ ਹੈ ਕਿ ਮੋਗਾ ਨੇੜਲੇ ਲੋਕ ਅਜੇ ਪੁਲਵਾਮਾ ਹਮਲੇ ਦੌਰਾਨ ਸ਼ਹੀਦ ਹੋਏ ਜੈਮਲ ਸਿੰਘ ਦੇ ਸਦਮੇਂ ਵਿਚੋਂ ਬਾਹਰ ਨਹੀਂ ਆਏ ਸਨ ਕਿ ਅੱਜ ਭਾਰਤੀ ਫੌਜ ਦੇ ਦੋ ਹੋਰ ਜਵਾਨ ਹਾਦਸੇ ਦਾ ਸ਼ਿਕਾਰ ਹੋ ਗਏ ਹਨ।
ਤਾਜਾ ਜਾਣਕਾਰੀ