ਹੁਣੇ ਆਈ ਤਾਜਾ ਵੱਡੀ ਖਬਰ
ਨਾਭਾ ‘ਚ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੀ ਹੱਟਿਆ ਤੋਂ ਬਾਅਦ ਡੇਰਾ ਸਿਰਸਾ ਸਮਰਥਕਾਂ ‘ਚ ਪਾਏ ਜਾ ਰਹੇ ਰੋਸ ਨੂੰ ਮੁੱਖ ਰੱਖ ਕੇ ਰਾਜ ਸਰਕਾਰ ਵੱਲੋਂ ਮਾਲਵੇ ਦੇ ਉਨ੍ਹਾਂ ਜ਼ਿਲ੍ਹਿਆਂ ਵਿਚ ਰੈੱਡ ਅਲਰਟ ਜਾਰੀ ਕੀਤਾ ਹੈ, ਜਿਥੇ ਡੇਰਾ ਸਮਰਥਕਾਂ ਦੀ ਕਾਫ਼ੀ ਗਿਣਤੀ ਹੈ। ਘਟਨਾ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਦੇ ਗ੍ਰਹਿ ਸਕੱਤਰ ਅਤੇ ਡੀ.ਜੀ.ਪੀ. ਨਾਲ ਗੱਲਬਾਤ ਕਰਕੇ ਹਾਲਾਤ ਦਾ ਜਾਇਜ਼ਾ ਲਿਆ ਗਿਆ।
ਦੱਸ ਦਈਏ ਕਿ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਬੇਅਦਬੀ ਦਾ ਮੁੱਖ ਮੁਲਜ਼ਮ ਸੀ। ਉਸ ਨੇ ਮਈ 2015 ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੇ ਸਤੰਬਰ 2015 ‘ਚ ਬਰਗਾੜੀ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ। ਇਸ ਮਾਮਲੇ ਵਿਚ ਮਹਿੰਦਰਪਾਲ ਬਿੱਟੂ ਸਮੇਤ ਚਾਰ ਡੇਰਾ ਪ੍ਰੇਮੀਆਂ ‘ਤੇ ਮਾਮਲਾ ਦਰਜ ਕੀਤਾ ਗਿਆ ਸੀ।
ਸੂਚਨਾ ਅਨੁਸਾਰ ਸਰਕਾਰ ਵੱਲੋਂ ਅਹਿਤਿਆਤ ਵਜੋਂ ਕੇਂਦਰ ਤੋਂ ਕੇਂਦਰੀ ਸੁਰੱਖਿਆ ਬਲਾਂ ਦੀ ਨਫ਼ਰੀ ਪ੍ਰਾਪਤ ਕਰਨ ਦਾ ਵੀ ਫ਼ੈਸਲਾ ਲਿਆ, ਤਾਂ ਜੋ ਸੰਗਰੂਰ, ਬਰਨਾਲਾ, ਬਠਿੰਡਾ, ਮੋਗਾ, ਫ਼ਰੀਦਕੋਟ, ਮੁਕਤਸਰ ਅਤੇ ਫ਼ਿਰੋਜ਼ਪੁਰ ਆਦਿ ਖੇਤਰਾਂ ਵਿਚ ਲੋੜ ਅਨੁਸਾਰ ਵਾਧੂ ਬਲ ਤਾਇਨਾਤ ਕੀਤੇ ਜਾ ਸਕਣ।
ਰਾਜ ਦੇ ਮੁੱਖ ਸਕੱਤਰ ਅਤੇ ਗ੍ਰਹਿ ਸਕੱਤਰ ਵੱਲੋਂ ਇਨ੍ਹਾਂ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਲੋੜੀਂਦੇ ਅਹਿਤਿਆਤੀ ਕਦਮ ਚੁੱਕਣ, ਸਰਕਾਰੀ ਜਾਇਦਾਦ ਦੀ ਹਿਫ਼ਾਜ਼ਤ ਕਰਨ ਅਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਵਧਾਉਣ ਅਤੇ ਲੋੜ ਅਨੁਸਾਰ ਆਪਣੇ ਖੇਤਰਾਂ ‘ਚ ਧਾਰਾ 144 ਲਾਗੂ ਕਰਨ ਦੇ ਵੀ ਆਦੇਸ਼ ਦਿੱਤੇ ਹਨ।
ਇਨ੍ਹਾਂ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਲੋੜ ਅਨੁਸਾਰ ਸਥਾਨਕ ਪੱਧਰ ‘ਤੇ ਹੀ ਹਾਲਾਤ ਨਾਲ ਨਿਪਟਣ ਲਈ ਕਾਰਵਾਈ ਕਰਨ ਲਈ ਅਧਿਕਾਰਤ ਹਨ। ਇਨ੍ਹਾਂ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਜੇਕਰ ਕੋਈ ਗੜਬੜ ਵਾਲੇ ਹਾਲਾਤ ਪੈਦਾ ਹੁੰਦੇ ਹਨ ਤਾਂ ਉਨ੍ਹਾਂ ਨੂੰ ਰੋਕਣ ਲਈ ਉਹ ਸਥਾਨਕ ਪੱਧਰ ‘ਤੇ ਕਰਫ਼ਿਊ ਆਦਿ ਲਗਾਉਣ ਦਾ ਫ਼ੈਸਲਾ ਵੀ ਲੈ ਸਕਦੇ ਹਨ।
ਤਾਜਾ ਜਾਣਕਾਰੀ