ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਵਿਚਕਾਰ ਵਿਵਾਦ ਕਾਰਨ ਮੰਤਰੀਆਂ ਦੇ ਵਿਭਾਗਾਂ ‘ਚ ਫੇਰਬਦਲ ਦੇ ਚਰਚੇ ਜ਼ੋਰ ਫੜ ਰਹੇ ਹਨ। ਪੰਜਾਬ ਸਕਤਰੇਤ ਦੇ ਗਲਿਆਰੇ ਅਤੇ ਸਿਆਸੀ ਹਲਕਿਆਂ ‘ਚ ਵੀ ਇਸ ਗੱਲ ਦੀ ਚਰਚਾ ਛਿੜੀ ਹੋਈ ਹੈ। ਸੂਤਰਾਂ ਦੀ ਮੰਨੀਏ ਤਾਂ ਮੁੱਖ ਮੰਤਰੀ ਦਫ਼ਤਰ ਨਾਲ ਸਬੰਧਤ ਉਚ ਅਧਿਕਾਰੀਆਂ ਵਲੋਂ ਵੀ ਇਸ ਸਬੰਧੀ ਮੰਤਰੀਆਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਹੋਮਵਰਕ ਸ਼ੁਰੂ ਹੋ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੋਟਾਂ ਦੀ ਗਿਣਤੀ ਵਾਲੇ ਦਿਨ ਹੀ ਸਿੱਧੂ ਖਿਲਾਫ਼ ਖੁੱਲ੍ਹੇ ਤੌਰ ‘ਤੇ ਪਹਿਲੀ ਵਾਰ ਸਖ਼ਤ ਬਿਆਨ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਕਈ ਮੰਤਰੀਆਂ ਨੇ ਵੀ ਮੁੱਖ ਮੰਤਰੀ ਦੇ ਵਿਚਾਰਾਂ ਦਾ ਸਮਰਥਨ ਕਰਦਿਆਂ ਸਿੱਧੂ ਨੂੰ ਮੰਤਰੀ ਮੰਡਲ ‘ਚੋਂ ਬਰਖਾਸਤ ਕਰਨ ਦੀ ਮੰਗ ਸ਼ੁਰੂ ਕਰ ਦਿੱਤੀ ਸੀ।
ਭਾਵੇਂ ਕਿ ਕੁੱਝ ਕੁ ਮੰਤਰੀ ਇਸ ਮਾਮਲੇ ‘ਤੇ ਹਾਲੇ ਕੁੱਝ ਨਹੀਂ ਬੋਲ ਰਹੇ। ਨਤੀਜਿਆਂ ਤੋਂ ਬਾਅਦ ਕਈ ਮੰਤਰੀਆਂ ਅਤੇ ਵਿਧਾਇਕਾਂ ਦੇ ਹਲਕਿਆਂ ‘ਚ ਵੋਟਾਂ ਘਟਣ ਦੀ ਚਰਚਾ ਦੇ ਸੰਦਰਭ ‘ਚ ਵੀ ਮੁੱਖ ਮੰਤਰੀ ਤੋਂ ਉਨ੍ਹਾਂ ਦੇ ਕੀਤੇ ਐਲਾਨ ਮੁਤਾਬਕ ਮੰਗ ਉੱਠਣ ਲੱਗੀ ਕਿ ਉਹ ਇਸ ਸਬੰਧੀ ਕਾਰਵਾਈ ਕਰਨ। 5 ਮੰਤਰੀਆਂ ਤੇ 24 ਵਿਧਾਇਕਾਂ ਦੇ ਹਲਕਿਆਂ ‘ਚ ਕਾਂਗਰਸ ਉਮੀਦਵਾਰਾਂ ਦੀ ਵਿਰੋਧੀਆਂ ਦੇ ਮੁਕਾਬਲੇ ਲੀਡ ਘਟੀ ਹੈ।
ਮੁੱਖ ਮੰਤਰੀ ਇਸ ਦੇ ਸੰਦਰਭ ‘ਚ ਹੁਣ ਮੰਤਰੀਆਂ ਦੇ ਵਿਭਾਗਾਂ ‘ਚ ਫੇਰਬਦਲ ਕਰਨ ਦੀ ਸੋਚ ਰਹੇ ਹਨ ਅਤੇ ਜੇਕਰ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਵਲੋਂ ਉਨ੍ਹਾਂ ਨੂੰ ਸਿੱਧੂ ਦੇ ਵਿਭਾਗ ‘ਚ ਤਬਦੀਲੀ ਦੀ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਵੋਟਾਂ ਦੀ ਕਾਰਗੁਜ਼ਾਰੀ ਦੇ ਆਧਾਰ ‘ਤੇ ਕੁੱਝ ਹੋਰ ਮੰਤਰੀਆਂ ਦੇ ਵਿਭਾਗਾਂ ‘ਚ ਵੀ ਤਬਦੀਲੀ ਹੋ ਸਕਦੀ ਹੈ। ਮੁੱਖ ਮੰਤਰੀ ਸ਼ਹਿਰੀ ਖੇਤਰ ‘ਚ ਵੋਟ ਘਟਣ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਤੇ ਇਸੇ ਆਧਾਰ ‘ਤੇ ਉਹ ਸਿੱਧੂ ਦਾ ਸ਼ਹਿਰਾਂ ਨਾਲ ਸਬੰਧਤ ਲੋਕਲ ਬਾਡੀਜ਼ ਵਿਭਾਗ ਬਦਲਣ ਦੀ ਰਾਹੁਲ ਗਾਂਧੀ ਤੋਂ ਮਨਜ਼ੂਰੀ ਲੈਣਾ ਚਾਹੁੰਦੇ ਹਨ।
ਭਾਵੇਂ ਹਾਲੇ ਤੱਕ ਰਾਹੁਲ ਗਾਂਧੀ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਸਮਾ ਨਹੀਂ ਮਿਲਿਆ ਪਰ ਇਕ ਦੋ ਦਿਨ ਬਾਅਦ ਮੁਲਾਕਾਤ ਹੋਣ ਤੋਂ ਬਾਅਦ ਸਾਰੀ ਸਥਿਤੀ ਸਪੱਸ਼ਟ ਹੋ ਸਕਦੀ ਹੈ। ਮੁੱਖ ਮੰਤਰੀ ਦਫ਼ਤਰ ਦੇ ਉਚ ਪੱਧਰੀ ਸੂਤਰਾਂ ਅਨੁਸਾਰ ਸਿੱਧੂ ਦਾ ਵਿਭਾਗ ਬਦਲਿਆ ਜਾਂਦਾ ਹੈ ਤਾਂ ਇਹ ਦੂਜੇ ਨੰਬਰ ਦੇ ਸੀਨੀਅਰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਜਾਂ ਫਿਰ ਸਿੱਖਿਆ ਮੰਤਰੀ ਓ. ਪੀ. ਸੋਨੀ ਨੂੰ ਮਿਲ ਸਕਦਾ ਹੈ। ਸਿੱਧੂ ਨੂੰ ਸਿੱਖਿਆ ਵਿਭਾਗ ਦਿੱਤੇ ਜਾਣ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।
ਸੂਤਰਾਂ ਦੀ ਮੰਨੀਏ ਤਾਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦਾ ਸ਼ਹਿਰੀ ਵਿਕਾਸ ਵਿਭਾਗ ਤਬਦੀਲ ਕਰਕੇ ਉਨ੍ਹਾਂ ਨੂੰ ਕੋਈ ਹੋਰ ਬਰਾਬਰ ਦਾ ਵਿਭਾਗ ਦਿੱਤਾ ਜਾ ਸਕਦਾ ਹੈ। ਜੇਕਰ ਵੋਟਾਂ ਦੀ ਕਾਰਗੁਜ਼ਾਰੀ ਦੇ ਆਧਾਰ ‘ਤੇ ਮੰਤਰੀਆਂ ਦੇ ਵਿਭਾਗ ਬਦਲੇ ਗਏ ਤਾਂ ਮਨਪ੍ਰੀਤ ਬਾਦਲ ਦਾ ਵਿੱਤ ਵਿਭਾਗ, ਅਰੁਣਾ ਚੌਧਰੀ ਦਾ ਟ੍ਰਾਂਸਪੋਰਟ ਵਿਭਾਗ, ਸ਼ਾਮ ਸੁੰਦਰ ਅਰੋੜਾ ਦਾ ਇੰਡਸਟਰੀ ਤੇ ਵਿਜੇ ਇੰਦਰ ਸਿੰਗਲਾ ਦੇ ਲੋਕ ਨਿਰਮਾਣ ਵਿਭਾਗ ਵਿਚ ਫੇਰਬਦਲ ਕਰਕੇ ਇਕ ਦੂਜੇ ਨਾਲ ਤਬਦੀਲ ਕੀਤੇ ਜਾ ਸਕਦੇ ਹਨ ਪਰ ਇਹ ਸਭ ਕੁੱਝ ਰਾਹੁਲ ਗਾਂਧੀ ਦੀ ਪ੍ਰਵਾਨਗੀ ਮਿਲਣ ‘ਤੇ ਹੀ ਨਿਰਭਰ ਹੈ।

ਤਾਜਾ ਜਾਣਕਾਰੀ